ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 'ਚ 241 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ 23,453 ਦੇ ਪੱਧਰ 'ਤੇ ਬੰਦ

Monday, Nov 18, 2024 - 03:46 PM (IST)

ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 'ਚ 241 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ 23,453 ਦੇ ਪੱਧਰ 'ਤੇ ਬੰਦ

ਮੁੰਬਈ - ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਅਮਰੀਕੀ ਬਾਜ਼ਾਰਾਂ ਤੋਂ ਕਮਜ਼ੋਰ ਧਾਰਨਾ ਵਿਚਕਾਰ ਅੱਜ ਸੋਮਵਾਰ ਨੂੰ ਘਰੇਲੂ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।  ਬੀਐੱਸਈ ਦਾ ਸੈਂਸੈਕਸ 241.30 ਅੰਕ ਭਾਵ 0.31% ਦੀ ਗਿਰਾਵਟ ਨਾਲ 77,339.01 ਦੇ ਪੱਧਰ 'ਤੇ ਬੰਦ ਹੋਇਆ ਹੈ।  ਸੈਂਸੈਕਸ ਦੇ 30 ਸ਼ੇਅਰਾਂ 'ਚ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਐੱਨ.ਟੀ.ਪੀ.ਸੀ., ਐੱਚ.ਸੀ.ਐੱਲ. ਟੈਕਨਾਲੋਜੀਜ਼, ਐਕਸਿਸ ਬੈਂਕ, ਟੈਕ ਮਹਿੰਦਰਾ, ਬਜਾਜ ਫਿਨਸਰਵ, ਸਨ ਫਾਰਮਾ, ਇੰਡਸਇੰਡ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ, ਲਾਭ ਲੈਣ ਵਾਲਿਆਂ ਵਿੱਚ ਟਾਟਾ ਸਟੀਲ, ਹਿੰਦੁਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ, ਨੇਸਲੇ ਅਤੇ ਸਟੇਟ ਬੈਂਕ ਆਫ ਇੰਡੀਆ ਸ਼ਾਮਲ ਸਨ। 

ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ ਸ਼ੇਅਰ ਬਾਜ਼ਾਰਾਂ ਤੋਂ 22,420 ਕਰੋੜ ਰੁਪਏ ਕੱਢ ਲਏ ਹਨ। ਘਰੇਲੂ ਬਾਜ਼ਾਰ 'ਚ ਸ਼ੇਅਰਾਂ ਦੇ ਜ਼ਿਆਦਾ ਮੁੱਲਾਂਕਣ, ਚੀਨ 'ਚ ਸਸਤੇ ਸ਼ੇਅਰ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਬਾਂਡ ਯੀਲਡ ਵਧਣ ਕਾਰਨ ਨਿਵੇਸ਼ਕ ਬਾਜ਼ਾਰ 'ਚੋਂ ਪੈਸੇ ਕਢਵਾ ਰਹੇ ਹਨ। 'ਗੁਰੂ ਨਾਨਕ ਜੈਅੰਤੀ' ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਿਹਾ।

National Stock Exchange

ਦੂਜੇ ਪਾਸੇ NSE ਨਿਫਟੀ ਵੀ 78.90 ਅੰਕ ਭਾਵ 0.34% ਡਿੱਗ ਕੇ 23,453.80 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 50 ਸਟਾਕਾਂ ਵਿੱਚੋਂ, 21 ਵਿੱਚ ਵਾਧਾ ਅਤੇ 29 ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਵੀਰਵਾਰ ਨੂੰ ਵਿਕਰੇਤਾ ਸਨ ਅਤੇ ਉਨ੍ਹਾਂ ਨੇ ਸ਼ੁੱਧ 1,849.87 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 18 ਨਵੰਬਰ ਨੂੰ ਦਿਨ ਭਰ ਦੇ ਕਾਰੋਬਾਰ ਦਰਮਿਆਨ 600 ਅੰਕਾਂ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ। ਅੱਜ ਬੈਂਕਿੰਗ ਅਤੇ ਮੈਟਲ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਕਿ IT ਅਤੇ FMCG ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।

