ਜੂਨ ’ਚ ਨਰਮ ਪਈ ਕੋਰ ਸੈਕਟਰ ਦੀ ਗ੍ਰੋਥ ਰੇਟ, ਘਟ ਕੇ 4 ਫੀਸਦੀ ’ਤੇ ਆਈ
Thursday, Aug 01, 2024 - 12:21 PM (IST)
ਨਵੀਂ ਦਿੱਲੀ (ਭਾਸ਼ਾ) - ਕੱਚੇ ਤੇਲ ਅਤੇ ਰਿਫਾਇਨਰੀ ਉਤਪਾਦਾਂ ਦਾ ਉਤਪਾਦਨ ਘਟਣ ਨਾਲ ਇਸ ਸਾਲ ਕੋਰ ਸੈਕਟਰ ਦੀ ਗ੍ਰੋਥ ਰੇਟ ਨਰਮ ਪੈ ਕੇ 4 ਫੀਸਦੀ ਰਹਿ ਗਈ। ਬੁੱਧਵਾਰ ਨੂੰ ਜਾਰੀ ਆਧਿਕਾਰਕ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਇਹ ਅੰਕੜਾ 8 ਮੁੱਖ ਉਦਯੋਗਾਂ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਖਾਦ, ਇਸਪਾਤ, ਸੀਮੈਂਟ ਅਤੇ ਬਿਜਲੀ ਵਰਗੇ ਮੁੱਖ ਖੇਤਰਾਂ ਦੇ ਵਾਧਾ ਨੂੰ ਦਰਸਾਉਂਦਾ ਹੈ।
ਜੂਨ ਦੇ ਮਹੀਨੇ ’ਚ ਇਨ੍ਹਾਂ ਮੁੱਖ ਉਦਯੋਗਾਂ ਦੀ ਵਾਧਾ ਦਰ ਸਾਲਾਨਾ ਅਤੇ ਮਹੀਨਾਵਾਰ ਦੋਵੇਂ ਆਧਾਰ ’ਤੇ ਘਟੀ ਹੈ। ਮਈ, 2024 ’ਚ ਮੁੱਖ ਖੇਤਰਾਂ ਦਾ ਉਤਪਾਦਨ 6.4 ਫੀਸਦੀ ਵਧਿਆ ਸੀ, ਜਦੋਂਕਿ ਜੂਨ, 2023 ’ਚ ਵਾਧਾ ਦਰ 8.4 ਫੀਸਦੀ ਸੀ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਇਨ੍ਹਾਂ ਮੁੱਖ ਖੇਤਰਾਂ ਦਾ ਉਤਪਾਦਨ 5.7 ਫੀਸਦੀ ਵਧਿਆ, ਜਦੋਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ 6 ਫੀਸਦੀ ਵਧਿਆ ਸੀ।
ਇਨ੍ਹਾਂ 8 ਮੁੱਖ ਖੇਤਰਾਂ ਦਾ ਦੇਸ਼ ਦੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ’ਚ 40.27 ਫੀਸਦੀ ਦਾ ਯੋਗਦਾਨ ਹੈ। ਆਈ. ਆਈ. ਪੀ. ਦੇਸ਼ ਦੇ ਪੂਰਨ ਉਦਯੋਗਿਕ ਵਾਧੇ ਨੂੰ ਮਿਣਨ ਦਾ ਇਕ ਸੂਚਕ ਅੰਕ ਹੈ।
ਮਾਲੀਆ ਘਾਟਾ 1.36 ਲੱਖ ਕਰੋਡ਼ ਰੁਪਏ, ਟੀਚੇ ਦਾ 8.1 ਫੀਸਦੀ
ਚਾਲੂ ਵਿੱਤੀ ਸਾਲ 2024-25 ਦੀ ਪਹਿਲੀ ਅਪ੍ਰੈਲ-ਜੂਨ ਤਿਮਾਹੀ ਦੇ ਆਖਿਰ ਤੱਕ ਕੇਂਦਰ ਦਾ ਮਾਲੀਆ ਘਾਟਾ ਪੂਰੇ ਵਿੱਤੀ ਸਾਲ ਦੇ ਟੀਚੇ ਦਾ 8.1 ਫੀਸਦੀ ਰਿਹਾ ਹੈ। ਸਰਕਾਰੀ ਅੰਕੜਿਆਂ ’ਚ ਇਹ ਗੱਲ ਸਾਹਮਣੇ ਆਈ।
