ਸਟਾਰ ਹੈਲਥ ਇੰਸ਼ੋਰੈਂਸ ਦੇ ਖਪਤਕਾਰ ਸਾਵਧਾਨ, ਲੀਕ ਹੋ ਗਿਆ ਹੈ ਕਰੋੜਾਂ ਲੋਕਾਂ ਦਾ ਡਾਟਾ!

Sunday, Sep 22, 2024 - 12:01 AM (IST)

ਨਵੀਂ ਦਿੱਲੀ- ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਦੇ ਕਰੋੜਾਂ ਖਪਤਕਾਰਾਂ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਦੇ ਲੱਗਭਗ 3.1 ਕਰੋੜ ਪਾਲਿਸੀ ਹੋਲਡਰਾਂ ਦੀਆਂ ਨਿੱਜੀ ਜਾਣਕਾਰੀਆਂ ਲੀਕ ਹੋ ਗਈਆਂ ਹਨ। ਇਨ੍ਹਾਂ ਨੂੰ ਹੈਕਰਸ ਵੱਲੋਂ ਚੈਟਬਾਟ ਦੇ ਜ਼ਰੀਏ ਟੈਲੀਗ੍ਰਾਮ ’ਤੇ ਉਪਲੱਬਧ ਕਰਾ ਦਿੱਤਾ ਗਿਆ ਹੈ।

ਇਸ ਡਾਟਾ ’ਚ ਖਪਤਕਾਰਾਂ ਨਾਲ ਜੁਡ਼ੀਆਂ ਸੰਵੇਦਨਸ਼ੀਲ ਜਾਣਕਾਰੀਆਂ ਮੌਜੂਦ ਹਨ। ਹਾਲਾਂਕਿ, ਸਟਾਰ ਹੈਲਥ ਨੇ ਕਿਹਾ ਹੈ ਕਿ ਡਾਟਾ ਚੋਰੀ ਦੀ ਇਹ ਘਟਨਾ ਵੱਡੀ ਨਹੀਂ ਹੈ। ਉਹ ਇਸ ਬਾਰੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੇ ਸੰਪਰਕ ’ਚ ਹੈ। ਹਾਲ ਹੀ ’ਚ ਟੈਲੀਗ੍ਰਾਮ ਦੇ ਫਾਊਂਡਰ ਪਾਵੇਲ ਡੁਰੋਵ ਨੂੰ ਅਪਰਾਧ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।

ਇਕ ਰਿਪੋਰਟ ਦੇ ਹਵਾਲੇ ਨਾਲ ਇਕ ਅੰਗ੍ਰੇਜ਼ੀ ਵੈੱਬਸਾਈਟ ਨੇ ਕਿਹਾ ਹੈ ਕਿ ਇਸ ਚੈਟਬਾਟ ਨੂੰ ਬਣਾਉਣ ਵਾਲੇ ਨੇ ਬ੍ਰਿਟੇਨ ਦੇ ਇਕ ਸਕਿਓਰਿਟੀ ਰਿਸਰਚਰ ਜੇਸਨ ਪਾਰਕਰ ਨੂੰ ਸਟਾਰ ਹੈਲਥ ਦੇ ਡਾਟਾ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੇ ਇਹ ਸੂਚਨਾ ਸੁਰੱਖਿਆ ਏਜੰਸੀਆਂ ਦੀ ਦਿੱਤੀ। ਰਿਪੋਰਟ ਅਨੁਸਾਰ ਪਾਲਿਸੀ ਹੋਲਡਰਾਂ ਦੀਆਂ ਨਿੱਜੀ ਜਾਣਕਾਰੀਆਂ ਟੈਲੀਗ੍ਰਾਮ ਦੇ ਜ਼ਰੀਏ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਜਿਹਾ ਦਾਅਵਾ ਕਰਨ ਵਾਲੇ ਸੈਂਪਲ ਵੀ ਮਿ ਕਰਾ ਮੁਹੱਈਆ ਕਰਵਾ ਰਹੇ ਹਨ। ਇਨ੍ਹਾਂ ’ਚ ਪਾਲਿਸੀ ਹੋਲਡਰਾਂ ਦੇ ਨਾਂ, ਮੋਬਾਈਲ ਨੰਬਰ, ਪਤਾ, ਟੈਕਸ ਵੇਰਵਾ, ਆਈ. ਡੀ. ਕਾਰਡ, ਟੈਸਟ ਰਿਜ਼ਲਟ ਅਤੇ ਮੈਡੀਕਲ ਕੰਡੀਸ਼ਨ ਦੀਆਂ ਜਾਣਕਾਰੀਆਂ ਮੌਜੂਦ ਹਨ। ਓਧਰ, ਕੰਪਨੀ ਨੇ ਕਿਹਾ ਹੈ ਕਿ ਖਪਤਕਾਰਾਂ ਦਾ ਡਾਟਾ ਸੁਰੱਖਿਅਤ ਹੈ।

ਚੈਟਬਾਟ ਦੇ ਜ਼ਰੀਏ ਹੋਣ ਵਾਲੇ ਅਪਰਾਧ ਰੋਕਣ ’ਚ ਅਸਫਲ ਟੈਲੀਗ੍ਰਾਮ

ਟੈਲੀਗ੍ਰਾਮ ਦੁਨੀਆ ਦੇ ਵੱਡੇ ਮੈਸੰਜਰ ਐਪ ’ਚੋਂ ਇਕ ਹੈ। ਇਸ ’ਤੇ ਲੱਗਭਗ 90 ਕਰੋੜ ਯੂਜ਼ਰਜ਼ ਹਨ। ਕੰਪਨੀ ਚੈਟਬਾਟ ਦੇ ਜ਼ਰੀਏ ਹੋਣ ਵਾਲੇ ਇਸ ਅਪਰਾਧ ’ਤੇ ਲਗਾਮ ਲਾਉਣ ’ਚ ਅਸਫਲ ਸਾਬਤ ਹੋ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਦੀ ਡਾਟਾ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਜੇਸਨ ਪਾਰਕਰ ਨੇ ਇਕ ਡਾਟਾ ਖਰੀਦਦਾਰ ਬਣ ਕੇ ਜੇਨਜੇਨ ਨਾਂ ਦੇ ਇਸ ਹੈਕਰ ਨਾਲ ਸੰਪਰਕ ਕੀਤਾ ਸੀ। ਜੇਨਜੇਨ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 7.24 ਟੈਰਾਬਾਈਟ ਡਾਟਾ ਹੈ। ਫਿਲਹਾਲ ਇਹ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਇਹ ਡਾਟਾ ਉਸ ਹੈਕਰ ਕੋਲ ਕਿਵੇਂ ਪਹੁੰਚਿਆ।


Rakesh

Content Editor

Related News