ਭਾਰਤ ਦੇ ਲੋਕਾਂ ਨੂੰ ਅਪ੍ਰੈਲ ਤੋਂ ਮਿਲ ਸਕਦੀ ਹੈ ਕੋਵਿਡ-19 ਵੈਕਸੀਨ : ਪੂਨਾਵਾਲਾ
Friday, Nov 20, 2020 - 02:13 PM (IST)
ਨਵੀਂ ਦਿੱਲੀ— ਭਾਰਤ ਦੇ ਸੀਰਮ ਇੰਸਟੀਚਿਊਟ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਵੈਕਸੀਨ ਦੇ ਆਉਣ 'ਚ ਹੁਣ ਸਿਰਫ਼ 3-4 ਮਹੀਨਿਆਂ ਦਾ ਸਮਾਂ ਹੀ ਲੱਗੇਗਾ।
ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਕਿਹਾ ਕਿ ਬ੍ਰਿਟੇਨ 'ਚ ਐਸਟ੍ਰਾਜ਼ੇਨੇਕਾ ਦੇ ਟ੍ਰਾਇਲ ਇਸ ਮਹੀਨੇ ਦੇ ਅੰਤ ਤੱਕ ਸਮਾਪਤ ਹੋਣ ਦੀ ਉਮੀਦ ਹੈ, ਜਿਨ੍ਹਾਂ ਦੇ ਨਤੀਜਿਆਂ ਦੇ ਆਧਾਰ 'ਤੇ ਇੱਥੇ 'ਕੋਵੀਸ਼ੀਲਡ' ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਲਈ ਜਾਵੇਗੀ। 'ਕੋਵੀਸ਼ੀਲਡ' ਵੈਕਸੀਨ ਆਕਸਫੋਰਡ ਅਤੇ ਐਸਟਰਾਜ਼ੇਨੇਕਾ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਹੈ, ਭਾਰਤ 'ਚ ਸੀਰਮ ਇੰਸਟੀਚਿਊਟ ਇਸ ਨੂੰ ਬਣਾ ਰਿਹਾ ਹੈ।
ਇਹ ਵੀ ਪੜ੍ਹੋ- ICICI ਬੈਂਕ ਦੀ ਸੌਗਾਤ, ਬਿਨਾਂ ਕਾਰਡ EMI 'ਤੇ ਖ਼ਰੀਦ ਸਕੋਗੇ ਕੋਈ ਵੀ ਸਾਮਾਨ
ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਰਿਹਾ ਤਾਂ ਸਭ ਤੋਂ ਪਹਿਲਾਂ ਜਨਵਰੀ ਜਾਂ ਫਰਵਰੀ 'ਚ ਕੋਰੋਨਾ ਦੇ ਵੱਧ ਜੋਖਮ ਵਾਲੇ ਲੋਕਾਂ ਲਈ ਇਹ ਉਪਲਬਧ ਕਰਾ ਦਿੱਤੀ ਜਾਵੇਗੀ ਅਤੇ ਮਾਰਚ ਜਾਂ ਫਿਰ ਅਪ੍ਰੈਲ ਤੱਕ ਆਮ ਜਨਤਾ ਲਈ ਇਸ ਨੂੰ ਉਪਲਬਧ ਕਰਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਪੂਨਾਵਾਲਾ ਨੇ ਕਿਹਾ ਕਿ ਜਨਰਲ ਪਬਲਿਕ ਲਈ ਇਹ ਵੈਕਸੀਨ ਤਕਰੀਬਨ 500-600 ਰੁਪਏ ਦੀ ਹੋਵੇਗੀ। ਹਾਲਾਂਕਿ, ਸਰਕਾਰ ਨੂੰ ਇਹ ਸਸਤੇ 'ਚ ਮਿਲੇਗੀ ਕਿਉਂਕਿ ਉਹ ਵੱਡੀ ਮਾਤਰਾ 'ਚ ਵੈਕਸੀਨ ਖ਼ਰੀਦੇਗੀ। ਉਨ੍ਹਾਂ ਕਿਹਾ ਕਿ ਜੇਕਰ ਸਭ ਕੁਝ ਯੋਜਨਾ ਮੁਤਾਬਕ ਰਿਹਾ ਤਾਂ ਮਾਰਚ ਜਾਂ ਅਪ੍ਰੈਲ ਤੱਕ ਦੋ ਖ਼ੁਰਾਕਾਂ ਵਾਲੀਆਂ 30-40 ਕਰੋੜ ਵੈਕਸੀਨ ਨੂੰ ਤਿਆਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! 50 ਹਜ਼ਾਰ ਤੋਂ ਥੱਲ੍ਹੇ ਉਤਰਿਆ ਸੋਨਾ, ਜਾਣੋ 10 ਗ੍ਰਾਮ ਦਾ ਮੁੱਲ
ਪੂਨਾਵਾਲਾ ਨੇ ਕਿਹਾ ਕਿ ਮੌਜੂਦਾ ਸਮੇਂ ਉਨ੍ਹਾਂ ਦੀ ਕੰਪਨੀ ਦੀ ਸਮਰੱਥਾ 5-6 ਕਰੋੜ ਖ਼ੁਰਾਕਾਂ ਬਣਾਉਣ ਦੀ ਹੈ, ਫਰਵਰੀ ਤੱਕ ਇਸ ਨੂੰ ਵਧਾ ਕੇ 10 ਕਰੋੜ ਖ਼ੁਰਾਕਾਂ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ। ਕੰਪਨੀ ਨੇਪਾਲ ਅਤੇ ਕੁਝ ਅਫਰੀਕੀ ਦੇਸ਼ਾਂ ਨੂੰ ਵੀ ਇਸ ਦੀ ਸਪਲਾਈ ਲਈ ਗੱਲਬਾਤ ਕਰ ਰਹੀ ਹੈ ਪਰ ਬੰਗਲਾਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ਼ ਨਾਲ ਦੁਵੱਲੇ ਸਮਝੌਤੇ 'ਤੇ ਦਸਤਖ਼ਤ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਭ ਤੋਂ ਪਹਿਲੀ ਤਰਜੀਹ ਭਾਰਤ ਹੈ।