ਚਾਂਦੀ ’ਚ ਹੋ ਗਈ ਵੱਡੀ ਖੇਡ : MCX ਦੇ ਨਿਵੇਸ਼ਕ ਮੁਸਕਰਾਏ, ETF ਦੇ ਘਬਰਾਏ

Friday, Oct 17, 2025 - 11:49 AM (IST)

ਚਾਂਦੀ ’ਚ ਹੋ ਗਈ ਵੱਡੀ ਖੇਡ : MCX ਦੇ ਨਿਵੇਸ਼ਕ ਮੁਸਕਰਾਏ, ETF ਦੇ ਘਬਰਾਏ

ਨਵੀਂ ਦਿੱਲੀ (ਵਿਸ਼ੇਸ਼) - ਵੀਰਵਾਰ ਨੂੰ ਚਾਂਦੀ ਦੇ ਨਿਵੇਸ਼ਕਾਂ ਨਾਲ ਵੱਡੀ ਖੇਡ ਹੋ ਗਈ। ਸਿਲਵਰ ਈ. ਟੀ. ਐੱਫ. ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਐਕਸਚੇਂਜ ਟ੍ਰੇਡਿਡ ਫੰਡ (ਈ. ਟੀ. ਐੱਫ.) ਦੀ ਨੈੱਟ ਐਸੇਟ ਵੈਲਿਊ (ਐੱਨ. ਏ. ਵੀ.) ਟੁੱਟਣ ਕਾਰਨ ਘਬਰਾਏ ਹੋਏ ਨਜ਼ਰ ਆਏ, ਜਦੋਂਕਿ ਨਿਊਯਾਰਕ ਸਟਾਕ ਐਕਸਚੇਂਜ (ਕਾਮੈਕਸ) ਅਤੇ ਭਾਰਤ ’ਚ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਚਾਂਦੀ ਹਰੇ ਨਿਸ਼ਾਨ ਨਾਲ ਕਾਰੋਬਾਰ ਕਰ ਰਹੀ ਸੀ।

ਇਹ ਵੀ ਪੜ੍ਹੋ :     Sliver Shortage : ਵਿਦੇਸ਼ਾਂ ਤੋਂ ਆਈ ਭਾਰੀ ਮਾਤਰਾ 'ਚ ਚਾਂਦੀ ਬਾਜ਼ਾਰ 'ਚੋਂ ਗਾਇਬ

ਵੀਰਵਾਰ ਸ਼ਾਮ ਨੂੰ ਕਾਮੈਕਸ ’ਤੇ ਚਾਂਦੀ ਦੀ ਦਸੰਬਰ ਵਾਅਦਾ ਦੀਆਂ ਕੀਮਤਾਂ 52 ਹਫਤਿਆਂ ਦੇ ਹਾਈ 52.89 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈਆਂ, ਜਦੋਂਕਿ ਭਾਰਤ ’ਚ ਐੱਮ. ਸੀ. ਐਕਸ. ’ਤੇ ਚਾਂਦੀ ਨੇ 1,64,660 ਰੁਪਏ ਪ੍ਰਤੀ ਕਿਲੋ ਦਾ ਨਵਾਂ ਹਾਈ ਬਣਾ ਦਿੱਤਾ।

ਇਸ ਦੇ ਬਾਵਜੂਦ ਹਾਜ਼ਰ ਬਾਜ਼ਾਰ ’ਚ ਚਾਂਦੀ ਦੀ ਕੀਮਤ 7000 ਰੁਪਏ ਤੱਕ ਡਿੱਗ ਗਈ ਅਤੇ ਈ. ਟੀ. ਐੱਫ. ’ਚ ਵੀ ਚਾਂਦੀ 7 ਫੀਸਦੀ ਤੋਂ ਵੱਧ ਤਿਲਕ ਗਈ।

