ਸੀਨੀਅਰ ਸਿਟੀਜ਼ਨਜ਼ ਨੂੰ SBI ਨੇ ਦਿੱਤਾ ਝਟਕਾ, ਹੁਣ FD 'ਤੇ ਮਿਲੇਗਾ ਘੱਟ ਵਿਆਜ

10/10/2019 4:52:43 PM

ਨਵੀਂ ਦਿੱਲੀ — ਸੀਨੀਅਰ ਸਿਟੀਜ਼ਨ ਨਾਗਰਿਕਾਂ ਲਈ ਫਿਕਸਡ ਡਿਪਾਜ਼ਿਟ(FD) ਨਿਵੇਸ਼ ਦਾ ਸਭ ਤੋਂ ਮਨਪਸੰਦ ਸਾਧਨ ਹੈ। ਪਰ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਇਕ ਤੋਂ ਦੋ ਸਾਲ ਦੀ ਮਿਆਦ ਦੀ FD 'ਤੇ ਮਿਲਣ ਵਾਲੇ ਵਿਆਜ 'ਚ ਕਟੌਤੀ ਕਰ ਦਿੱਤੀ ਹੈ। ਸੁਭਾਵਕ ਹੈ ਕਿ ਦੂਜੇ ਬੈਂਕ ਵੀ ਇਹ ਕਦਮ ਚੁੱਕ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀਨੀਅਰ ਨਾਗਰਿਕ ਅਤੇ ਰਿਟਾਇਰ ਹੋ ਚੁੱਕੇ ਨਾਗਰਿਕਾਂ ਦਾ ਖਰਚਾ FD ਦੇ ਵਿਆਜ 'ਤੇ ਨਿਰਭਰ ਹੁੰਦਾ ਹੈ, ਹੁਣ ਅਜਿਹੇ ਲੋਕਾਂ ਲਈ ਮੁਸ਼ਕਲ ਹੋ ਜਾਵੇਗੀ। 

ਸੀਨੀਅਰ ਨਾਗਰਿਕਾਂ 'ਤੇ ਪਵੇਗਾ ਇਸ ਦਾ ਅਸਰ

ਰਿਜ਼ਰਵ ਬੈਂਕ ਨੇ ਆਦੇਸ਼ ਦਿੱਤਾ ਸੀ ਕਿ ਬੈਂਕ ਵਿਆਜ ਦਰਾਂ ਨੂੰ MCLR ਨਾਲ ਨਹੀਂ ਸਗੋਂ ਰੈਪੋ ਰੇਟ ਨਾਲ ਜੋੜਣ। ਰੇਪੋ ਰੇਟ ਸਮੇਂ-ਸਮੇਂ 'ਤੇ ਬਦਲਦੀ ਰਹਿੰਦੀ ਹੈ, ਇਸ ਲਈ ਜਮ੍ਹਾ ਰਕਮ 'ਤੇ ਵਿਆਜ ਦਰ ਵੀ ਲਗਾਤਾਰ ਬਦਲਦੀ ਰਹੇਗੀ। ਜਮ੍ਹਾਂ ਦਰ ਘਟਾਉਣ ਦੇ ਬਾਅਦ 50 ਲੱਖ ਰੁਪਏ ਦੀ ਐਫ.ਡੀ. 'ਤੇ ਸਾਲ ਭਰ 'ਚ 5,000 ਰੁਪਏ ਘੱਟ ਵਿਆਜ ਮਿਲੇਗਾ। ਸਟੇਟ ਬੈਂਕ ਅਨੁਸਾਰ ਕਰੀਬ 4.1 ਕਰੋੜ ਸੀਨੀਅਰ ਸਿਟੀਜ਼ਨ ਦੇ FD ਖਾਤੇ 'ਚ ਕੁੱਲ 14 ਲੱਖ ਕਰੋੜ ਰੁਪਏ ਜਮ੍ਹਾ ਹਨ। ਹਾਲਾਂਕਿ ਇਸ ਦੀ ਭਰਪਾਈ ਲਈ ਕੇਂਦਰ ਸਰਕਾਰ ਸੀਨੀਅਰ ਨਾਗਰਿਕਾਂ ਨੂੰ ਰਾਹਤ ਦੇ ਸਕਦੀ ਹੈ ਅਤੇ ਉਨ੍ਹਾਂ ਲਈ ਮਹੱਤਵਪੂਰਨ ਕਦਮ ਚੁੱਕ ਸਕਦੀ ਹੈ। ਖਬਰਾਂ ਅਨੁਸਾਰ ਸਰਕਾਰ ਸੀਨੀਅਰ ਸੀਟੀਜ਼ਨਸ ਸੇਵਿੰਗ ਸਕੀਮ(SCSS) 'ਤੇ ਟੈਕਸ 'ਚ ਕਟੌਤੀ ਕਰ ਸਕਦੀ ਹੈ। ਇਸ ਸਕੀਮ ਦੇ ਤਹਿਤ 60 ਸਾਲ ਤੋਂ ਵਧ ਉਮਰ ਦੇ ਬਜ਼ੁਰਗ 15 ਲੱਖ ਰੁਪਏ ਤੱਕ ਜਮ੍ਹਾ ਕਰਵਾ ਸਕਦੇ ਹਨ।

ਸਟੇਟ ਬੈਂਕ ਨੇ ਘਟਾਈ ਵਿਆਜ ਦਰ

ਦੇਸ਼ ਦੇ ਸਭ ਤੋਂ ਵੱਡੇ ਸਟੇਟ ਬੈਂਕ ਆਫ ਇੰਡੀਆ ਨੇ ਬੁੱਧਵਾਰ ਨੂੰ ਲੋਨ 'ਤੇ ਵਿਆਜ ਦਰ ਘਟਾਉਣ ਦੇ ਨਾਲ-ਨਾਲ ਸੀਨੀਅਰ ਸੀਟੀਜ਼ਨ ਦੇ 1-2 ਸਾਲ ਦੀ ਮਿਆਦ ਵਾਲੀ ਬੈਂਕ ਐਫ.ਡੀ.'ਤੇ ਵੀ ਵਿਆਜ ਦਰ 7 ਫੀਸਦੀ ਤੋਂ ਘਟਾ ਕੇ 6.9 ਫੀਸਦੀ ਜਦੋਂਕਿ ਬਚਤ ਖਾਤੇ 'ਚ 1 ਲੱਖ ਰੁਪਏ ਤੱਕ ਜਮ੍ਹਾ ਰਕਮ 'ਤੇ ਵਿਆਜ ਦਰ 3.5 ਫੀਸਦੀ ਤੋਂ ਘਟਾ ਕੇ 3.25 ਫੀਸਦੀ ਕਰ ਦਿੱਤੀ ਹੈ। ਨਵੀਂ ਵਿਆਜ ਦਰ 10 ਅਕਤਬੂਰ ਤੋਂ ਲਾਗੂ ਹੋ ਗਈ ਹੈ।


Related News