ਮਰਚੈਂਟ ਬੈਂਕਰਜ਼ ਲਈ ਨਿਯਮ ਸਖਤ ਕਰਨ ਦੀ ਤਿਆਰੀ ’ਚ ਸੇਬੀ

Sunday, Oct 13, 2024 - 01:07 PM (IST)

ਮਰਚੈਂਟ ਬੈਂਕਰਜ਼ ਲਈ ਨਿਯਮ ਸਖਤ ਕਰਨ ਦੀ ਤਿਆਰੀ ’ਚ ਸੇਬੀ

ਨਵੀਂ ਦਿੱਲੀ (ਇੰਟ.) - ਬਾਜ਼ਾਰ ਰੈਗੂਲੇਟਰੀ ਸੇਬੀ ਛੇਤੀ ਹੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਨਾਲ ਜੁੜੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਜਾ ਰਿਹਾ ਹੈ। ਖਾਸ ਤੌਰ ’ਤੇ ਆਈ. ਪੀ. ਓ. ਪ੍ਰਕਿਰਿਆ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਰਚੈਂਟ ਬੈਂਕਰਾਂ ਲਈ ਨਿਯਮ ਸਖ਼ਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਸੇਬੀ ਲੰਬੇ ਸਮੇਂ ਤੋਂ ਮਰਚੈਂਟ ਬੈਂਕਰਾਂ ਨਾਲ ਜੁੜੇ ਨਿਯਮਾਂ ’ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਇਸ ਸਬੰਧੀ ਮਾਰਕੀਟ ਦੇ ਹਿੱਸੇਦਾਰਾਂ ਦੀ ਰਾਏ ਮੰਗੀ ਸੀ। ਸੂਤਰਾਂ ਨੇ ਕਿਹਾ ਕਿ ਸੇਬੀ ਜਲਦੀ ਹੀ ਫੀਡਬੈਕ ਦੇ ਆਧਾਰ ’ਤੇ ਤਿਆਰ ਕੀਤੇ ਗਏ ਨਵੇਂ ਨਿਯਮ ਪੇਸ਼ ਕਰ ਸਕਦਾ ਹੈ।

ਸੇਬੀ ਦੀ ਮੁੱਖ ਚਿੰਤਾ ਹਿੱਤਾਂ ਦੇ ਟਕਰਾਅ ਬਾਰੇ ਹੈ। ਅਸਲ ’ਚ ਕਈ ਵਾਰ ਮਰਚੈਂਟ ਬੈਂਕ ਦੇ ਡਾਇਰੈਕਟਰਜ਼ ਜਾਂ ਸੀਨੀਅਰ ਅਧਿਕਾਰੀ ਕਈ ਵਾਰ ਉਸ ਕੰਪਨੀ ਦੇ ਆਈ. ਪੀ. ਓ. ’ਚ ਬੋਲੀ ਲਗਾਉਂਦੇ ਹਨ, ਜਿਸ ਦੇ ਆਈ. ਪੀ. ਓ. ਦਾ ਉਹ ਪ੍ਰਬੰਧ ਕਰ ਰਹੇ ਹੁੰਦੇ ਹਨ। ਮਾਰਕੀਟ ਰੈਗੂਲੇਟਰ ਨੂੰ ਅਜਿਹੇ ਕਈ ਮਾਮਲੇ ਮਿਲੇ ਹਨ, ਜਿਨ੍ਹਾਂ ’ਚ ਮਰਚੈਂਟ ਬੈਂਕ ਦੇ ਸੀਨੀਅਰ ਕਰਮਚਾਰੀਆਂ ਕੋਲ ਉਸ ਕੰਪਨੀ ਦੇ ਸ਼ੇਅਰ ਸਨ, ਜਿਸ ਦੇ ਆਈ. ਪੀ. ਓ. ’ਚ ਉਨ੍ਹਾਂ ਦੀ ਫਰਮ ਲੀਡ ਮੈਨੇਜਰ ਸੀ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਕਿਹਾ,‘ਇਹ ਸਾਫ ਤੌਰ ’ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। ਸੇਬੀ ਇਸ ਕਮੀ ਨੂੰ ਦੂਰ ਕਰਨਾ ਚਾਹੁੰਦਾ ਹੈ। ਇੰਡਸਟ੍ਰੀ ਨਾਲ ਜੁੜੇ ਕਈ ਲੋਕਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਹੈ।’

ਪੀ. ਐੱਮ. ਏ. ਸੀ. ਦੀਆਂ ਮੀਟਿੰਗਾਂ ’ਚ ਇਸ ਸਬੰਧ ’ਚ ਮਾਰਕੀਟ ਰੈਗੂਲੇਟਰ ਨੇ ਫੀਡਬੈਕ ਲਿਆ ਸੀ।

ਪੀ. ਐੱਮ. ਏ. ਸੀ. ਦਾ ਅਰਥ ਪ੍ਰਾਇਮਰੀ ਮਾਰਕੀਟ ਸਲਾਹਕਾਰ ਕਮੇਟੀ ਹੈ। ਇਹ ਕਮੇਟੀ ਵਿਚੋਲਿਆਂ ਨਾਲ ਜੁੜੇ ਮੁੱਦਿਆਂ ’ਤੇ ਸੇਬੀ ਨੂੰ ਸਲਾਹ ਦਿੰਦੀ ਹੈ। ਇਸ ਤੋਂ ਇਲਾਵਾ ਇਹ ਪ੍ਰਾਇਮਰੀ ਮਾਰਕੀਟ ’ਚ ਨਿਵੇਸ਼ਕਾਂ ਦੇ ਹਿੱਤਾਂ ਦਾ ਵੀ ਧਿਆਨ ਰੱਖਦੀ ਹੈ।


author

Harinder Kaur

Content Editor

Related News