ਦੂਜੀਆਂ ਮੁਦਰਾਵਾਂ ਦੇ ਮੁਕਾਬਲੇ ਵਧੇਰੇ ਮਜ਼ਬੂਤੀ ਨਾਲ ਖੜਾ ਹੈ ਰੁਪਇਆ : ਸੀਤਾਰਮਣ
Sunday, Sep 25, 2022 - 12:18 PM (IST)
ਪੁਣੇ (ਭਾਸ਼ਾ) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੀ ਤੁਲਨਾ ’ਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਕਿਤੇ ਵੱਧ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਦੇ ਰਿਕਾਰਡ ਪੱਧਰ ’ਤੇ ਡਿਗ ਜਾਣ ਤੋਂ ਬਾਅਦ ਭਾਰਤੀ ਮੁਦਰਾ ਦੀ ਸਥਿਤੀ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਚਿੰਤਾਵਾਂ ਦਰਮਿਆਨ ਸੀਤਾਰਮਣ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਤੇ ਵਿੱਤ ਮੰਤਰਾਲਾ ਰੁਪਏ ਦੀ ਸਥਿਤੀ ’ਤੇ ਲਗਾਤਾਰ ਕਰੀਬੀ ਨਜ਼ਰ ਰੱਖੇ ਹੋਏ ਹਨ।
ਸੀਤਾਰਮਣ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਜੇ ਮੁਦਰਾਵਾਂ ਦੇ ਉਤਰਾਅ-ਚੜ੍ਹਾਅ ਦੀ ਮੌਜੂਦਾ ਸਥਿਤੀ ’ਚ ਕਿਸੇ ਇਕ ਮੁਦਰਾ ਨੇ ਆਪਣੀ ਸਥਿਤੀ ਨੂੰ ਕਾਫੀ ਹੱਦ ਤੱਕ ਬਣਾਈ ਰੱਖਿਆ ਹੈ ਤਾਂ ਇਹ ਭਾਰਤੀ ਰੁਪਇਆ ਹੀ ਹੈ। ਅਸੀਂ ਕਾਫੀ ਚੰਗੀ ਤਰ੍ਹਾਂ ਇਸ ਸਥਿਤੀ ਦਾ ਸਾਹਮਣਾ ਕੀਤਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਸ਼ੁੱਕਰਵਾਰ ਨੂੰ 81 ਰੁਪਏ ਦੇ ਕਰੀਬ ਪਹੁੰਚ ਗਿਆ। ਪਿਛਲੇ ਕੁੱਝ ਮਹੀਨਿਆਂ ’ਚ ਰੁਪਏ ਦੀ ਕੀਮਤ ’ਚ ਲਗਾਤਾਰ ਗਿਰਾਵਟ ਆਈ ਹੈ।