ਸੋਨੇ ’ਚ ਆਈ ਗਿਰਾਵਟ ਕੀ ਇਕ ਠਹਿਰਾਅ ਹੈ ਜਾਂ ਅੱਗੇ ਹੋਰ ਤੇਜ਼ੀ ਹੋਵੇਗੀ?

Saturday, Oct 25, 2025 - 11:42 AM (IST)

ਸੋਨੇ ’ਚ ਆਈ ਗਿਰਾਵਟ ਕੀ ਇਕ ਠਹਿਰਾਅ ਹੈ ਜਾਂ ਅੱਗੇ ਹੋਰ ਤੇਜ਼ੀ ਹੋਵੇਗੀ?

ਨਵੀਂ ਦਿੱਲੀ (ਇੰਟ.) - ਸੋਨੇ ਦੀਆਂ ਕੀਮਤਾਂ ’ਚ ਆਈ ਹਾਲੀਆ ਗਿਰਾਵਟ ਨੇ ਨਿਵੇਸ਼ਕਾਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਸੋਨੇ ਨੇ ਇਕ ਜ਼ਬਰਦਸਤ ਉਛਾਲ ਵੇਖਿਆ ਸੀ। ਇਹ ਰਿਕਾਰਡ ਉਚਾਈ ’ਤੇ ਪਹੁੰਚ ਗਿਆ ਸੀ। ਇਹ ਗਿਰਾਵਟ ਅਜਿਹੇ ਸਮੇਂ ’ਚ ਆਈ ਹੈ ਜਦੋਂ ਇਹ ਪੀਲੀ ਧਾਤੂ ਇਸ ਸਾਲ 60 ਫ਼ੀਸਦੀ ਤੋਂ ਜ਼ਿਆਦਾ ਵਧ ਚੁੱਕੀ ਹੈ, ਇਸ ਲਈ ਵੱਡਾ ਸਵਾਲ ਇਹ ਹੈ ਕਿ ਕੀ ਇਹ ਤੇਜ਼ੀ ਹੁਣ ਰੁਕ ਗਈ ਹੈ, ਜਾਂ ਇਹ ਸਿਰਫ ਇਕ ਛੋਟੀ-ਜਿਹੀ ਬ੍ਰੇਕ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤੇਜ਼ੀ ਨੂੰ ਸਮਝਣ ਲਈ ਸਾਨੂੰ ਇਸ ਦੇ ਕਾਰਨਾਂ ’ਤੇ ਧਿਆਨ ਦੇਣਾ ਹੋਵੇਗਾ, ਜਿਨ੍ਹਾਂ ਨੇ ਕਈ ਪੁਰਾਣੇ ਆਰਥਕ ਨਿਯਮਾਂ ਨੂੰ ਤੋੜ ਦਿੱਤਾ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਬਾਜ਼ਾਰ ’ਚ ਬਹੁਤ ਜ਼ਿਆਦਾ ਪੈਸੇ ਦੀ ਵਜ੍ਹਾ ਨਾਲ ਹੈ ਤੇਜ਼ੀ

