ਮਹਿੰਗਾਈ ਨਾਲ ਜੂਝ ਰਹੀ ਬੰਗਲਾਦੇਸ਼ ਦੀ ਅਰਥਵਿਵਸਥਾ, ਵਿਰੋਧ ਪ੍ਰਦਰਸ਼ਨਾਂ ਕਾਰਨ ਵਿਗੜੇ ਦੇਸ਼ ਦੇ ਹਾਲਾਤ
Friday, Sep 23, 2022 - 05:46 PM (IST)

ਢਾਕਾ : ਬੰਗਲਾਦੇਸ਼ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਜਿਸ ਨਾਲ ਲੋਕਾਂ ਵਿੱਚ ਗੁੱਸਾ ਅਤੇ ਨਿਰਾਸ਼ਾ ਹੈ ਅਤੇ ਦੇਸ਼ ਦੀ ਆਰਥਿਕਤਾ ਗੰਭੀਰ ਦਬਾਅ ਵਿੱਚ ਹੈ। ਇਸ ਦੇ ਨਾਲ ਹੀ ਹਾਲ ਦੇ ਦਿਨਾਂ 'ਚ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਅਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ 'ਤੇ ਦਬਾਅ ਵਧ ਗਿਆ ਹੈ। ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਹਸੀਨਾ ਨੇ ਦੇਸ਼ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਮਦਦ ਮੰਗੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੀ ਅਰਥਵਿਵਸਥਾ ਗੰਭੀਰ ਸੰਕਟ 'ਚੋਂ ਲੰਘ ਰਹੀ ਹੈ, ਵਿਆਪਕ ਵਿਰੋਧ ਪ੍ਰਦਰਸ਼ਨਾਂ ਕਾਰਨ ਰਾਸ਼ਟਰਪਤੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਭੋਜਨ, ਬਾਲਣ ਅਤੇ ਦਵਾਈਆਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜ਼ਰੂਰੀ ਵਸਤਾਂ ਲਈ ਲੰਮੀਆਂ ਕਤਾਰਾਂ ਵਿੱਚ ਖੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੰਗਲਾਦੇਸ਼ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਜਿਵੇਂ ਕਿ ਅਭਿਲਾਸ਼ੀ ਵਿਕਾਸ ਪ੍ਰੋਜੈਕਟਾਂ 'ਤੇ ਬਹੁਤ ਜ਼ਿਆਦਾ ਖਰਚ, ਭ੍ਰਿਸ਼ਟਾਚਾਰ, ਵੰਸ਼ਵਾਦ ਪ੍ਰਤੀ ਲੋਕਾਂ ਦਾ ਗੁੱਸਾ ਅਤੇ ਵਪਾਰਕ ਸੰਤੁਲਨ ਵਿਗੜਨਾ। ਇਸ ਨਾਲ ਬੰਗਲਾਦੇਸ਼ ਦੀ ਵਿਕਾਸ ਦਰ ਪ੍ਰਭਾਵਿਤ ਹੋ ਰਹੀ ਹੈ।
ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸਰਕਾਰੀ ਡੀਲਰਾਂ ਵੱਲੋਂ ਚੌਲਾਂ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਘੱਟ ਭਾਅ ’ਤੇ ਵੇਚਣ ਦੇ ਹੁਕਮ ਦਿੱਤੇ। ਦੇਸ਼ ਦੇ ਵਣਜ ਮੰਤਰੀ ਟੀਪੂ ਮੁਨਸ਼ੀ ਨੇ ਕਿਹਾ ਕਿ 1 ਸਤੰਬਰ ਤੋਂ ਸ਼ੁਰੂ ਹੋਏ ਪ੍ਰੋਗਰਾਮ ਦੇ ਨਵੀਨਤਮ ਪੜਾਅ ਵਿੱਚ ਲਗਭਗ ਪੰਜ ਕਰੋੜ ਲੋਕਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਘੱਟ ਆਮਦਨ ਵਾਲੇ ਲੋਕਾਂ 'ਤੇ ਦਬਾਅ ਘਟਾਉਣ ਲਈ ਕਈ ਕਦਮ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਯੂਕਰੇਨ 'ਚ ਜੰਗ ਕਾਰਨ ਕਈ ਵਸਤੂਆਂ ਦੀਆਂ ਕੀਮਤਾਂ ਵਧ ਗਈਆਂ ਹਨ ਜਦਕਿ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਮੰਗ 'ਚ ਸੁਧਾਰ ਕਾਰਨ ਕੀਮਤਾਂ ਪਹਿਲਾਂ ਹੀ ਵਧ ਰਹੀਆਂ ਸਨ। ਇਸ ਦੌਰਾਨ ਬੰਗਲਾਦੇਸ਼, ਸ਼੍ਰੀਲੰਕਾ ਅਤੇ ਲਾਓਸ ਵਰਗੇ ਕਈ ਦੇਸ਼ਾਂ ਦੀਆਂ ਮੁਦਰਾਵਾਂ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਗਈਆਂ ਹਨ, ਜਿਸ ਨਾਲ ਤੇਲ ਅਤੇ ਹੋਰ ਵਸਤੂਆਂ ਦੀ ਦਰਾਮਦ ਦੀ ਲਾਗਤ ਵਧ ਗਈ ਹੈ।