ਜਨਵਰੀ ਦੇ ਅੱਧ ਤੱਕ ਖੰਡ ਉਤਪਾਦਨ ’ਚ 22 ਫੀਸਦੀ ਦਾ ਵਾਧਾ : ਇਸਮਾ

Wednesday, Jan 21, 2026 - 12:50 AM (IST)

ਜਨਵਰੀ ਦੇ ਅੱਧ ਤੱਕ ਖੰਡ ਉਤਪਾਦਨ ’ਚ 22 ਫੀਸਦੀ ਦਾ ਵਾਧਾ : ਇਸਮਾ

ਨਵੀਂ ਦਿੱਲੀ, (ਭਾਸ਼ਾ)- ਗੰਨੇ ਦੀ ਭਰਪੂਰ ਉਪਲੱਬਧਤਾ ਅਤੇ ਬਿਹਤਰ ਪੈਦਾਵਾਰ ਕਾਰਨ 2025-26 ਦੇ ਸੀਜ਼ਨ ’ਚ ਭਾਰਤ ਦਾ ਖੰਡ ਉਤਪਾਦਨ ਤੇਜ਼ੀ ਨਾਲ ਵਧਿਆ ਹੈ। ਭਾਰਤੀ ਖੰਡ ਅਤੇ ਬਾਇਓ-ਊਰਜਾ ਨਿਰਮਾਤਾ ਸੰਘ (ਇਸਮਾ) ਅਨੁਸਾਰ 15 ਜਨਵਰੀ ਤੱਕ ਦੇਸ਼ ਦਾ ਖੰਡ ਉਤਪਾਦਨ ਸਾਲਾਨਾ ਆਧਾਰ ’ਤੇ 22 ਫੀਸਦੀ ਵਧ ਕੇ 1.59 ਕਰੋੜ ਟਨ ਤੱਕ ਪਹੁੰਚ ਗਿਆ, ਜਦੋਂਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 1.3 ਕਰੋੜ ਟਨ ਸੀ। ਭਾਰਤ ’ਚ ਖੰਡ ਦਾ ਸੀਜ਼ਨ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ।

ਇਸਮਾ ਨੇ ਦੱਸਿਆ ਕਿ 15 ਜਨਵਰੀ ਤੱਕ ਦੇਸ਼ ’ਚ ਲੱਗਭਗ 518 ਖੰਡ ਮਿੱਲਾਂ ਚੱਲ ਰਹੀਆਂ ਸਨ, ਜਦੋਂਕਿ ਇਕ ਸਾਲ ਪਹਿਲਾਂ ਇਹ ਗਿਣਤੀ 500 ਸੀ। ਵਧੇਰੇ ਮਿੱਲਾਂ ਦੇ ਚੱਲਣ ਨਾਲ ਉਤਪਾਦਨ ਸਮਰੱਥਾ ਵਧੀ ਹੈ ਅਤੇ ਸਪਲਾਈ ਚੇਨ ਨੂੰ ਵੀ ਮਜ਼ਬੂਤੀ ਮਿਲੀ ਹੈ। ਮੁੱਖ ਉਤਪਾਦਕ ਸੂਬਿਆਂ ’ਚ ਮਿੱਲਾਂ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।

ਪ੍ਰਮੁੱਖ ਸੂਬਿਆਂ ਦਾ ਯੋਗਦਾਨ

ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਨੇ ਉਤਪਾਦਨ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਮਹਾਰਾਸ਼ਟਰ ’ਚ ਉਤਪਾਦਨ 42.7 ਲੱਖ ਟਨ ਤੋਂ 51 ਫੀਸਦੀ ਵਧ ਕੇ 64.5 ਲੱਖ ਟਨ ਹੋ ਗਿਆ। ਉੱਤਰ ਪ੍ਰਦੇਸ਼ ’ਚ ਉਤਪਾਦਨ 42.8 ਲੱਖ ਟਨ ਤੋਂ ਵਧ ਕੇ 46 ਲੱਖ ਟਨ ਦਰਜ ਕੀਤਾ ਗਿਆ, ਜਦੋਂਕਿ ਕਰਨਾਟਕ ’ਚ ਇਹ 27.5 ਲੱਖ ਟਨ ਤੋਂ ਵਧ ਕੇ 31 ਲੱਖ ਟਨ ਹੋ ਗਿਆ।

ਕੀਮਤਾਂ ’ਤੇ ਦਬਾਅ ਅਤੇ ਚੁਣੌਤੀਆਂ

ਹਾਲਾਂਕਿ, ਇਸਮਾ ਨੇ ਚਿਤਾਵਨੀ ਦਿੱਤੀ ਹੈ ਕਿ ਗੰਨੇ ਦੀ ਵਧਦੀ ਲਾਗਤ ਅਤੇ ਖੰਡ ਦੀਆਂ ਡਿੱਗਦੀਆਂ ਕੀਮਤਾਂ ਮਿੱਲਾਂ ਦੀ ਵਿੱਤੀ ਸਥਿਤੀ ਨੂੰ ਕਮਜ਼ੋਰ ਕਰ ਰਹੀਆਂ ਹਨ। ਮਹਾਰਾਸ਼ਟਰ ਅਤੇ ਕਰਨਾਟਕ ’ਚ ਖੰਡ ਦੀਆਂ ਕੀਮਤਾਂ ਡਿੱਗ ਕੇ ਲੱਗਭਗ 3,550 ਰੁਪਏ ਪ੍ਰਤੀ ਕੁਇੰਟਲ ਰਹਿ ਗਈਆਂ ਹਨ, ਜੋ ਕਿ ਉਤਪਾਦਨ ਦੀ ਲਾਗਤ ਤੋਂ ਘੱਟ ਹਨ।


author

Rakesh

Content Editor

Related News