ਸੋਨਾ ਬਣਿਆ ਸਭ ਤੋਂ ਭਰੋਸੇਮੰਦ ਨਿਵੇਸ਼, 20 ਸਾਲਾਂ ’ਚ ਸ਼ੇਅਰਾਂ ਅਤੇ ਰੀਅਲ ਅਸਟੇਟ ਨੂੰ ਪਛਾੜਿਆ

Sunday, Dec 14, 2025 - 01:43 PM (IST)

ਸੋਨਾ ਬਣਿਆ ਸਭ ਤੋਂ ਭਰੋਸੇਮੰਦ ਨਿਵੇਸ਼, 20 ਸਾਲਾਂ ’ਚ ਸ਼ੇਅਰਾਂ ਅਤੇ ਰੀਅਲ ਅਸਟੇਟ ਨੂੰ ਪਛਾੜਿਆ

ਨਵੀਂ ਦਿੱਲੀ (ਇੰਟ.)- ਲੰਮੀ ਮਿਆਦ ’ਚ ਨਿਵੇਸ਼ ਦੇ ਲਿਹਾਜ਼ ਨਾਲ ਸੋਨੇ ਨੇ ਇਕ ਵਾਰ ਫਿਰ ਆਪਣੀ ਚਮਕ ਸਾਬਤ ਕਰ ਦਿੱਤੀ ਹੈ। ‘ਫੰਡਜ਼ ਇੰਡੀਆ’ ਦੀ ਤਾਜ਼ਾ ਰਿਪੋਰਟ ਮੁਤਾਬਕ ਬੀਤੇ 20 ਸਾਲਾਂ ’ਚ ਸਾਲਾਨਾ ਚੱਕਰਵਾਧਾ ਪ੍ਰਤੀਫਲ (ਸੀ. ਏ. ਜੀ. ਆਰ.) ਦੇ ਮਾਮਲੇ ’ਚ ਸੋਨੇ ਨੇ ਜ਼ਿਆਦਾਤਰ ਜਾਇਦਾਦ ਵਰਗਾਂ ਨੂੰ ਪਿੱਛੇ ਛੱਡ ਦਿੱਤਾ ਹੈ। ਰੁਪਏ ਦੇ ਲਿਹਾਜ਼ ਨਾਲ ਸੋਨੇ ਨੇ ਇਸ ਦੌਰਾਨ ਲੱਗਭਗ 15 ਫੀਸਦੀ ਸਾਲਾਨਾ ਰਿਟਰਨ ਦਿੱਤਾ, ਜਦੋਂ ਕਿ ਭਾਰਤੀ ਸ਼ੇਅਰ ਬਾਜ਼ਾਰ ਦਾ ਰਿਟਰਨ 13.5 ਫੀਸਦੀ ਰਿਹਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਨਿਫਟੀ-50 ਟੋਟਲ ਰਿਟਰਨ ਇੰਡੈਕਸ (ਟੀ. ਆਰ. ਆਈ.) ਦੇ ਆਧਾਰ ’ਤੇ ਭਾਰਤੀ ਇਕੁਇਟੀ ਨੇ 20 ਸਾਲਾਂ ’ਚ 13.5 ਫੀਸਦੀ ਸਾਲਾਨਾ ਰਿਟਰਨ ਦਿੱਤਾ, ਉੱਥੇ ਹੀ, ਅਮਰੀਕੀ ਇਕੁਇਟੀ ਨੇ ਰੁਪਏ ਦੇ ਸੰਦਰਭ ’ਚ 14.8 ਫੀਸਦੀ ਰਿਟਰਨ ਦਿੱਤਾ। ਇਸ ਦੇ ਮੁਕਾਬਲੇ ਰੀਅਲ ਅਸਟੇਟ ਅਤੇ ਡੈੱਟ ਨਿਵੇਸ਼ (ਸਰਕਾਰੀ ਬਾਂਡ, ਕਾਰਪੋਰੇਟ ਬਾਂਡ ਅਤੇ ਮਨੀ ਮਾਰਕੀਟ ਇੰਸਟਰੂਮੈਂਟਸ) ਸਭ ਤੋਂ ਹੇਠਲੇ ਸਥਾਨ ’ਤੇ ਰਹੇ।

ਰੀਅਲ ਅਸਟੇਟ ਤੋਂ 7.8 ਫੀਸਦੀ ਅਤੇ ਡੈੱਟ ਤੋਂ 7.6 ਫੀਸਦੀ ਸਾਲਾਨਾ ਚੱਕਰਵਾਧਾ ਰਿਟਰਨ ਮਿਲਿਆ। ਫੰਡਜ਼ ਇੰਡੀਆ ਅਨੁਸਾਰ ਰੀਅਲ ਅਸਟੇਟ ਦੇ ਰਿਟਰਨ ਦੀ ਗਿਣਤੀ ਐੱਨ. ਐੱਚ. ਬੀ. ਰੈਸਿਡੈਕਸ ਦੇ ਆਧਾਰ ’ਤੇ ਕੀਤੀ ਗਈ ਹੈ, ਜਿਸ ਨੂੰ ਸਤੰਬਰ 2025 ਤੱਕ ਅਪਡੇਟ ਕੀਤਾ ਗਿਆ ਹੈ।