ਸੋਨੇ ਦਾ ਇਹ ਪੈਰਾਬੋਲਿਕ ਵਾਧਾ ਉਦੋਂ ਹੋਇਆ ਜਦੋਂ ਕ੍ਰਿਪਟੋਕਰੰਸੀ ਅਤੇ ਸ਼ੇਅਰ ਬਾਜ਼ਾਰ ਵਰਗੀਆਂ ਹੋਰ ਜਾਇਦਾਦਾਂ ਵੀ ਇਕੱਠੀਆਂ ਵਧ ਰਹੀਆਂ ਸਨ। ਇਸ ਤੇਜ਼ੀ ਦਾ ਮੁੱਖ ਕਾਰਨ ਬੇਮਿਸਾਲ ਤਰਲਤਾ (ਬਾਜ਼ਾਰ ’ਚ ਬਹੁਤ ਜ਼ਿਆਦਾ ਪੈਸਾ) ਰਹੀ ਹੈ, ਜਿਸ ਦੇ ਸਾਹਮਣੇ ਸੋਨੇ ਨੇ ਲੱਗਭਗ ਹਰ ਦੂਜੀ ਕਮੋਡਿਟੀ ਨੂੰ ਪਿੱਛੇ ਛੱਡ ਦਿੱਤਾ ਹੈ। ਤਰਾਸਦੀ ਇਹ ਹੈ ਕਿ ਸੋਨਾ ਜੋ ਹਮੇਸ਼ਾ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਅਤੇ ਜੋ ਬਾਜ਼ਾਰ ਡਿੱਗਣ ’ਤੇ ਵਧਦਾ ਹੈ, ਇਸ ਵਾਰ ਡਾਲਰ ਦੇ ਕਮਜ਼ੋਰ ਹੋਣ ਦੇ ਬਾਵਜੂਦ ਵਧਿਆ, ਜਦੋਂ ਕਿ ਹੋਰ ਬਾਜ਼ਾਰ ਵੀ ਮਜ਼ਬੂਤ ਹੋ ਰਹੇ ਸਨ।

ਇਹ ਵੀ ਪੜ੍ਹੋ :     ਆਲ ਟਾਈਮ ਹਾਈ ਤੋਂ ਠਾਹ ਡਿੱਗਾ ਸੋਨਾ, ਚਾਂਦੀ ਵੀ 30350 ਰੁਪਏ ਟੁੱਟੀ, ਜਾਣੋ 24-23-22-18K ਦੇ ਭਾਅ

ਗੋਲਡ ਈ. ਟੀ. ਐੱਫ. ਦੀ ਖਰੀਦਦਾਰੀ ਦਾ ਅਸਰ

ਇਕ ਰਿਪੋਰਟ ਮੁਤਾਬਕ ਇਸ ਤੇਜ਼ੀ ਦਾ ਮੁੱਖ ਕਾਰਨ ਤਿੰਨ ਸਾਲ ਪਹਿਲਾਂ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। ਉਸ ਸਮੇਂ ਪੂਰੀ ਦੁਨੀਆ ਦੇ ਕੇਂਦਰੀ ਬੈਂਕਾਂ ਨੇ ਅਮਰੀਕੀ ਡਾਲਰ ਤੋਂ ਹਟ ਕੇ ਸੋਨੇ ਦੀ ਖਰੀਦਦਾਰੀ ਵਧਾ ਦਿੱਤੀ, ਤਾਂ ਜੋ ਉਹ ਆਪਣੇ ਵਿਦੇਸ਼ੀ ਕਰੰਸੀ ਭੰਡਾਰ ਨੂੰ ਸੁਰੱਖਿਅਤ ਰੱਖ ਸਕਣ। ਇਸ ਮੰਗ ਨੇ ਸੋਨੇ ਦੇ ਮੁੱਲ ’ਚ ਮੱਧਮ ਪਰ ਸਥਿਰ ਵਾਧਾ ਕੀਤਾ। ਹਾਲਾਂਕਿ, ਹਾਲ ਦੇ ਮਹੀਨਿਆਂ ’ਚ ਆਈ ਤੇਜ਼ੀ ਦਾ ਇਕ ਵੱਖਰਾ ਕਾਰਨ ਗੋਲਡ ਈ. ਟੀ. ਐੱਫ. (ਐਕਸਚੇਂਜ ਟ੍ਰੇਡਿਡ ਫੰਡ) ’ਚ ਵੱਡੇ ਪੱਧਰ ’ਤੇ ਖਰੀਦਦਾਰੀ ਵੀ ਹੈ। ਇਹ ਫੰਡ ਸੋਨੇ ਦੀਆਂ ਕੀਮਤਾਂ ’ਤੇ ਆਧਾਰਿਤ ਹੁੰਦੇ ਹਨ ਅਤੇ ਸਟਾਕ ਐਕਸਚੇਂਜ ’ਚ ਟ੍ਰੇਡ ਹੁੰਦੇ ਹਨ। ਜਦੋਂ ਇਹ ਈ. ਟੀ. ਐੱਫ. ਖਰੀਦੇ ਜਾਂਦੇ ਹਨ, ਤਾਂ ਪਿੱਛੇ ਅਸਲੀ ਭੌਤਿਕ ਸੋਨਾ ਵੀ ਖਰੀਦਣਾ ਪੈਂਦਾ ਹੈ, ਜਿਸ ਨਾਲ ਭੌਤਿਕ ਸੋਨੇ ਦੀ ਮੰਗ ਵੀ ਵਧ ਜਾਂਦੀ ਹੈ ਅਤੇ ਮੁੱਲ ਉੱਪਰ ਚਲੇ ਜਾਂਦੇ ਹਨ। ਇਹ ਸਭ ਬਾਜ਼ਾਰ ’ਚ ਫੈਲੀ ਹੋਈ ਬਹੁਤ ਜ਼ਿਆਦਾ ਤਰਲਤਾ ਦਾ ਨਤੀਜਾ ਹੈ। ਉਦਾਹਰਣ ਲਈ ਭਾਰਤ ’ਚ ਹੀ, ਗੋਲਡ ਈ. ਟੀ. ਐੱਫ. ’ਚ ਨਿਵੇਸ਼ ਪਿਛਲੇ ਸਾਲ ਦੇ ਮੁਕਾਬਲੇ ਸਤੰਬਰ ’ਚ ਵਧ ਗਿਆ ਹੈ, ਜੋ ਇਸ ਗਲੋਬਲ ਰੁਝਾਨ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     ਸੋਨੇ-ਚਾਂਦੀ ਦੀਆਂ ਕੀਮਤਾਂ 'ਚ 10% ਤੱਕ ਦੀ ਗਿਰਾਵਟ, ਕੀ ਖ਼ਤਮ ਹੋ ਗਿਆ Gold ਰੈਲੀ ਦਾ ਦੌਰ?

