ਇਕ ਮਹੀਨੇ ਪਿੱਛੋਂ ਵੀ ਇਨਕਮ ਟੈਕਸ ਪੋਰਟਲ ''ਚ ਤਕਨੀਕੀ ਦਿੱਕਤਾਂ ਕਾਇਮ

Sunday, Jul 11, 2021 - 04:30 PM (IST)

ਇਕ ਮਹੀਨੇ ਪਿੱਛੋਂ ਵੀ ਇਨਕਮ ਟੈਕਸ ਪੋਰਟਲ ''ਚ ਤਕਨੀਕੀ ਦਿੱਕਤਾਂ ਕਾਇਮ

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਦਾ ਨਵਾਂ ਪੋਰਟਲ ਸ਼ੁਰੂ ਹੋਏ ਇਕ ਮਹੀਨਾ ਬੀਤ ਜਾਣ ਪਿੱਛੋਂ ਵੀ ਇਸ ਵਿਚ ਤਕਨੀਕੀ ਦਿੱਕਤਾਂ ਹਾਲੇ ਵੀ ਕਾਇਮ ਹਨ। ਵਿੱਤ ਮੰਤਰੀ ਨੇ ਵੀ ਦੋ ਹਫ਼ਤੇ ਪਹਿਲਾਂ ਇਸ ਪੋਰਟਲ ਦੇ ਕੰਮਕਾਜ ਦੀ ਸਮੀਖਿਆ ਕੀਤੀ ਸੀ। 

ਚਾਰਟਰਡ ਅਕਾਉਂਟੈਂਟਸ (ਸੀ. ਏ.) ਦਾ ਕਹਿਣਾ ਹੈ ਕਿ ਇਸ ਪੋਰਟਲ 'ਤੇ ਕਈ ਚੀਜ਼ਾਂ ਜਿਵੇਂ ਈ-ਪ੍ਰੋਸੈਸਿੰਗ ਅਤੇ ਡਿਜੀਟਲ ਦਸਤਖ਼ਤ ਪ੍ਰਮਾਣ ਪੱਤਰ ਨੇ ਅਜੇ ਤੱਕ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੁਝ ਵਿਦੇਸ਼ੀ ਕੰਪਨੀਆਂ ਨੂੰ ਵੀ ਪੋਰਟਲ 'ਤੇ ਲਾਗਿੰਗ ਕਰਨ ਵਿਚ ਸਮੱਸਿਆ ਆ ਰਹੀ ਹੈ। ਕਾਫ਼ੀ ਜ਼ੋਰ-ਸ਼ੋਰ ਨਾਲ ਨਵੇਂ ਇਨਕਮ ਟੈਕਸ ਪੋਰਟਲ ਦੀ ਸ਼ੁਰੂਆਤ ਸੱਤ ਜੂਨ ਨੂੰ ਕੀਤੀ ਗਈ ਸੀ। ਸ਼ੁਰੂਆਤ ਤੋਂ ਹੀ ਪੋਰਟਲ 'ਤੇ ਤਕਨੀਕੀ ਦਿੱਕਤਾਂ ਆ ਰਹੀਆਂ ਹਨ। ਇਸੇ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 22 ਜੂਨ ਨੂੰ ਇੰਫੋਸਿਸ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਇੰਫੋਸਿਸ ਨੇ ਇਸ ਪੋਰਟਲ ਨੂੰ ਤਿਆਰ ਕੀਤਾ ਹੈ।

2019 ਵਿਚ ਇੰਫੋਸਿਸ ਨੂੰ ਇਸ ਦਾ ਠੇਕਾ ਮਿਲਿਆ ਸੀ। ਨਵੇਂ ਇਨਕਮ ਟੈਕਸ ਪੋਰਟਲ ਦਾ ਉਦੇਸ਼ ਰਿਟਰਨ ਦੀ ਜਾਂਚ ਦੇ ਸਮੇਂ ਨੂੰ 63 ਦਿਨਾਂ ਤੋਂ ਘਟਾ ਕੇ ਇਕ ਦਿਨ ਕਰਨਾ ਅਤੇ ਰਿਫੰਡ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਸੀ। ਹਾਲਾਂਕਿ, ਹਾਲੇ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਪਿਛਲੇ ਸਾਲਾਂ ਦੀ ਇਨਕਮ ਟੈਕਸ ਰਿਟਰਨ ਨਹੀਂ ਦਾਖ਼ਲ ਕਰ ਪਾ ਰਹੇ ਹਨ। ਮੁਲਾਂਕਣ ਸਾਲ 2019-20 ਤੇ ਉਸ ਤੋਂ ਪਹਿਲਾਂ ਦੇ ਸਾਲਾਂ ਲਈ ਇੰਟੀਮੇਸ਼ਨ ਨੋਟਿਸ ਡਾਊਨਲੋਡ ਨਹੀਂ ਕਰ ਪਾ ਰਹੇ ਹਨ, ਨਾਲ ਹੀ ਵਿਵਾਦ ਤੋਂ ਵਿਸ਼ਵਾਸ ਯੋਜਨਾ ਤਹਿਤ ਫਾਰਮ-3 ਪੋਰਟਲ 'ਤੇ ਨਹੀਂ ਮਿਲ ਰਿਹਾ ਹੈ। 


author

Sanjeev

Content Editor

Related News