ਕੇਂਦਰੀ ਬੈਂਕਾਂ ਦੀ ਖਰੀਦ ਨਾਲ ਸੋਨੇ ਨੂੰ ਸਹਾਰਾ

ਇਕਵਿਨਾਮਿਕਸ ਰਿਸਰਚ ਦੇ ਸੰਸਥਾਪਕ ਅਤੇ ਖੋਜ ਮੁਖੀ ਜੀ. ਚੋਕਾਲਿੰਗਮ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦਾ ਸਭ ਤੋਂ ਵੱਡਾ ਕਾਰਨ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਵੱਲੋਂ ਕੀਤੀ ਜਾ ਰਹੀ ਭਾਰੀ ਖਰੀਦ ਹੈ। ਇਸ ਤੋਂ ਇਲਾਵਾ ਹਮਲਾਵਰ ਮੌਦਰਿਕ ਨੀਤੀਆਂ, ਭੂ-ਸਿਆਸੀ ਤਣਾਅ, ਰੁਪਏ ਦੀ ਡੀਵੈਲਿਊਏਸ਼ਨ ਅਤੇ ਸ਼ੇਅਰ ਬਾਜ਼ਾਰ ਦੇ ਮਹਿੰਗੇ ਮੁੱਲਾਂਕਣ ਦਰਮਿਆਨ ਸੋਨਾ ਪ੍ਰਚੂਨ ਨਿਵੇਸ਼ਕਾਂ ਲਈ ਸੁਰੱਖਿਅਤ ਜਾਇਦਾਦ ਬਣਿਆ ਹੋਇਆ ਹੈ।

5 ਸਾਲਾਂ ’ਚ ਵੀ ਸੋਨੇ ਨੇ ਮਾਰੀ ਬਾਜ਼ੀ

ਰਿਪੋਰਟ ਮੁਤਾਬਕ ਬੀਤੇ 5 ਸਾਲਾਂ ’ਚ ਸੋਨੇ ਨੇ 23.2 ਫੀਸਦੀ ਦਾ ਸਾਲਾਨਾ ਚੱਕਰਵਾਧਾ ਰਿਟਰਨ ਦਿੱਤਾ, ਜੋ ਭਾਰਤੀ ਇਕੁਇਟੀ (16.5 ਫੀਸਦੀ) ਅਤੇ ਅਮਰੀਕੀ ਇਕੁਇਟੀ (19.6 ਫੀਸਦੀ) ਨਾਲੋਂ ਕਿਤੇ ਵੱਧ ਹੈ। ਮਾਹਰਾਂ ਦਾ ਮੰਨਣਾ ਹੈ ਕਿ ਭੂ-ਸਿਆਸੀ ਬੇਭਰੋਸਗੀ, ਮਾਈਨਿੰਗ ’ਚ ਚੁਣੌਤੀਆਂ ਅਤੇ ਸੀਮਤ ਸਪਲਾਈ ਕਾਰਨ ਆਉਣ ਵਾਲੇ ਸਾਲਾਂ ’ਚ ਵੀ ਸੋਨੇ ਦੀ ਮੰਗ ਮਜ਼ਬੂਤ ਬਣੀ ਰਹੇਗੀ।

2026 ਤੱਕ 5,000 ਡਾਲਰ ਪ੍ਰਤੀ ਔਂਸ ਪਹੁੰਚਣ ਦਾ ਅੰਦਾਜ਼ਾ

ਬ੍ਰਿਟੇਨ ਦੀ ‘ਦਿ ਗੋਲਡ ਬੁਲੀਅਨ’ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਰਿਕ ਕਾਂਡਾ ਦਾ ਕਹਿਣਾ ਹੈ ਕਿ 2026 ਦੇ ਅੰਤ ਤੱਕ ਸੋਨੇ ਦੀ ਕੀਮਤ 5,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਹਿੰਗਾਈ ਅਤੇ ਗਲੋਬਲ ਬੇਭਰੋਸਗੀ ਬਣੀ ਰਹਿੰਦੀ ਹੈ ਤਾਂ ਸੋਨੇ ਦੀਆਂ ਕੀਮਤਾਂ ’ਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।

ਮਿਡ-ਸਮਾਲਕੈਪ ਨੇ ਵੀ ਵਿਖਾਇਆ ਦਮ

ਫੰਡਜ਼ ਇੰਡੀਆ ਦੀ ਰਿਪੋਰਟ ਅਨੁਸਾਰ ਇਕੁਇਟੀ ਸੈਗਮੈਂਟ ’ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਬੀਤੇ 20 ਸਾਲਾਂ ’ਚ ਮਿਡਕੈਪ ਤੋਂ 16.5 ਫੀਸਦੀ ਅਤੇ ਸਮਾਲਕੈਪ ਤੋਂ 14.3 ਫੀਸਦੀ ਸਾਲਾਨਾ ਰਿਟਰਨ ਮਿਲਿਆ, ਜੋ ਲਾਰਜਕੈਪ ਦੇ 13.8 ਫੀਸਦੀ ਨਾਲੋਂ ਵੱਧ ਹੈ।

ਚੋਕਾਲਿੰਗਮ ਅਨੁਸਾਰ, ਪਿਛਲੇ ਇਕ ਦਹਾਕੇ ’ਚ ਪ੍ਰਚੂਨ ਨਿਵੇਸ਼ਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਅਤੇ ਹੁਣ ਇਹ 20 ਕਰੋਡ਼ ਤੋਂ ਵੱਧ ਹੋ ਚੁੱਕੀ ਹੈ। ਵੱਧ ਲਾਭ ਦੀ ਉਮੀਦ ’ਚ ਨਿਵੇਸ਼ਕ ਮਿਡ ਅਤੇ ਸਮਾਲਕੈਪ ਸ਼ੇਅਰਾਂ ਵੱਲ ਤੇਜ਼ੀ ਨਾਲ ਰੁਖ਼ ਕਰ ਰਹੇ ਹਨ।


author

cherry

Content Editor

Related News