PunjabKesari

50 ਦਿਨਾਂ 'ਚ 50 ਲੱਖ ਕਰੋੜ ਦਾ ਨੁਕਸਾਨ

ਇਸ ਦੌਰਾਨ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 50 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 27 ਸਤੰਬਰ ਨੂੰ ਸੈਂਸੈਕਸ 85,978.25 ਅੰਕਾਂ ਦੇ ਰਿਕਾਰਡ ਉੱਚ ਪੱਧਰ 'ਤੇ ਸੀ ਅਤੇ ਬੀਐਸਈ ਦਾ ਮਾਰਕੀਟ ਕੈਪ 4.77 ਲੱਖ ਕਰੋੜ ਰੁਪਏ ਦੇ ਨੇੜੇ ਸੀ। ਇਸ ਦੇ ਨਾਲ ਹੀ 18 ਨਵੰਬਰ ਤੱਕ, ਸੈਂਸੈਕਸ 77,000 ਅੰਕਾਂ ਤੋਂ ਹੇਠਾਂ ਆ ਗਿਆ ਹੈ, ਜਿਸ ਕਾਰਨ ਬੀਐਸਈ ਦਾ ਮਾਰਕੀਟ ਕੈਪ 4.27 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਬੀਐਸਈ ਦੇ ਮਾਰਕਿਟ ਕੈਪ ਤੋਂ ਕਰੀਬ 50 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਸਿੱਧਾ ਨੁਕਸਾਨ ਹੋਇਆ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਲਾਭ 'ਚ ਜਦਕਿ ਜਾਪਾਨ ਦਾ ਨਿੱਕੇਈ ਘਾਟੇ 'ਚ ਰਿਹਾ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਖ ਨਾਲ ਬੰਦ ਹੋਏ। ਅੰਤਰਰਾਸ਼ਟਰੀ ਸਟੈਂਡਰਡ ਬ੍ਰੈਂਟ ਕਰੂਡ 0.51 ਫੀਸਦੀ ਦੇ ਵਾਧੇ ਨਾਲ 71.40 ਡਾਲਰ ਪ੍ਰਤੀ ਬੈਰਲ 'ਤੇ ਰਿਹਾ। 15 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.70% ਡਿੱਗ ਕੇ 43,444 'ਤੇ ਅਤੇ SP 500 1.32% ਡਿੱਗ ਕੇ 5,870 'ਤੇ ਆ ਗਿਆ। ਨੈਸਡੈਕ 2.24% ਡਿੱਗ ਕੇ 18,680 'ਤੇ ਬੰਦ ਹੋਇਆ। 

NTPC ਦੀ ਸਹਾਇਕ ਕੰਪਨੀ NTPC ਗ੍ਰੀਨ ਐਨਰਜੀ ਲਿਮਿਟੇਡ ਦਾ IPO 19 ਨਵੰਬਰ ਨੂੰ ਖੁੱਲ੍ਹੇਗਾ। ਨਿਵੇਸ਼ਕ ਇਸ ਪਬਲਿਕ ਇਸ਼ੂ ਲਈ 22 ਨਵੰਬਰ ਤੱਕ ਬੋਲੀ ਲਗਾ ਸਕਣਗੇ।

ਪਿਛਲੇ ਹਫਤੇ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ

ਇਸ ਤੋਂ ਪਹਿਲਾਂ ਵੀਰਵਾਰ ਯਾਨੀ 14 ਨਵੰਬਰ ਨੂੰ ਸੈਂਸੈਕਸ 110 ਅੰਕ ਡਿੱਗ ਕੇ 77,580 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 26 ਅੰਕ ਡਿੱਗ ਕੇ 23,532 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ BSE ਸਮਾਲਕੈਪ 429 ਅੰਕ ਵਧ ਕੇ 52,381 'ਤੇ ਬੰਦ ਹੋਇਆ।


author

Harinder Kaur

Content Editor

Related News