ਵਧੇਗੀ ਸੋਨੇ ਦੀ ਚਮਕ, ਇਨ੍ਹਾਂ ਸੈਕਟਰ ''ਚ ਵਧਿਆ ਨਿਵੇਸ਼ਕਾਂ ਦਾ ਰੁਝਾਨ

Wednesday, Jan 01, 2025 - 10:26 AM (IST)

ਵਧੇਗੀ ਸੋਨੇ ਦੀ ਚਮਕ, ਇਨ੍ਹਾਂ ਸੈਕਟਰ ''ਚ ਵਧਿਆ ਨਿਵੇਸ਼ਕਾਂ ਦਾ ਰੁਝਾਨ

ਨਵੀਂ ਦਿੱਲੀ (ਭਾਸ਼ਾ) – ਸੁਰੱਖਿਅਤ ਨਿਵੇਸ਼ ਦੇ ਰੂਪ ’ਚ ਸੋਨੇ ਦਾ ਭਾਅ ਨਵੇਂ ਸਾਲ ’ਚ ਵੀ ਰਿਕਾਰਡ ਤੋੜਦਾ ਰਹੇਗਾ ਅਤੇ ਇਹ 85,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਭੂ-ਸਿਆਸੀ ਤਣਾਅ ਅਤੇ ਗਲੋਬਲ ਆਰਥਿਕ ਬੇਯਕੀਨੀ ਵਿਚਾਲੇ ਘਰੇਲੂ ਬਾਜ਼ਾਰ ’ਚ ਇਹ 90,000 ਰੁਪਏ ਦੇ ਪੱਧਰ ਤੱਕ ਵੀ ਜਾ ਸਕਦਾ ਹੈ।

ਕਰੰਸੀ ਨੀਤੀ ’ਚ ਨਰਮ ਰੁਖ ਅਤੇ ਕੇਂਦਰੀ ਬੈਂਕਾਂ ਦੀ ਖਰੀਦ ਨਾਲ ਵੀ ਇਸ ਦੇ ਭਾਅ ਵਧਣਗੇ। ਹਾਲਾਂਕਿ ਭੂ-ਸਿਆਸੀ ਸੰਕਟ ਘੱਟ ਹੋਣ ’ਤੇ ਰੁਪਏ ’ਚ ਗਿਰਾਵਟ ਰੁਕੇਗੀ, ਜਿਸ ਨਾਲ ਸੋਨੇ ਦੀ ਕੀਮਤ ’ਚ ਵੀ ਨਰਮੀ ਆ ਸਕਦੀ ਹੈ। ਮੌਜੂਦਾ ਸਮੇਂ ’ਚ ਹਾਜ਼ਰ ਬਾਜ਼ਾਰ ’ਚ ਸੋਨੇ ਦਾ ਭਾਅ 79,350 ਰੁਪਏ ਪ੍ਰਤੀ 10 ਗ੍ਰਾਮ ਅਤੇ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਵਾਅਦਾ ਕਾਰੋਬਾਰ ’ਚ 76,600 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਿਹਾ ਹੈ।

ਸੋਨੇ ਦੀ ਕੀਮਤ ਇਸ ਸਾਲ 30 ਅਕਤੂਬਰ ਨੂੰ 82,400 ਰੁਪਏ ਪ੍ਰਤੀ 10 ਗ੍ਰਾਮ ਦੇ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਈ ਸੀ। ਚਾਂਦੀ ਵੀ ਪਿੱਛੇ ਨਹੀਂ ਰਹੀ ਅਤੇ ਇਹ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈ।

ਗਲੋਬਲ ਤਣਾਅ ਨਾਲ ਵਧੇਗੀ ਸੋਨੇ ਦੀ ਚਮਕ!

ਵਿਸ਼ਵ ਪੱਧਰ ’ਤੇ ਕਾਮੈਕਸ ਸੋਨਾ ਵਾਅਦਾ ਨੇ ਸਾਲ ਦੀ ਸ਼ੁਰੂਆਤ ਲੱਗਭਗ 2,062 ਡਾਲਰ ਪ੍ਰਤੀ ਔਂਸ ’ਤੇ ਕੀਤੀ ਅਤੇ 31 ਅਕਤੂਬਰ ਨੂੰ 2,790 ਡਾਲਰ ਪ੍ਰਤੀ ਔਂਸ ਦੇ ਉੱਚਤਮ ਪੱਧਰ ’ਤੇ ਪਹੁੰਚ ਗਿਆ। ਮਾਹਿਰਾ ਦਾ ਮੰਨਣਾ ਹੈ ਕਿ ਭੂ-ਸਿਆਸੀ ਤਣਾਅ, ਕੇਂਦਰੀ ਬੈਂਕ ਦੀ ਖਰੀਦ ਅਤੇ ਮੁੱਖ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ’ਚ ਕਮੀ ਵੱਲ ਰੁਖ ਕਰਨ ਨਾਲ 2025 ’ਚ ਵੀ ਸੋਨੇ ਦੀ ਚਮਕ ਵਧੇਗੀ।