ਸੋਨੇ ’ਚ ਤੇਜ਼ੀ ਆਉਣ ਦੀਆਂ ਸੰਭਾਵਨਾਵਾਂ ਅਜੇ ਵੀ

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਤੇਜ਼ੀ ਖਤਮ ਹੋ ਗਈ ਹੈ? ਜ਼ਿਆਦਾਤਰ ਮਾਹਰ ਮੰਨਦੇ ਹਨ ਕਿ ਇਹ ਸਿਰਫ਼ ਇਕ ਠਹਿਰਾਅ ਹੈ। ਉਨ੍ਹਾਂ ਅਨੁਸਾਰ ਇਹ ਗਿਰਾਵਟ ਮੁਨਾਫਾ ਬੁਕਿੰਗ ਅਤੇ ਹੋਰ ਜਾਇਦਾਦਾਂ ’ਚ ਉਛਾਲ ਕਾਰਨ ਆਈ ਹੋ ਸਕਦੀ ਹੈ। ਸੋਨੇ ਦੇ ‘ਸੁਰੱਖਿਅਤ ਨਿਵੇਸ਼’ ਬਣੇ ਰਹਿਣ ਕਾਰਨ ਅਜੇ ਵੀ ਮਜ਼ਬੂਤ ਹਨ, ਜਿਵੇਂ ਕਿ ਪੂਰੀ ਦੁਨੀਆ ਦੇ ਕੇਂਦਰੀ ਬੈਂਕ ਆਪਣੀ ਤਰਲਤਾ ਅਤੇ ਨੀਤੀਗਤ ਦਰਾਂ ’ਤੇ ਆਪਣਾ ਇਤਿਹਾਸਕ ਰੁਖ਼ ਬਣਾਈ ਰੱਖ ਰਹੇ ਹਨ, ਨਾਲ ਹੀ ਰੂਸ-ਯੂਕ੍ਰੇਨ ਜੰਗ ਅਤੇ ਅਮਰੀਕਾ ਦੇ ਵਧਦੇ ਕਰਜ਼ੇ ਵਰਗੀਆਂ ਗਲੋਬਲ ਬੇਭਰੋਸਗੀਆਂ ਅਜੇ ਵੀ ਮੌਜੂਦ ਹਨ। ਇਸ ਤੋਂ ਇਲਾਵਾ ਸੋਨੇ ਦੀ ਸਪਲਾਈ ਬਹੁਤ ਸੀਮਤ ਹੈ, ਜੋ ਹਰ ਸਾਲ ਸਿਰਫ 2 ਤੋਂ 3 ਫ਼ੀਸਦੀ ਹੀ ਵਧਦੀ ਹੈ, ਜਦੋਂ ਕਿ ਡਾਲਰ ਦੀ ਸਪਲਾਈ 6 ਤੋਂ 8 ਫ਼ੀਸਦੀ ਤੱਕ ਵਧ ਸਕਦੀ ਹੈ। ਇਸ ਲਈ ਸਪਲਾਈ-ਮੰਗ ਦੇ ਨਜ਼ਰੀਏ ਨਾਲ ਵੇਖੀਏ ਤਾਂ ਸੋਨੇ ਦੀ ਤੇਜ਼ੀ ਕੁਝ ਸਮਾਂ ਹੋਰ ਜਾਰੀ ਰਹਿ ਸਕਦੀ ਹੈ।

