ਬਜਟ 2021-22 ਲਈ ਇਸ ਵਾਰ ਈ-ਮੇਲ ਜ਼ਰੀਏ ਸੁਝਾਅ ਮੰਗੇਗੀ ਸਰਕਾਰ
Friday, Nov 13, 2020 - 06:37 PM (IST)

ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਫ਼ੈਸਲਾ ਕੀਤਾ ਹੈ ਕਿ ਉਹ ਅਗਲੇ ਬਜਟ ਦੀ ਤਿਆਰੀ ਦੇ ਸਿਲਸਿਲੇ 'ਚ ਵੱਖ-ਵੱਖ ਉਦਯੋਗ ਸੰਗਠਨਾਂ ਅਤੇ ਮਾਹਰਾਂ ਤੋਂ ਸੁਝਾਅ ਈ-ਮੇਲ ਜ਼ਰੀਏ ਲਵੇਗਾ।
ਵਿੱਤ ਮੰਤਰਾਲਾ ਆਮ ਬਜਟ 2021-22 'ਤੇ ਸੁਝਾਅ ਲੈਣ ਲਈ ਇਕ 'ਈ-ਮੇਲ ਆਈ. ਡੀ.' ਬਣਾਏਗਾ। ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਮੰਤਰਾਲਾ ਨੇ ਇਹ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ।
ਸਰਕਾਰ ਦਾ 'ਮਾਈਗੌਵ' ਪੋਰਟਲ ਵੀ ਆਮ ਜਨਤਾ ਤੋਂ ਬਜਟ 'ਤੇ ਸੁਝਾਅ ਲੈਣ ਲਈ ਮੰਚ ਉਪਲਬਧ ਕਰਾਏਗਾ। ਇਹ ਮੰਚ 15 ਨਵੰਬਰ ਤੋਂ 30 ਨਵੰਬਰ ਤੱਕ ਖੁੱਲ੍ਹਾ ਰਹੇਗਾ। ਵਿੱਤ ਮੰਤਰਾਲਾ ਸਾਲਾਂ ਤੋਂ ਸਾਲਾਨਾ ਬਜਟ ਤੋਂ ਪਹਿਲਾਂ ਨਾਰਥ ਬਲਾਕ 'ਚ ਉਦਯੋਗ ਸੰਘਾਂ, ਵਪਾਰ ਸੰਗਠਨਾਂ ਅਤੇ ਮਾਹਰਾਂ ਦੇ ਨਾਲ ਵਿਚਾਰ-ਵਟਾਂਦਰਾ ਕਰਦਾ ਹੈ। ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ, ''ਮਹਾਮਾਰੀ ਦੀ ਵਜ੍ਹਾ ਨਾਲ ਮੰਤਰਾਲਾ ਨੂੰ ਵੱਖ-ਵੱਖ ਹਲਕਿਆਂ ਤੋਂ ਬਜਟ ਤੋਂ ਪਹਿਲਾਂ ਵਿਚਾਰ-ਵਟਾਂਦਰਾ ਅਲੱਗ ਤਰੀਕੇ ਨਾਲ ਕਰਨ ਦੀ ਬੇਨਤੀ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਇਕ ਵਿਸ਼ੇਸ਼ ਈ-ਮੇਲ ਆਈ. ਡੀ. ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ 'ਤੇ ਵੱਖ-ਵੱਖ ਸੰਸਥਾਨ ਅਤੇ ਮਾਹਰਾਂ ਦਾ ਸੁਝਾਅ ਲਏ ਜਾਣਗੇ।''
ਮੰਤਰਾਲਾ ਨੇ ਕਿਹਾ ਕਿ ਇਸ ਬਾਰੇ ਸੂਚਨਾ ਜਲਦ ਜਾਰੀ ਕੀਤੀ ਜਾਵੇਗੀ। ਮੰਤਰਾਲਾ ਨੇ ਕਿਹਾ ਕਿ ਸਾਲਾਨਾ ਬਜਟ 2021-22 ਲਈ ਵਿਚਾਰ-ਵਟਾਂਦਰਾ ਦੀ ਪ੍ਰਕਿਰਿਆ 'ਚ ਹਿੱਸੇਦਾਰੀ ਵਧਾਉਣ ਅਤੇ ਇਸ ਨੂੰ ਜ਼ਿਆਦਾ ਲੋਕਤੰਤਰੀ ਬਣਾਉਣ ਲਈ ਸਰਕਾਰ ਨੇ ਮਾਈਗੌਵ ਪਲੇਟਫਾਰਮ 'ਤੇ ਮਾਈਕਰੋ-ਸਾਈਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜੋ 15 ਨਵੰਬਰ ਤੋਂ ਉਪਲਬਧ ਹੋਵੇਗੀ ਅਤੇ 30 ਨਵੰਬਰ ਤੱਕ ਬਜਟ ਬਾਰੇ ਸੁਝਾਅ ਲਏ ਜਾਣਗੇ।