ਸਰਾਧਾਂ ਦੇ ਬਾਵਜੂਦ ਆਟੋ ਸੈਕਟਰ ਨੇ ਫੜੀ ਰਫਤਾਰ, ਵਿਕਰੀ ਅੰਦਾਜ਼ੇ ਤੋਂ ਜ਼ਿਆਦਾ ਵਧੀ

Wednesday, Oct 02, 2024 - 02:11 PM (IST)

ਮੁੰਬਈ - ਸਰਾਧਾਂ ’ਚ ਆਮ ਤੌਰ ’ਤੇ ਗਾਹਕ ਕੁਝ ਵੀ ਖਰੀਦਣ ਤੋਂ ਪਰਹੇਜ਼ ਕਰਦੇ ਹਨ ਪਰ ਇਸ ਵਾਰ ਆਟੋ ਸੈਕਟਰ ਨੇ ਰਫਤਾਰ ਫੜੀ ਅਤੇ ਵਿਕਰੀ ’ਚ ਉਛਾਲ ਦਰਜ ਕੀਤਾ ਗਿਆ। ਸਤੰਬਰ ’ਚ ਆਟੋ ਕੰਪਨੀਆਂ ਦੀ ਵਿਕਰੀ ਅੰਦਾਜ਼ੇ ਤੋਂ ਜ਼ਿਆਦਾ ਵਧੀ ਹੈ। ਲੋਕਾਂ ਨੇ ਖੂਬ ਗੱਡੀਆਂ ਖਰੀਦੀਆਂ। ਸਤੰਬਰ ਮਹੀਨੇ ਐੱਮ. ਐਂਡ ਐੱਮ. ਦੀ ਵਿਕਰੀ ’ਚ 16 ਫ਼ੀਸਦੀ ਦਾ ਵਾਧਾ ਹੋਇਆ ਹੈ। ਬਜਾਜ ਆਟੋ ਦੀ ਸੇਲ ਵੀ 20 ਫੀਸਦੀ ਵਧੀ ਪਰ ਅਸ਼ੋਕ ਲੇਲੈਂਡ ਦੀ ਵਿਕਰੀ 10 ਫੀਸਦੀ ਘਟੀ ਹੈ। ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਲਿਮਟਿਡ ਦੀ ਐੱਸ. ਯੂ. ਵੀ. (ਸਪੋਰਟਸ ਯੂਟਿਲਿਟੀ ਵ੍ਹੀਕਲ) ਦੀ ਘਰੇਲੂ ਵਿਕਰੀ ਸਤੰਬਰ ’ਚ ਸਾਲਾਨਾ ਆਧਾਰ ’ਤੇ 24 ਫ਼ੀਸਦੀ ਵਧ ਕੇ 51,062 ਇਕਾਈ ਹੋ ਗਈ। ਕਮਰਸ਼ੀਅਲ ਵਾਹਨਾਂ (ਸੀ. ਵੀ.) ਅਤੇ ਤਿਪਹੀਆ ਵਾਹਨਾਂ ਸਮੇਤ ਕੁੱਲ ਵਾਹਨ ਵਿਕਰੀ ਪਿਛਲੇ ਮਹੀਨੇ 16 ਫ਼ੀਸਦੀ ਵਧ ਕੇ 87,839 ਇਕਾਈ ਰਹੀ। ਕੰਪਨੀ ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਕੁੱਲ 36,777 ਕਮਰਸ਼ੀਅਲ ਵਾਹਨ ਅਤੇ ਤਿਪਹੀਆ ਵਾਹਨ ਵੇਚੇ। ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਲਿਮਟਿਡ ਦੀ ਸਤੰਬਰ 2024 ’ਚ ਟਰੈਕਟਰ ਵਿਕਰੀ 2 ਫ਼ੀਸਦੀ ਵਧੀ।

ਇਹ ਵੀ ਪੜ੍ਹੋ - Gold ਖਰੀਦਣ ਦਾ ਸੁਨਹਿਰੀ ਮੌਕਾ, ਦੇਰ ਕੀਤੀ ਤਾਂ ਪਵੇਗਾ ਪਛਤਾਉਣਾ, Gold ਹੋਵੇਗਾ ਇੰਨਾ ਮਹਿੰਗਾ

