ਬਜਟ ਦਿਨ ਤੋਂ ਲੈ ਕੇ ਸੈਂਸੈਕਸ 'ਚ 5000 ਦਾ ਉਛਾਲ, 51300 ਤੋਂ ਉਪਰ ਬੰਦ
Monday, Feb 08, 2021 - 03:53 PM (IST)
ਮੁੰਬਈ- ਪਿਛਲੇ ਹਫ਼ਤੇ ਜਾਰੀ ਬਜਟ ਤੋਂ ਲੈ ਕੇ ਲਗਾਤਾਰ 6ਵੇਂ ਕਾਰੋਬਾਰੀ ਸੈਸ਼ਨ ਭਾਰਤੀ ਬਾਜ਼ਾਰ ਸ਼ਾਨਦਾਰ ਬੜ੍ਹਤ ਵਿਚ ਬੰਦ ਹੋਏ ਹਨ। ਸੈਂਸੈਕਸ 617 ਅੰਕ ਯਾਨੀ 1.2 ਫ਼ੀਸਦੀ ਦੀ ਤੇਜ਼ੀ ਨਾਲ 51,348.77 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਨਿਫਟੀ 191.55 ਅੰਕ ਯਾਨੀ 1.2 ਫ਼ੀਸਦੀ ਦੀ ਛਲਾਂਗ ਨਾਲ ਪਹਿਲੀ ਵਾਰ 15 ਹਜ਼ਾਰ ਤੋਂ ਪਾਰ 15,115.80 ਦੇ ਪੱਧਰ 'ਤੇ ਪਹੁੰਚਣ ਵਿਚ ਸਫ਼ਲ ਰਿਹਾ।
ਸੋਮਵਾਰ ਦੇ ਕਾਰੋਬਾਰ ਵਿਚ ਬੈਂਕ, ਆਈ. ਟੀ. ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਬਾਜ਼ਾਰ ਰੈਲੀ ਦੀ ਅਗਵਾਈ ਕੀਤੀ। ਸੈਂਸੈਕਸ ਦੇ 30 ਸਟਾਕਸ ਵਿਚੋਂ 24 ਹਰੇ ਨਿਸ਼ਾਨ 'ਤੇ ਬੰਦ ਹੋਏ, ਜਦੋਂ 6 ਲਾਲ ਨਿਸ਼ਾਨ ਵਿਚ ਸਮਾਪਤ 'ਤੇ ਹੋਏ।
ਹੁਣ ਤੱਕ ਦੇ 6 ਕਾਰੋਬਾਰੀ ਸੈਸ਼ਨ ਵਿਚ ਸੈਂਸੈਕਸ ਤਕਰੀਬਨ 5,000 ਅੰਕ ਚੜ੍ਹ ਚੁੱਕਾ ਹੈ, ਜਦੋਂ ਕਿ ਨਿਫਟੀ ਨੇ ਲਗਭਗ 1500 ਅੰਕ ਦੀ ਬੜ੍ਹਤ ਦਰਜ ਕੀਤੀ ਹੈ। ਉੱਥੇ ਹੀ, 8 ਫਰਵਰੀ ਦੇ ਕਾਰੋਬਾਰ ਵਿਚ ਆਟੋ, ਮੈਟਲ ਅਤੇ ਆਈ. ਟੀ. ਨੇ ਖਰਾ ਪ੍ਰਦਰਸ਼ਨ ਕੀਤਾ, ਜਦੋਂ ਕਿ ਐੱਫ. ਐੱਮ. ਸੀ. ਜੀ. ਕੰਪਨੀਆਂ ਅਤੇ ਪੀ. ਐੱਸ. ਯੂ. ਬੈਂਕਾਂ ਦਾ ਪ੍ਰਦਰਸ਼ਨ ਖ਼ਰਾਬ ਰਿਹਾ। ਨਿਫਟੀ 50 ਦੇ 40 ਸਟਾਕਸ ਮਜਬੂਤੀ ਵਿਚ ਬੰਦ ਹੋਏ। ਸੈਕਟਰਲ ਇੰਡੈਕਸ ਵਿਚ ਨਿਫਟੀ ਮਿਡਕੈਪ ਅਤੇ ਸਮਾਲਕੈਪ ਦੋਵੇਂ 1.5-1.5 ਫ਼ੀਸਦੀ ਦੀ ਤੇਜ਼ੀ ਨਾਲ ਬੰਦ ਹੋਏ। ਐੱਨ. ਐੱਸ. ਈ. ਦੇ 1,164 ਸਟਾਕਸ ਹਰੇ ਨਿਸ਼ਾਨ 'ਤੇ, ਜਦੋਂ ਕਿ 746 ਗਿਰਾਵਟ ਵਿਚ ਸਮਾਪਤ ਹੋਏ। ਗਲੋਬਲ ਬਾਜ਼ਾਰਾਂ ਵਿਚ ਵੀ ਜ਼ਿਆਦਾਤਰ ਮਜਬੂਤੀ ਵਿਚ ਸਨ।