ਪ੍ਰੀਮੀਅਮ ਘੱਟ ਹੋਣ ਨਾਲ ਹੋਈ ਖੇਡ

ਦਰਅਸਲ ਪਿਛਲੇ ਕੁਝ ਦਿਨਾਂ ਤੋਂ ਕਾਮੈਕਸ ਅਤੇ ਐੱਮ. ਸੀ. ਐਕਸ. ’ਤੇ ਹੋ ਰਹੇ ਚਾਂਦੀ ਦੇ ਟ੍ਰੇਡ ਅਤੇ ਹਾਜ਼ਰ ਬਾਜ਼ਾਰ ਅਤੇ ਈ. ਟੀ. ਐੱਫ. ’ਚ ਹੋ ਰਹੇ ਕਾਰੋਬਾਰ ਦੀਆਂ ਕੀਮਤਾਂ ’ਚ ਫਰਕ ਦੇਖਣ ਨੂੰ ਮਿਲ ਰਿਹਾ ਹੈ।

ਐੱਮ. ਸੀ. ਐਕਸ. ’ਚ ਚਾਂਦੀ ਦੀ ਕੀਮਤ 1.62 ਲੱਖ ਦੇ ਕਰੀਬ ਹੋਣ ਦੇ ਬਾਵਜੂਦ ਭਾਰਤ ’ਚ ਹਾਜ਼ਰ ਬਾਜ਼ਾਰ ’ਚ ਚਾਂਦੀ ਦੀ ਕੀਮਤ 2 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ।

ਇਹ ਵੀ ਪੜ੍ਹੋ :     ਅਸਮਾਨੇ ਚੜ੍ਹੇ Gold-Silver ਦੇ ਭਾਅ, ਚਾਂਦੀ ਲਈ ਮਿਲ ਰਹੀ ਮੂੰਹ ਮੰਗੀ ਕੀਮਤ, US-China ਤੱਕ ਵਧਿਆ ਤਣਾਅ

ਇੰਨਾ ਹੀ ਨਹੀਂ ਸਿਲਵਰ ਦੇ ਈ. ਟੀ. ਐੱਫ. ’ਚ ਵੀ 12 ਫੀਸਦੀ ਦੇ ਪ੍ਰੀਮੀਅਮ ਨਾਲ ਕਾਰੋਬਾਰ ਹੋ ਰਿਹਾ ਸੀ, ਜਿਸ ਨਾਲ ਸਿਲਵਰ ਦੇ ਈ. ਟੀ. ਐੱਫ. ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਕਾਫੀ ਖੁਸ਼ ਸਨ। ਇਹ ਟਰੈਂਡ ਭਾਰਤ ’ਚ ਹੀ ਨਹੀਂ ਦੇਖਣ ਨੂੰ ਮਿਲ ਰਿਹਾ ਸੀ ਸਗੋਂ ਅੰਤਰਰਾਸ਼ਟਰੀ ਈ. ਟੀ. ਐੱਫ. ਵੀ 25 ਫੀਸਦੀ ਦੇ ਪ੍ਰੀਮੀਅਮ ਨਾਲ ਕਾਰੋਬਾਰ ਕਰ ਰਿਹਾ ਸੀ।

ਇਸ ਸਥਿਤੀ ਨੂੰ ਵੇਖਦੇ ਹੋਏ ਭਾਰਤ ’ਚ ਕਈ ਐਸੇਟ ਮੈਨੇਜਮੈਂਟ ਕੰਪਨੀਆਂ ਨੇ ਸਿਲਵਰ ਈ. ਟੀ. ਐੱਫ. ’ਚ ਨਵਾਂ ਨਿਵੇਸ਼ ਰੋਕ ਦਿੱਤਾ ਸੀ। ਹੁਣ ਹੌਲੀ-ਹੌਲੀ ਹਾਜ਼ਰ ਬਾਜ਼ਾਰ ਅਤੇ ਈ. ਟੀ. ਐੱਫ. ’ਚ ਸਿਲਵਰ ਦਾ ਪ੍ਰੀਮੀਅਮ ਘਟਣ ਦਾ ਬਾਜ਼ਾਰ ’ਤੇ ਅਸਰ ਹੋ ਰਿਹਾ ਹੈ ਅਤੇ ਇਸ ਦੀਆਂ ਕੀਮਤਾਂ ਘੱਟ ਹੋ ਰਹੀਆਂ ਹਨ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਜਾਰੀ ਰਹੇਗਾ ਵਾਧਾ ਜਾਂ ਆਵੇਗੀ ਵੱਡੀ ਗਿਰਾਵਟ? ਜਾਣੋ ਵਿਸ਼ਲੇਸ਼ਕਾਂ ਦੀ ਰਾਏ

