ਇਨਸਾਈਡਰ ਟ੍ਰੇਡਿੰਗ ਉਲੰਘਣਾ ਦੇ ਮਾਮਲੇ ’ਚ ਸੇਬੀ ਨੇ ਨੈਸਲੇ ਇੰਡੀਆ ਨੂੰ ਦਿੱਤੀ ਚਿਤਾਵਨੀ
Saturday, Mar 08, 2025 - 04:52 AM (IST)

ਮੁੰਬਈ – ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਇਨਸਾਈਡਰ ਟ੍ਰੇਡਿੰਗ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਐੱਫ. ਐੱਮ. ਸੀ. ਜੀ. ਪ੍ਰਮੁੱਖ ‘ਨੈਸਲੇ ਇੰਡੀਆ’ ਨੂੰ ਪ੍ਰਸ਼ਾਸਨਿਕ ਚਿਤਾਵਨੀ ਜਾਰੀ ਕੀਤੀ ਹੈ। ਇਸ ਬਾਰੇ ਕੰਪਨੀ ਨੇ ਸ਼ੁੱਕਰਵਾਰ ਨੂੰ ਐਕਸਚੇਂਜਾਂ ਨੂੰ ਜਾਣਕਾਰੀ ਦਿੱਤੀ। ਸੇਬੀ ਦੇ ਡਿਪਟੀ ਜਨਰਲ ਮੈਨੇਜਰ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਕੰਪਨੀ ਦੇ ਕਮਰਸ਼ੀਅਲ ਅਧਿਕਾਰੀ (ਸੀ. ਸੀ. ਓ.) ਨੂੰ ਭੇਜੀ ਗਈ ਸੀ। ਨੈਸਲੇ ਇੰਡੀਆ ਨੇ ਸਟਾਕ ਐਕਸਚੇਂਜ ਫਾਈਲਿੰਗ ’ਚ ਖੁਲਾਸਾ ਕੀਤਾ ਕਿ ਕੰਪਨੀ ਨੂੰ 6 ਮਾਰਚ 2025 ਨੂੰ ਸੇਬੀ ਦਾ ਪੱਤਰ ਮਿਲਿਆ।
ਕੰਪਨੀ ਦੇ ਅੰਦਰ ਇਕ ਨਾਮਜ਼ਦ ਵਿਅਕਤੀ ਵੱਲੋਂ ਇਹ ਉਲੰਘਣਾ ਕੀਤਾ ਗਿਆ ਸੀ। ਹਾਲਾਂਕਿ ਕਾਫੀ ਅਤੇ ਚਾਹ ਨਿਰਮਾਤਾ ਨੇ ਸਪੱਸ਼ਟ ਕੀਤਾ ਕਿ ਇਸ ਮੁੱਦੇ ਦਾ ਉਸ ਦੇ ਵਿੱਤੀ, ਸੰਚਾਲਨ ਜਾਂ ਦੂਜੀਆਂ ਬਿਜ਼ਨੈੱਸ ਗਤੀਵਿਧੀਆਂ ’ਤੇ ਕੋਈ ਅਸਰ ਨਹੀਂ ਪੈਂਦਾ ਹੈ। ਸੇਬੀ ਅਨੁਸਾਰ ਉਲੰਘਣਾ ’ਚ ‘ਕਾਂਟਰਾ ਟ੍ਰੇਡ’ ਸ਼ਾਮਲ ਸੀ। ਅਜਿਹਾ ਉਦੋਂ ਹੁੰਦਾ ਹੈ ਜਦ ਕੋਈ ਇਨਸਾਈਡਰ ਸ਼ਾਰਟ-ਟਰਮ ਪ੍ਰਾਫਿਟ ਦੇ ਮਕਸਦ ਨਾਲ ਉਸੇ ਸੁਰੱਖਿਆ ’ਚ ਪਿਛਲੇ ਲੈਣ-ਦੇਣ ਦੇ 6 ਮਹੀਨਿਆਂ ਦੇ ਅੰਦਰ ਸ਼ੇਅਰ ਖਰੀਦਦਾ ਜਾਂ ਵੇਚਦਾ ਹੈ।
ਸੇਬੀ ਦੇ ਬੋਰਡ ਮੈਂਬਰਾਂ ਲਈ ਹਿੱਤਾਂ ਦੇ ਟਕਰਾਅ ਬਾਰੇ ਦੱਸਣ ਦੀ ਵਿਵਸਥਾ ਨੂੰ ਲੈ ਕੇ ਆਵਾਂਗੇ : ਚੇਅਰਮੈਨ ਪਾਂਡੇ
ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੇ ਨਵੇਂ ਚੇਅਰਮੈਨ ਤੁਹਿਨਕਾਂਤ ਪਾਂਡੇ ਨੇ ਇਕ ਅਜਿਹੀ ਵਿਵਸਥਾ ਲੈ ਕੇ ਆਉਣ ਦਾ ਵਾਅਦਾ ਕੀਤਾ, ਜਿਸ ’ਚ ਸੇਬੀ ਬੋਰਡ ਦੇ ਮੈਂਬਰਾਂ ਲਈ ਹਿੱਤਾਂ ਦੇ ਟਕਰਾਅ ਬਾਰੇ ਜਨਤਾ ਨੂੰ ਦੱਸਣਾ ਜ਼ਰੂਰੀ ਹੋਵੇਗਾ। ਭਾਰਤੀ ਪ੍ਰਤੀਭੂਤੀਆਂ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਚੇਅਰਮੈਨ ਦਾ ਇਕ ਮਾਰਚ ਨੂੰ ਅਹੁਦਾ ਸੰਭਾਲਣ ਵਾਲੇ ਪਾਂਡੇ ਨੇ ਆਪਣੇ ਪਹਿਲੇ ਜਨਤਕ ਪ੍ਰੋਗਰਾਮ ’ਚ ਕਿਹਾ ਕਿ ਪਾਰਦਰਸ਼ਤਾ ਦੇ ਨਜ਼ਰੀਏ ਨਾਲ ਅਜਿਹਾ ਕਰਨਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਸੇਬੀ ਨੂੰ ਪੂਰੇ ਮਾਹੌਲ ਦਾ ਭਰੋਸਾ ਹਾਸਲ ਕਰਨ ’ਚ ਮਦਦ ਮਿਲੇਗੀ। ਪਾਂਡੇ ‘ਗਲੋਬਲ ਵੈਲਥ ਸਮਿਟ-2025’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਪਿਛਲੇ ਸਾਲ ਅਮਰੀਕਾ ਦੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ ਸੇਬੀ ਦੀ ਪਿਛਲੀ ਮੁਖੀ ਮਾਧਬੀ ਪੁਰੀ ਬੁਚ ਵਿਰੁੱਧ ਸੰਭਾਵੀ ਹਿੱਤਾਂ ਦੇ ਟਕਰਾਅ ਦੇ ਸਬੰਧ ’ਚ ਕਈ ਦੋਸ਼ ਲਗਾਏ ਸਨ।