ਇਨ੍ਹਾਂ ਦੇਸ਼ਾਂ ਤੋਂ ਆਉਂਦਾ ਹੈ ਸਭ ਤੋਂ ਵੱਧ ਸੋਨਾ, ਦਰਾਮਦ ਵਧਣ ਕਾਰਨ ਵਧਿਆ ਵਪਾਰ ਘਾਟਾ
Saturday, Apr 19, 2025 - 10:39 AM (IST)

ਨਵੀਂ ਦਿੱਲੀ (ਭਾਸ਼ਾ) : ਹਾਲ ਹੀ ਦੇ ਸਮੇਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਕਾਰਨ, ਦੇਸ਼ ਦਾ ਸੋਨੇ ਦਾ ਦਰਾਮਦ ਮਾਰਚ 2025 ਵਿਚ 192.13 ਫੀਸਦੀ ਵਧ ਕੇ 4.47 ਅਰਬ ਡਾਲਰ ਹੋ ਗਿਆ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਜਨਵਰੀ 2024 ਵਿਚ, ਭਾਰਤ ਨੇ 1.53 ਅਰਬ ਡਾਲਰ ਦਾ ਸੋਨਾ ਦਰਾਮਦ ਕੀਤਾ। ਵਿੱਤੀ ਸਾਲ 2024-25 ਵਿਚ ਦੇਸ਼ ਦਾ ਕੁੱਲ ਸੋਨੇ ਦਾ ਦਰਾਮਦ 27.27 ਫੀਸਦੀ ਵਧ ਕੇ 58 ਅਰਬ ਡਾਲਰ ਹੋ ਗਿਆ, ਜਦ ਕਿ 2023-24 ਵਿਚ ਇਹ 45.54 ਅਰਬ ਡਾਲਰ ਸੀ।
ਚਾਂਦੀ ਦੀ ਦਰਾਮਦ ’ਚ ਵੱਡੀ ਗਿਰਾਵਟ
ਹਾਲਾਂਕਿ ਚਾਂਦੀ ਦੀ ਦਰਾਮਦ ’ਚ ਭਾਰੀ ਗਿਰਾਵਟ ਆਈ ਹੈ। ਇਸ ਸਾਲ ਮਾਰਚ ’ਚ ਚਾਂਦੀ ਦੀ ਦਰਾਮਦ 85.4 ਫੀਸਦੀ ਘਟ ਕੇ 11.93 ਕਰੋੜ ਡਾਲਰ ਰਹਿ ਗਈ। ਇਹ 2024-25 ਵਿਚ ਸਾਲਾਨਾ ਆਧਾਰ ’ਤੇ 11.24 ਫੀਸਦੀ ਘੱਟ ਕੇ 4.82 ਅਰਬ ਡਾਲਰ ਰਹਿ ਗਿਆ।
ਸਵਿਟਜ਼ਰਲੈਂਡ ਤੋਂ ਆਉਂਦਾ ਹੈ ਸਭ ਤੋਂ ਵੱਧ ਸੋਨਾ
ਲੱਗਭਗ 40 ਫੀਸਦੀ ਹਿੱਸੇਦਾਰੀ ਦੇ ਨਾਲ ਸਵਿਟਜ਼ਰਲੈਂਡ ਸੋਨੇ ਦੀ ਦਰਾਮਦ ਦਾ ਸਭ ਤੋਂ ਵੱਡਾ ਸਰੋਤ ਹੈ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (16 ਫੀਸਦੀ ਤੋਂ ਵੱਧ) ਅਤੇ ਦੱਖਣੀ ਅਫਰੀਕਾ (ਲੱਗਭਗ 10 ਫੀਸਦੀ) ਦਾ ਨੰਬਰ ਆਉਂਦਾ ਹੈ। ਦੇਸ਼ ਦੀ ਕੁੱਲ ਦਰਾਮਦ ਵਿਚ ਸੋਨੇ ਦੀ ਹਿੱਸੇਦਾਰੀ 8 ਫੀਸਦੀ ਹੈ। ਮਾਤਰਾ ਦੇ ਲਿਹਾਜ਼ ਨਾਲ, ਦਰਾਮਦ 2024-25 ਵਿਚ ਘਟ ਕੇ 757.15 ਟਨ ਰਹਿ ਗਈ, ਜਦ ਕਿ 2023-24 ਵਿਚ ਇਹ 795.32 ਟਨ ਸੀ। ਫਰਵਰੀ ’ਚ ਸੋਨੇ ਦੀ ਦਰਾਮਦ ’ਚ ਲੱਗਭਗ 62 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜਦ ਕਿ ਜਨਵਰੀ ’ਚ 40.8 ਫੀਸਦੀ ਅਤੇ ਦਸੰਬਰ 2024 ’ਚ 55.39 ਫੀਸਦੀ ਦਾ ਵਾਧਾ ਹੋਇਆ ਸੀ।
ਮਾਰਚ ’ਚ 21.54 ਅਰਬ ਡਾਲਰ ’ਤੇ ਪਹੁੰਚ ਗਿਆ ਵਪਾਰ ਘਾਟਾ
ਸੋਨੇ ਦੀ ਦਰਾਮਦ ਵਿਚ ਇਸ ਵਾਧੇ ਕਾਰਨ ਮਾਰਚ ਵਿਚ ਦੇਸ਼ ਦਾ ਵਪਾਰ ਘਾਟਾ (ਦਰਾਮਦ ਅਤੇ ਬਰਾਮਦ ’ਚ ਅੰਤਰ) 21.54 ਅਰਬ ਡਾਲਰ ਤੱਕ ਪਹੁੰਚ ਗਿਆ। ਵਿੱਤੀ ਸਾਲ 2023-24 ’ਚ ਇਹ 282.82 ਅਰਬ ਡਾਲਰ ਦੇ ਜੀਵਨ ਕਾਲ ਦੇ ਉੱਚੇ ਪੱਧਰ ਨੂੰ ਛੂਹ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਚੀਨ ਤੋਂ ਬਾਅਦ, ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੋਨੇ ਦਾ ਖਪਤਕਾਰ ਹੈ। ਦੇਸ਼ ਵਿਚ ਦਰਾਮਦ ਕੀਤਾ ਗਿਆ ਸੋਨਾ ਮੁੱਖ ਤੌਰ ’ਤੇ ਗਹਿਣਿਆਂ ਦੇ ਉਦਯੋਗ ਦੀ ਮੰਗ ਨੂੰ ਪੂਰਾ ਕਰਦਾ ਹੈ।