ਕੰਪਟਰੋਲਰ ਜਨਰਲ ਆਫ ਅਕਾਊਂਟਸ (ਸੀ. ਜੀ. ਏ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁੱਲ ਦੇ ਲਿਹਾਜ਼ ਨਾਲ ਮਾਲੀਆ ਘਾਟਾ (ਖਰਚ ਅਤੇ ਮਾਲੀਆ ’ਚ ਦਾ ਫਰਕ) ਜੂਨ ਦੇ ਆਖਿਰ ਤੱਕ 1,35,712 ਕਰੋਡ਼ ਰੁਪਏ ਰਿਹਾ। ਵਿੱਤੀ ਸਾਲ 2023-24 ਦੀ ਇਸੇ ਮਿਆਦ ’ਚ ਘਾਟਾ ਬਜਟ ਅੰਦਾਜ਼ਾ (ਬੀ. ਈ.) ਦਾ 25.3 ਫੀਸਦੀ ਰਿਹਾ ਸੀ।
ਕੇਂਦਰੀ ਬਜਟ ’ਚ ਸਰਕਾਰ ਨੇ ਚਾਲੂ ਵਿੱਤੀ ਸਾਲ ’ਚ ਮਾਲੀਆ ਘਾਟੇ ਨੂੰ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 4.9 ਫੀਸਦੀ ’ਤੇ ਲਿਆਉਣ ਦਾ ਟੀਚਾ ਰੱਖਿਆ ਹੈ। ਵਿੱਤੀ ਸਾਲ 2023-24 ’ਚ ਇਹ ਕੁਲ ਘਰੇਲੂ ਉਤਪਾਦ ਦਾ 5.6 ਫੀਸਦੀ ਸੀ। ਕੁਲ ਮਿਲਾ ਕੇ ਸਰਕਾਰ ਦਾ ਟੀਚਾ ਚਾਲੂ ਵਿੱਤੀ ਸਾਲ ਦੌਰਾਨ ਮਾਲੀਆ ਘਾਟੇ ਨੂੰ 16,85,494 ਕਰੋਡ਼ ਰੁਪਏ ਤੱਕ ਸੀਮਿਤ ਰੱਖਣਾ ਹੈ।
ਵਿੱਤੀ ਸਾਲ 2024-25 ਦੇ ਪਹਿਲੇ ਤਿੰਨ (ਅਪ੍ਰੈਲ-ਜੂਨ) ਮਹੀਨਿਆਂ ਲਈ ਕੇਂਦਰ ਸਰਕਾਰ ਦੇ ਮਾਲੀਆ-ਖਰਚ ਦੇ ਅੰਕੜੇ ਸਾਂਝੇ ਕਰਦੇ ਹੋਏ ਸੀ. ਜੀ. ਏ. ਨੇ ਕਿਹਾ ਕਿ ਸ਼ੁੱਧ ਟੈਕਸ ਮਾਲੀਆ 5,49,633 ਕਰੋਡ਼ ਰੁਪਏ ਜਾਂ ਚਾਲੂ ਵਿੱਤੀ ਸਾਲ ਦੇ ਬਜਟ ਅੰਦਾਜ਼ੇ ਦਾ 21.1 ਫੀਸਦੀ ਸੀ। ਪਿਛਲੇ ਵਿੱਤੀ ਸਾਲ ’ਚ ਜੂਨ, ਦੇ ਆਖਿਰ ਤੱਕ ਸ਼ੁੱਧ ਟੈਕਸ ਮਾਲੀਆ ਕੁਲੈਕਸ਼ਨ ਪੂਰੇ ਸਾਲ ਦੇ ਟੀਚੇ ਦਾ 18.6 ਫੀਸਦੀ ਸੀ।
ਕੇਂਦਰ ਸਰਕਾਰ ਦਾ ਕੁਲ ਖਰਚ ਪਹਿਲੀ ਤਿਮਾਹੀ ’ਚ 9,69,909 ਕਰੋਡ਼ ਰੁਪਏ ਜਾਂ ਬਜਟ ਅੰਦਾਜ਼ੇ ਦਾ 20.4 ਫੀਸਦੀ ਰਿਹਾ। ਇਕ ਸਾਲ ਪਹਿਲਾਂ ਇਸੇ ਮਿਆਦ ’ਚ ਖਰਚ ਬਜਟ ਅੰਦਾਜ਼ੇ ਦਾ 23 ਫੀਸਦੀ ਤੋਂ ਜ਼ਿਆਦਾ ਸੀ। ਕੁਲ ਖਰਚ ’ਚੋਂ 7.88 ਲੱਖ ਕਰੋਡ਼ ਰੁਪਏ ਮਾਲੀਆ ਖਾਤੇ ’ਚ ਅਤੇ 1.81 ਲੱਖ ਕਰੋਡ਼ ਰੁਪਏ ਪੂੰਜੀ ਖਾਤੇ ’ਚ ਸਨ। ਕੁਲ ਮਾਲੀਆ ਖਰਚ ’ਚੋਂ 2,64,052 ਕਰੋਡ਼ ਰੁਪਏ ਵਿਆਜ ਭੁਗਤਾਨ ’ਤੇ ਖਰਚ ਕੀਤੇ ਗਏ। ਮਾਲੀਆ ਘਾਟਾ ਸਰਕਾਰ ਦੇ ਕੁਲ ਖਰਚ ਅਤੇ ਮਾਲੀਆ ’ਚ ਦਾ ਅੰਤਰ ਹੈ। ਇਹ ਦੱਸਦਾ ਹੈ ਕਿ ਸਰਕਾਰ ਨੂੰ ਬਾਜ਼ਾਰ ਤੋਂ ਕਿੰਨੀ ਉਧਾਰੀ ਲੈਣ ਦੀ ਜ਼ਰੂਰਤ ਹੋਵੇਗੀ।