ਰੁਪਿਆ ਦੀ ਮਜ਼ਬੂਤੀ ਨਾਲ ਭਾਰਤ ’ਚ ਚਾਂਦੀ ’ਚ ਤੇਜ਼ੀ ਘੱਟ

ਕਰੰਸੀ ਮਾਰਕੀਟ ’ਚ ਰੁਪਏ ਦਾ ਦਬਦਬਾ ਲਗਾਤਾਰ ਦੂਜੇ ਦਿਨ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਕਰੰਸੀ 2 ਦਿਨਾਂ ’ਚ 85 ਪੈਸੇ (ਲੱਗਭਗ ਇਕ ਫੀਸਦੀ) ਮਜ਼ਬੂਤ ਹੋ ਚੁੱਕੀ ਹੈ। ਅੰਤਰਬੈਂਕਿੰਗ ਕਰੰਸੀ ਬਾਜ਼ਾਰ ’ਚ ਰੁਪਿਆ ਵੀਰਵਾਰ ਨੂੰ 12 ਪੈਸੇ ਮਜ਼ਬੂਤ ਹੋਇਆ ਅਤੇ ਕਾਰੋਬਾਰ ਦੇ ਆਖਿਰ ’ਤੇ ਇਕ ਡਾਲਰ 87.96 ਰੁਪਏ ਦਾ ਬੋਲਿਆ ਗਿਆ।

ਅੱਜ ਭਾਰਤੀ ਰੁਪਏ ’ਚ ਮਜ਼ਬੂਤੀ ਦਾ ਅਸਰ ਵੀ ਭਾਰਤ ’ਚ ਚਾਂਦੀ ਦੀਆਂ ਕੀਮਤਾਂ ’ਤੇ ਦੇਖਣ ਨੂੰ ਮਿਲਿਆ। ਇਸ ਕਾਰਨ ਕਾਮੈਕਸ ਅਤੇ ਐੱਮ. ਸੀ. ਐਕਸ. ’ਤੇ ਚਾਂਦੀ ਦੀਆਂ ਕੀਮਤਾਂ ’ਚ ਇਕ ਚੌਥਾਈ ਫੀਸਦੀ ਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸ਼ਾਮ ਕਾਮੈਕਸ ’ਤੇ ਚਾਂਦੀ ਕਰੀਬ ਸਵਾ ਫੀਸਦੀ ਤੇਜ਼ੀ ਨਾਲ ਕਾਰੋਬਾਰ ਕਰ ਰਹੀ ਸੀ ਪਰ ਭਾਰਤ ’ਚ ਐੱਮ. ਸੀ. ਐਕਸ. ’ਤੇ ਚਾਂਦੀ ’ਚ ਕਰੀਬ ਇਕ ਫੀਸਦੀ ਦੀ ਹੀ ਤੇਜ਼ੀ ਸੀ।

ਇਹ ਵੀ ਪੜ੍ਹੋ :     FSSAI : ਉਤਪਾਦਾਂ 'ਤੇ ORS ਲਿਖਣ ਵਾਲੀਆਂ ਕੰਪਨੀਆਂ ਦੀ ਖ਼ੈਰ ਨਹੀਂ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਗਹਿਣਿਆਂ ਦੀ ਬਜਾਏ ਬਾਰ ਤੇ ਸਿੱਕੇ ਖਰੀਦ ਰਹੇ ਗਾਹਕ

ਮੁੰਬਈ, (ਭਾਸ਼ਾ)-ਵਪਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਦੀਵਾਲੀ ਅਤੇ ਵਿਆਹ ਦੇ ਮੌਸਮ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਹਨ ਪਰ ਇਸ ਨਾਲ ਖਪਤਕਾਰ ਮੰਗ ’ਚ ਕੋਈ ਕਮੀ ਨਹੀਂ ਆਈ ਹੈ। ਹਾਲਾਂਕਿ ਕਈ ਲੋਕ ਗਹਿਣਿਆਂ ਦੀ ਬਜਾਏ ‘ਠੋਸ ਸਰਾਫਾ’ ਨੂੰ ਤਰਜੀਹ ਦੇ ਰਹੇ ਹਨ।