ਇਹ ਵੀ ਪੜ੍ਹੋ :    1 ਨਵੰਬਰ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ , ਕਈ ਚੀਜ਼ਾਂ ਦੀਆਂ ਕੀਮਤਾਂ 'ਚ ਆਵੇਗਾ ਵੱਡਾ ਬਦਲਾਅ

ਫਿਰ ਤੋਂ ਵਧ ਸਕਦੀ ਹੈ ਸੋਨੇ ਦੀ ਖਿੱਚ

ਸੋਨੇ ਦੀ ਇਸ ਤੇਜ਼ੀ ’ਤੇ ਫੈਸਲਾਕੁੰਨ ਰੂਪ ’ਚ ਅਸਰ ਪਾਉਣ ਵਾਲਾ ਸਭ ਤੋਂ ਵੱਡਾ ਕਾਰਕ ਮਹਿੰਗਾਈ ਦੀ ਵੱਡੀ ਵਾਪਸੀ ਹੋਵੇਗੀ। ਜੇਕਰ ਮਹਿੰਗਾਈ ਤੇਜ਼ੀ ਨਾਲ ਪਰਤਦੀ ਹੈ, ਤਾਂ ਅਮਰੀਕੀ ਫੈਡਰਲ ਰਿਜ਼ਰਵ ਨੂੰ ਬਾਜ਼ਾਰ ਤੋਂ ਪੈਸਾ ਵਾਪਸ ਖਿੱਚਣਾ ਪੈ ਸਕਦਾ ਹੈ, ਜਿਸ ਨਾਲ ਸੋਨੇ ਦੀ ਖਿੱਚ ’ਚ ਕਮੀ ਆ ਸਕਦੀ ਹੈ। ਹਾਲਾਂਕਿ, ਦੂਜੇ ਪਾਸੇ ਜੇਕਰ ਅਜਿਹਾ ਹੁੰਦਾ ਹੈ ਅਤੇ ਸ਼ੇਅਰ ਬਾਜ਼ਾਰ ’ਚ ਗਿਰਾਵਟ ਆਉਂਦੀ ਹੈ, ਤਾਂ ਸੁਰੱਖਿਅਤ ਨਿਵੇਸ਼ ਦੇ ਤੌਰ ’ਤੇ ਸੋਨੇ ਦੀ ਖਿੱਚ ਫਿਰ ਤੋਂ ਵਧ ਸਕਦੀ ਹੈ। ਕੁੱਲ ਮਿਲਾ ਕੇ ਮੌਜੂਦਾ ਸਮੇਂ ’ਚ ਸੋਨੇ ਦਾ ਬਾਜ਼ਾਰ ਕਈ ਮੁਸ਼ਕਲ ਆਰਥਕ ਅਤੇ ਰਾਜਨੀਤਕ ਕਾਰਕਾਂ ਤੋਂ ਪ੍ਰਭਾਵਿਤ ਹੋ ਰਿਹਾ ਹੈ।


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News