ਆਤਮ-ਨਿਰਭਰ ਭਾਰਤ ਦੇ ਬਲ ’ਤੇ 7 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ ਘਰੇਲੂ ਇਲੈਕਟ੍ਰਾਨਿਕ ਉਦਯੋਗ
Saturday, Dec 25, 2021 - 05:56 PM (IST)
ਨਵੀਂ ਦਿੱਲੀ (ਭਾਸ਼ਾ) – ਆਤਮ-ਨਿਰਭਰ ਭਾਰਤ ਲਈ ਸਰਕਾਰ ਦੇ 2.3 ਲੱਖ ਕਰੋੜ ਰੁਪਏ ਦੇ ਨੀਤੀਗਤ ਯਤਨਾਂ ਤੋਂ ਉਤਸ਼ਾਹਿਤ ਘਰੇਲੂ ਇਲੈਕਟ੍ਰਾਨਿਕਸ ਨਿਰਮਾਣ ਉਦਯੋਗ ਦੇ ਅਗਲੇ ਵਿੱਤੀ ਸਾਲ ’ਚ 30 ਫੀਸਦੀ ਦੇ ਵਾਧੇ ਨਾਲ ਲਗਭਗ 7 ਲੱਖ ਕਰੋੜ ਰੁਪਏ ਦਾ ਹੋਣ ਦੀ ਉਮੀਦ ਹੈ। ਕੌਮਾਂਤਰੀ ਇਲੈਕਟ੍ਰਾਨਿਕਸ ਸਪਲਾਈ ਚੇਨ ’ਚ ਅੱਗੇ ਵੱਲ ਵਧਣ ਲਈ ਸਰਕਾਰ ਹਾਲਾਂਕਿ ਲਗਾਤਾਰ ਯਤਨ ਕਰ ਰਹੀ ਹੈ ਅਤੇ ਇਸ ਲਈ ਉਸ ਵਲੋਂ ਨਵੀਆਂ ਨੀਤੀਆਂ ਅਤੇ ਪ੍ਰੋਤਸਾਹਨ ਯੋਜਨਾਵਾਂ ਲਿਆਂਦੀਆਂ ਜਾਣਗੀਆਂ ਪਰ ਇਲੈਕਟ੍ਰਾਨਿਕ ਪੁਰਜ਼ਿਆਂ ਵਿਸ਼ੇਸ਼ ਕਰ ਕੇ ਇਲੈਕਟ੍ਰਾਨਿਕ ਚਿੱਪ ਨਾਲ ਸਬੰਧਤ ਚੁਣੌਤੀ ਤੁਰੰਤ ਉਸ ਦੇ ਸਾਹਮਣੇ ਖੜ੍ਹੀ ਹੈ ਅਤੇ ਕੋਰੋਨਾ ਵਾਇਰਸ ਨਾਲ ਜੁੜੇ ਖਤਰੇ ਦਾ ਖਦਸ਼ਾ ਵੀ ਉਦਯੋਗ ਨੂੰ ਹੈ।
ਇਲੈਕਟ੍ਰਾਨਿਕੀ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਥਾਨਕ ਨਿਰਮਾਣ ਇਕਾਈਆਂ ’ਚ ਹੋਣ ਵਾਲਾ ਉਤਪਾਦਨ ਮੌਜੂਦਾ ਸਮੇਂ ਦੇ 18 ਫੀਸਦੀ ਤੋਂ ਵਧ ਕੇ ਅਗਲੇ ਸਾਲ ਤੱਕ 25 ਫੀਸਦੀ ਹੋਣ ਦੀ ਉਮੀਦ ਹੈ। ਸਰਕਾਰ ਦਾ ਦੇਸ਼ ’ਚ ਕੁੱਲ ਇਲੈਕਟ੍ਰਾਨਿਕ ਉਤਪਾਦਨ ਨੂੰ ਅਗਲੇ ਸਾਲ ਤੱਕ 30 ਫੀਸਦੀ ਵਧਾ ਕੇ 6.9 ਲੱਖ ਕਰੋੜ ਰੁਪਏ ਤੱਕ ਕਰਨ ਦਾ ਟੀਚਾ ਹੈ। ਮੰਤਰਾਲਾ ਨੇ ਇਲੈਕਟ੍ਰਾਨਿਕਸ ਬਰਾਮਦ 5 ਫੀਸਦੀ ਤੱਕ ਵਧਾਉਣ ਦੇ ਟੀਚੇ ਨਾਲ ਅਗਲੇ ਵਿੱਤੀ ਸਾਲ ਲਈ 22,000 ਕਰੋੜ ਰੁਪਏ ਦੀ ਯੋਜਨਾ ਦਾ ਪ੍ਰਸਤਾਵ ਦਿੱਤਾ ਹੈ। ਉਦਯੋਗ ਸੰਗਠਨ ‘ਇੰਡੀਆ ਸੈਲੂਲਰ ਐਂਡ ਇਲੈਕਟ੍ਰਾਨਿਕ ਐਸੋਸੀਏਸ਼ਨ (ਆਈ. ਸੀ. ਈ. ਏ.) ਮੁਤਾਬਕ 2020-21 ’ਚ ਦੇਸ਼ ’ਚ ਮੋਬਾਇਲ ਫੋਨ ਉਤਪਾਦਨ ਵਧ ਕੇ 2.2 ਲੱਖ ਕਰੋੜ ਰੁਪਏ ਹੋ ਗਿਆ ਅਤੇ ਮਾਰਚ 2022 ਤੱਕ ਇਹ 2.75 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਇਲੈਕਟ੍ਰਾਨਿਕ ਉਤਪਾਦਨ ’ਚ ਭਾਰਤੀ ਕੰਪਨੀਆਂ ਦੇ ਯੋਗਦਾਨ ਬਾਰੇ ਆਈ. ਸੀ. ਈ. ਏ. ਦੇ ਪ੍ਰਧਾਨ ਪੰਕਜ ਮੋਹਿੰਦਰੋ ਨੇ ਕਿਹਾ ਕਿ ਇਸ ਦੀ ਹਿੱਸੇਦਾਰੀ 2016 ’ਚ 47 ਫੀਸਦੀ ਸੀ ਜੋ ਹੁਣ ਘਟ ਕੇ 8 ਫੀਸਦੀ ਹੋ ਗਈ।
ਬਾਜ਼ਾਰ ਖੋਜ ਫਰਮ ਟੈੱਕਆਰਕ ਦੇ ਸੰਸਥਾਪਕ ਅਤੇ ਮੁੱਖ ਵਿਸ਼ਲੇਸ਼ਕ ਫੈਸਲ ਕਾਵੂਸਾ ਨੇ ਕਿਹਾ ਕਿ ਅੱਜ ਅਸੀਂ 50 ਲੱਖ ਫੋਨ ਬਰਾਮਦ ਕਰ ਰਹੇ ਹਾਂ। ਹਾਲਾਂਕਿ ਭਾਰਤ ਤੋਂ ਹੁਣ ਤੱਕ ਕਈ ਮਜ਼ਬੂਤ ਇਲੈਕਟ੍ਰਾਨਿਕ ਬ੍ਰਾਂਡ ਨਹੀਂ ਉਭਰਿਆ ਹੈ ਜੋ ਸਥਾਨਕ ਪੱਧਰ ਦੇ ਨਾਲ-ਨਾਲ ਅਤੇ ਕੌਮਾਂਤਰੀ ਪੱਧਰ ’ਤੇ ਵੀ ਹੋਂਦ ਬਣਾ ਸਕੇ। ਹਾਲਾਂਕਿ ਸਥਾਨਕ ਉਤਪਾਦਨ ਵਧਣ ਕਾਰਨ ਖਪਤਕਾਰ ਇਲੈਕਟ੍ਰਾਨਿਕਸ ਦੀ ਦਰਾਮਦ 2020-21 ’ਚ ਘਟ ਕੇਕਰੀਬ 2.85 ਲੱਖ ਕਰੋੜ ਰੁਪਏ ਹੋ ਗਈ ਜੋ 2019-20 ’ਚ 2.9 ਲੱਖ ਕਰੋੜ ਰੁਪਏ ਸੀ। ਉੱਥੇ ਹੀ ਆਈ. ਟੀ. ਹਾਰਡਵੇਅਰ ਦੀ ਦਰਾਮਦ 2019-20 ਦੇ 68,400 ਕਰੋੜ ਰੁਪਏ ਤੋਂ ਵਧ ਕੇ 2020-21 ’ਚ ਕਰੀਬ 79,000 ਕਰੋੜ ਰੁਪਏ ਹੋ ਗਈ।