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਚ ਦਿਨ ’ਚ ਸੋਨੇ ਦੀ ਕੀਮਤ 1,28,395 ਰੁਪਏ ਪ੍ਰਤੀ 10 ਗ੍ਰਾਮ ਰਹੀ। ਮੁੰਬਈ ਦੇ ਪ੍ਰਸਿੱਧ ਝਾਵੇਰੀ ਬਾਜ਼ਾਰ ’ਚ ਉਮੇਦਲਾਲ ਤਿਲੋਕਚੰਦ ਝਾਵੇਰੀ ਜਿਊਲਰਜ਼ ਦੇ ਮਾਲਿਕ ਵ੍ਰਿਸ਼ਾਂਕ ਜੈਨ ਨੇ ਕਿਹਾ,‘‘ਸੋਨੇ ਦੀਆਂ ਕੀਮਤਾਂ ਹਰ ਦਿਨ ਵੱਧ ਰਹੀਆਂ ਹਨ ਅਤੇ ਲੋਕ ਇਸ ’ਤੇ ਨਜ਼ਰ ਰੱਖ ਰਹੇ ਹਨ ਅਤੇ ਨਿਵੇਸ਼ ਲਈ ਆ ਰਹੇ ਹਨ। ਗਹਿਣਿਆਂ ਦੀ ਮੰਗ ਸੁਸਤ ਹੋਈ ਹੈ ਪਰ ਲੋਕ ਗੋਲਡ ਬਾਰਜ਼ ਅਤੇ ਸਿੱਕੇ ਖਰੀਦ ਰਹੇ ਹਨ। ਇਸ ਤਿਉਹਾਰੀ ਅਤੇ ਵਿਆਹ ਦੇ ਮੌਸਮ ਤੋਂ ਪਹਿਲਾਂ ਅਸੀਂ ਗੋਲਡ ਅਤੇ ਸਿਲਵਰ ਬਾਰਜ਼ ਦੀ ਕਾਫੀ ਮੰਗ ਵੇਖ ਰਹੇ ਹਾਂ।’’

ਮੰਗ ’ਚ ਨਹੀਂ ਆਈ ਕਮੀ : ਇੰਡੀਅਨ ਬੁਲੀਅਨ ਐਂਡ ਜਿਊਲਰੀ ਐਸੋਸੀਏਸ਼ਨ ਦੇ ਬੁਲਾਰੇ ਕੁਮਾਰ ਜੈਨ ਨੇ ‘ਠੋਸ ਸਰਾਫਾ’ ਖਰੀਦਣ ਦੇ ਟਰੈਂਡ ਦੀ ਪੁਸ਼ਟੀ ਕੀਤੀ। ਉਨ੍ਹਾਂ ਅੱਗੇ ਕਿਹਾ,‘‘ਵਿਆਹਾਂ ਲਈ ਲੋਕ ਆਪਣੇ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਵਾਉਣ ਆ ਰਹੇ ਹਨ ਅਤੇ ਮੰਗ ’ਚ ਕੋਈ ਕਮੀ ਨਹੀਂ ਆਈ ਹੈ। ਅਮਰੀਕੀ ਵਪਾਰ ਜੰਗ, ਸਟਾਂਪ ਡਿਊਟੀ ’ਚ ਵਾਧਾ, ਯੂਕ੍ਰੇਨ-ਰੂਸ ਅਤੇ ਪੱਛਮੀ ਏਸ਼ੀਆ ਵਿਚਾਲੇ ਤਣਾਅ, ਇਨ੍ਹਾਂ ਸਭ ਨੇ ਸੋਨੇ ਦੀਆਂ ਕੀਮਤਾਂ ’ਚ ਉਛਾਲ ਲਿਆ ਦਿੱਤਾ ਹੈ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News