ਐੱਲ. ਕੇ. ਪੀ. ਸਕਿਓਰਿਟੀਜ਼ ਦੇ ਉੱਪ ਪ੍ਰਧਾਨ ਖੋਜ ਵਿਸ਼ਲੇਸ਼ਕ (ਜਿੰਸ ਅਤੇ ਕਰੰਸੀ) ਜਤਿਨ ਤ੍ਰਿਵੇਦੀ ਨੇ ਦੱਸਿਆ ਕਿ 2025 ’ਚ ਸੋਨੇ ਦਾ ਦ੍ਰਿਸ਼ ਹਾਂਪੱਖੀ ਬਣਿਆ ਹੋਇਆ ਹੈ, ਹਾਲਾਂਕਿ 2024 ਦੇ ਮੁਕਾਬਲੇ ’ਚ ਵਾਧੇ ਦੀ ਗਤੀ ਹੌਲੀ ਹੋ ਸਕਦੀ ਹੈ।

ਉਨ੍ਹਾਂ ਕਿਹਾ,‘ਘਰੇਲੂ ਪੱਧਰ ’ਤੇ ਸੋਨੇ ਦੀ ਕੀਮਤ 85,000 ਰੁਪਏ ਤੱਕ ਪਹੁੰਚਣ ਦੀ ਉਮੀਦ ਹੈ ਜਦਕਿ ਵਧੀਆ ਹਾਲਾਤ ’ਚ ਇਹ 90,000 ਰੁਪਏ ਤੱਕ ਪਹੁੰਚ ਸਕਦੀ ਹੈ। ਜੇ ਭੂ-ਸਿਆਸੀ ਤਣਾਅ ਜਾਰੀ ਰਹਿੰਦਾ ਹੈ ਜਾਂ ਵਧਦਾ ਹੈ ਤਾਂ ਚਾਂਦੀ ਦੀਆਂ ਕੀਮਤਾਂ ਮਾਮੂਲੀ ਬੜ੍ਹਤ ਦੇ ਨਾਲ 1.1 ਲੱਖ ਰੁਪਏ ਤੱਕ ਜਾਂ 1.25 ਲੱਖ ਰੁਪਏ ਤੱਕ ਵੀ ਪਹੁੰਚ ਸਕਦੀਆਂ ਹਨ।’

ਤ੍ਰਿਵੇਦੀ ਨੇ ਕਿਹਾ ਕਿ ਵਿਆਜ ਦਰ ਚੱਕਰ ਵੀ ਮਹੱਤਵਪੂਰਨ ਹੈ ਕਿਉਂਕਿ ਘੱਟ ਵਿਆਜ ਦਰਾਂ ਵੱਲ ਗਲੋਬਲ ਬਦਲਾਅ ਨਾਲ ਬਾਜ਼ਾਰਾਂ ’ਚ ਨਕਦੀ ਆਏਗੀ ਅਤੇ ਅਮਰੀਕੀ ਡਾਲਰ ਕਮਜ਼ੋਰ ਹੋਵੇਗਾ, ਜਿਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਹੁਲਾਰਾ ਮਿਲੇਗਾ।

ਗੋਲਡ ਈ. ਟੀ. ਐੱਫ. ’ਚ ਵਧਿਆ ਨਿਵੇਸ਼

ਕਾਮਾ ਜਿਊਲਰੀ ਦੇ ਐੱਮ. ਡੀ. ਕੋਲਿਨ ਸ਼ਾਹ ਨੇ ਕਿਹਾ ਕਿ ਦਸੰਬਰ ਮਹੀਨੇ ’ਚ ਵੀ ਸੋਨੇ ’ਚ ਜ਼ੋਰਦਾਰ ਨਿਵੇਸ਼ ਰਿਹਾ ਹੈ, ਜੋ ਨਿਵੇਸ਼ ਪੋਰਟਫੋਲੀਓ ’ਚ ਸੋਨੇ ਨੂੰ ਦਿੱਤੀ ਜਾ ਰਹੀ ਪਹਿਲ ਨੂੰ ਦਰਸਾ ਰਿਹਾ ਹੈ। ਗੋਲਡ ਈ. ਟੀ. ਐੱਫ. ’ਚ ਨਿਵੇਸ਼ ਨਾਲ ਵੀ ਇਸ ਨੂੰ ਸਹਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਸੋਨੇ ਦੀ ਡਿਮਾਂਡ ’ਚ ਮਜ਼ਬੂਤੀ ਬਣੀ ਰਹੇਗੀ ਅਤੇ ਲੰਬੀ ਮਿਆਦ ’ਚ ਸੋਨਾ 3,000 ਡਾਲਰ ਪ੍ਰਤੀ ਅੌਂਸ ਤੱਕ ਜਾ ਸਕਦਾ ਹੈ।


author

Harinder Kaur

Content Editor

Related News