ਜੇ. ਐੱਸ. ਡਬਲਿਊ. ਐੱਮ. ਜੀ. ਮੋਟਰ ਇੰਡੀਆ ਦੀ ਸਤੰਬਰ ’ਚ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ 8 ਫ਼ੀਸਦੀ ਘਟ ਕੇ 4,588 ਇਕਾਈ ਰਹਿ ਗਈ। ਕੰਪਨੀ ਦੀ ਸਤੰਬਰ 2023 ’ਚ ਪ੍ਰਚੂਨ ਵਿਕਰੀ 5,003 ਇਕਾਈ ਸੀ।  ਬਜਾਜ ਆਟੋ ਨੇ 4,69,531 ਵਾਹਨ ਵੇਚੇ। ਖੇਤੀਬਾੜੀ ਅਤੇ ਉਸਾਰੀ ਉਪਕਰਣ ਵਿਨਿਰਮਾਤਾ ਐਸਕਾਰਟਸ ਕੁਬੋਟਾ ਲਿਮਟਿਡ ਦੀ ਸਤੰਬਰ ’ਚ ਟਰੈਕਟਰ ਵਿਕਰੀ 2.5 ਫ਼ੀਸਦੀ ਵਧ ਕੇ 12,380 ਇਕਾਈ ਹੋ ਗਈ। ਟੋਯੋਟਾ ਕਿਰਲੋਸਕਰ ਦੀ ਵਿਕਰੀ 14 ਫ਼ੀਸਦੀ ਵਧੀ। ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਕਿਹਾ ਕਿ ਕੰਪਨੀ ਨੇ ਘਰੇਲੂ ਬਾਜ਼ਾਰ ’ਚ 23,802 ਇਕਾਈਆਂ ਵੇਚੀਆਂ ਅਤੇ 3,045 ਇਕਾਈਆਂ ਦੀ ਬਰਾਮਦ ਕੀਤਾ। ਅਸ਼ੋਕ ਲੇਲੈਂਡ ਦੀ ਪਿਛਲੇ ਮਹੀਨੇ ਬਰਾਮਦ ਸਮੇਤ ਦਰਮਿਆਨੇ ਅਤੇ ਭਾਰੀ ਕਮਰਸ਼ੀਅਲ ਵਾਹਨਾਂ (ਐੱਮ. ਐਂਡ ਐੱਚ. ਸੀ. ਵੀ.) ਦੀ ਵਿਕਰੀ 11,077 ਇਕਾਈ ਸੀ, ਜੋ ਸਤੰਬਰ, 2023 ’ਚ ਵੇਚੀਆਂ ਗਈਆਂ 12,752 ਐੱਮ. ਐਂਡ ਐੱਚ. ਸੀ. ਵੀ. ਦੇ ਮੁਕਾਬਲੇ 13 ਫ਼ੀਸਦੀ ਦੀ ਗਿਰਾਵਟ ਹੈ।

ਇਹ ਵੀ ਪੜ੍ਹੋ - 187 ਰੁਪਏ ਦਾ ਵਿਆਜ ਨਾ ਦੇਣ 'ਤੇ ਬੈਂਕ ਦੇਵੇਗਾ 20,000 ਰੁਪਏ ਦਾ ਮੁਆਵਜ਼ਾ, RBI ਦਾ ਹੁਕਮ

ਟਾਟਾ ਮੋਟਰਜ਼ ਦੀ ਕੁੱਲ ਘਰੇਲੂ ਵਿਕਰੀ 15 ਫ਼ੀਸਦੀ ਘਟ ਕੇ 69,694 ਇਕਾਈ ਰਹਿ ਗਈ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ 82,023 ਇਕਾਈਆਂ ਦੀ ਵਿਕਰੀ ਹੋਈ ਸੀ। ਟਾਟਾ ਮੋਟਰਜ਼ ਨੇ ਕਿਹਾ ਕਿ ਉਸ ਨੇ ਘਰੇਲੂ ਬਾਜ਼ਾਰ ’ਚ ਇਲੈਕਟ੍ਰਿਕ ਸਮੇਤ ਕੁੱਲ 41,063 ਯਾਤਰੀ ਵਾਹਨਾਂ (ਪੀ. ਵੀ.) ਦੀ ਵਿਕਰੀ ਕੀਤੀ, ਜੋ ਸਤੰਬਰ, 2023 ਦੇ 44,809 ਵਾਹਨਾਂ ਦੇ ਮੁਕਾਬਲੇ 8 ਫ਼ੀਸਦੀ ਘੱਟ ਹੈ। ਕੀਆ ਇੰਡੀਆ ਦੀ ਕੁੱਲ ਥੋਕ ਵਿਕਰੀ ਸਾਲਾਨਾ ਆਧਾਰ ’ਤੇ 17 ਫ਼ੀਸਦੀ ਵਧ ਕੇ 23,523 ਇਕਾਈ ਹੋ ਗਈ। ਦੋਪਹੀਆ ਅਤੇ ਤਿਪਹੀਆ ਵਾਹਨ ਬਣਾਉਣ ਵਾਲੀ ਟੀ. ਵੀ. ਐੱਸ. ਮੋਟਰ ਨੇ 4,82,495 ਇਕਾਈਆਂ ਦੀ ਪ੍ਰਚੂਨ ਵਿਕਰੀ ਕੀਤੀ। ਕੰਪਨੀ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਵਿਕਰੀ ’ਚ ਸਾਲਾਨਾ ਆਧਾਰ ’ਤੇ 20 ਫ਼ੀਸਦੀ ਦੀ ਵਾਧਾ ਦਰਜ ਕੀਤਾ।  ਮਾਰੂਤੀ-ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਸਤੰਬਰ ਮਹੀਨੇ ਦੀ ਕੁੱਲ ਵਿਕਰੀ ਸਾਲਾਨਾ ਆਧਾਰ ’ਤੇ 2 ਫ਼ੀਸਦੀ ਵਧ ਕੇ 1,84,727 ਇਕਾਈ ਹੋ ਗਈ। ਘਰੇਲੂ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 1,44,962 ਇਕਾਈ ਰਹੀ, ਜੋ ਸਤੰਬਰ, 2023 ਦੇ 1,50,812 ਇਕਾਈ ਦੇ ਅੰਕੜੇ ਤੋਂ 4 ਫ਼ੀਸਦੀ ਘੱਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sunaina

Content Editor

Related News