S&P ਨੇ ਭਾਰਤ ਦੀ ਵਿਕਾਸ ਦਰ 'ਚ ਗਿਰਾਵਟ ਦਾ ਅਨੁਮਾਨ ਘਟਾਇਆ

Tuesday, Dec 15, 2020 - 02:59 PM (IST)

ਸਿੰਗਾਪੁਰ— ਭਾਰਤੀ ਅਰਥਵਿਵਸਥਾ 'ਚ ਤੇਜ਼ ਸੁਧਾਰ ਨੂੰ ਦੇਖਦੇ ਹੋਏ ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ 'ਚ ਗਿਰਾਵਟ ਦਾ ਅਨੁਮਾਨ ਘਟਾ ਦਿੱਤਾ ਹੈ।

ਮੰਗਲਵਾਰ ਨੂੰ ਰੇਟਿੰਗ ਏਜੰਸੀ ਨੇ 31 ਮਾਰਚ 2021 ਨੂੰ ਖ਼ਤਮ ਹੋਣ ਵਾਲੇ ਮੌਜੂਦਾ ਵਿੱਤੀ ਸਾਲ 'ਚ ਗਿਰਾਵਟ ਦਾ ਅਨੁਮਾਨ ਪਹਿਲਾਂ ਦੇ 9 ਫ਼ੀਸਦੀ ਤੋਂ ਘਟਾ ਕੇ 7.7 ਫ਼ੀਸਦੀ ਕਰ ਦਿੱਤਾ ਹੈ।

ਗਲੋਬਲ ਰੇਟਿੰਗਜ਼ ਏਜੰਸੀ ਨੇ ਕਿਹਾ, ''ਸਤੰਬਰ ਤਿਮਾਹੀ 'ਚ ਉਮੀਦ ਤੋਂ ਜ਼ਿਆਦਾ ਰਿਕਵਰੀ ਨੂੰ ਦੇਖਦੇ ਹੋਏ ਅਸੀਂ ਆਪਣੇ ਅਨੁਮਾਨ 'ਚ ਸੋਧ ਕੀਤੀ ਹੈ। ਹੁਣ ਸਾਨੂੰ ਵਿੱਤੀ ਸਾਲ 2021-22 'ਚ ਜੀ. ਡੀ. ਪੀ. ਵਿਕਾਸ ਦਰ 'ਚ 10 ਫ਼ੀਸਦੀ ਵਾਧਾ ਹੋਣ ਦਾ ਅੰਦਾਜ਼ਾ ਹੈ।''

ਐੱਸ. ਐਂਡ ਪੀ. ਨੇ ਕਿਹਾ ਕਿ ਵੱਧ ਰਹੀ ਮੰਗ, ਸੰਕਰਮਣ ਦੇ ਮਾਮਲਿਆਂ 'ਚ ਆਈ ਕਮੀ ਨੇ ਆਰਥਿਕਤਾ 'ਤੇ ਕੋਵਿਡ ਦੇ ਪ੍ਰਭਾਵ ਨੂੰ ਘੱਟ ਕਰ ਦਿੱਤਾ ਹੈ। ਹਾਲਾਂਕਿ, ਮਹਾਮਾਰੀ ਨੂੰ ਹਰਾਉਣਾ ਅਜੇ ਬਹੁਤ ਦੂਰ ਹੈ ਪਰ ਭਾਰਤ ਵਾਇਰਸ ਨਾਲ ਲੜਨਾ ਸਿਖ ਰਿਹਾ ਹੈ। ਗੌਰਤਲਬ ਹੈ ਕਿ ਸਤੰਬਰ ਤਿਮਾਹੀ 'ਚ ਜੀ. ਡੀ. ਪੀ. 'ਚ 7.5 ਫ਼ੀਸਦੀ ਦੀ ਗਿਰਾਵਟ ਦਰਜ ਹੋਈ, ਜੋ ਕਿ ਇਸ ਤੋਂ ਪਹਿਲਾਂ ਅਪ੍ਰੈਲ-ਜੂਨ ਤਿਮਾਹੀ 'ਚ 23.9 ਫ਼ੀਸਦੀ ਸੀ।


Sanjeev

Content Editor

Related News