ਡਾਲਰ, ਯੂਰੋ ਅਤੇ ਪੌਂਡ ਦੇ ਮੁਕਾਬਲੇ ਰੁਪਏ ’ਚ ਤੇਜ਼ ਗਿਰਾਵਟ

Friday, Apr 09, 2021 - 12:18 PM (IST)

ਜਲੰਧਰ (ਬਿਜ਼ਨੈੱਸ ਡੈਸਕ) – ਰਿਜ਼ਰਵ ਬੈਂਕ ਵਲੋਂ ਬੁੱਧਵਾਰ ਨੂੰ ਐਲਾਨ ਕੀਤੀ ਗਈ ਮੁਦਰਾ ਨੀਤੀ ਦੇ ਪ੍ਰਭਾਵ ਨਾਲ ਵਿਦੇਸ਼ੀ ਕਰੰਸੀਆਂ ਦੇ ਮੁਕਾਬਲੇ ਰੁਪਏ ’ਚ ਸ਼ੁਰੂ ਹੋਈ ਗਿਰਾਵਟ ਵੀਰਵਾਰ ਨੂੰ ਵੀ ਜਾਰੀ ਰਹੀ। ਰਿਜ਼ਰਵ ਬੈਂਕ ਵਲੋਂ ਸੈਕੰਡਰੀ ਮਾਰਕੀਟ ਤੋਂ ਇਕ ਲੱਖ ਕਰੋੜ ਰੁਪਏ ਦੇ ਬਾਂਡ ਖਰੀਦੇ ਜਾਣ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ’ਚ 20 ਮਹੀਨੇ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਸੀ ਅਤੇ ਰੁਪਇਆ 105 ਪੈਸੇ ਦੀ ਗਿਰਾਵਟ ਨਾਲ 74.47 ਦੇ ਪੱਧਰ ’ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ :  ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ

5 ਅਗਸਤ 2019 ਤੋਂ ਬਾਅਦ ਰੁਪਏ ’ਚ ਇਕ ਦਿਨ ਦੀ ਸਭ ਤੋਂ ਜ਼ਿਆਦਾ ਗਿਰਾਵਟ ਰਹੀ। ਵੀਰਵਾਰ ਨੂੰ ਵੀ ਡਾਲਰ ਦੇ ਮੁਕਾਬਲੇ ਰੁਪਇਆ 11 ਪੈਸੇ ਡਿਗ ਕੇ 74.58 ਰੁਪਏ ’ਤੇ ਬੰਦ ਹੋਇਆ। ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਦੌਰਾਨ ਹੀ ਰੁਪਇਆ ਡਾਲਰ ਦੇ ਮੁਕਾਬਲੇ 146 ਪੈਸੇ ਕਮਜ਼ੋਰ ਹੋ ਚੁੱਕਾ ਹੈ। ਹਾਲਾਂਕਿ ਰੁਪਇਆ ਹੁਣ ਵੀ ਆਪਣੇ ਸਾਲ ਦੇ ਹੇਠਲੇ ਪੱਧਰ 77.40 ਰੁਪਏ ਦੇ ਮੁਕਾਬਲੇ ਕਾਫੀ ਮਜ਼ਬੂਤ ਹੈ।

ਡਾਲਰ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਦਾ ਇਹ ਪੱਧਰ ਦੁਨੀਆ ਭਰ ’ਚ ਕੋਰੋਨਾ ਫੈਲਣ ਤੋਂ ਬਾਅਦ ਪਿਛਲੇ ਸਾਲ 16 ਅਪ੍ਰੈਲ ਨੂੰ ਦੇਖਿਆ ਗਿਆ ਸੀ। ਬਲੂਮਬਰਗ ਦੀ ਰਿਪੋਰਟ ਮੁਤਾਬਕ ਬੁੱਧਵਾਰ ਦੀ ਗਿਰਾਵਟ ਤੋਂ ਬਾਅਦ ਰੁਪਇਆ ਇਸ ਮਹੀਨੇ ਏਸ਼ੀਆ ਦੀ ਸਭ ਤੋਂ ਕਮਜ਼ੋਰ ਕਰੰਸੀ ਬਣ ਗਿਆ ਹੈ। ਵੀਰਵਾਰ ਨੂੰ ਰੁਪਇਆ ਸਿਰਫ ਡਾਲਰ ਦੇ ਮੁਕਾਬਲੇ ਹੀ ਕਮਜ਼ੋਰ ਨਹੀਂ ਹੋਇਆ ਸਗੋਂ ਯੂਰੋ, ਜਾਪਾਨੀ ਯੇਨ ਅਤੇ ਕੈਨੇਡੀਅਨ ਡਾਲਰ ਦੇ ਮੁਕਾਬਲੇ ਵੀ ਕਮਜ਼ੋਰ ਹੋਇਆ ਅਤੇ ਇਨ੍ਹਾਂ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਦੇਖੀ ਗਈ।

ਇਹ ਵੀ ਪੜ੍ਹੋ :  ਅੰਬਾਨੀ ਭਰਾਵਾਂ ਨੂੰ ਵੱਡਾ ਝਟਕਾ, 20 ਸਾਲ ਪੁਰਾਣੇ ਕੇਸ 'ਚ ਲੱਗਾ 25 ਕਰੋੜ ਜੁਰਮਾਨਾ

ਮਹਿੰਗਾ ਹੋਵੇਗਾ ਪੈਟਰੋਲ ਅਤੇ ਸੋਨਾ

ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਰੁਪਏ ’ਚ ਆਈ ਤੇਜ਼ ਗਿਰਾਵਟ ਦਾ ਸਿੱਧਾ ਅਸਰ ਦੇਸ਼ ’ਚ ਪੈਟਰੋਲ ਅਤੇ ਸੋਨੇ ਦੀਆਂ ਕੀਮਤਾਂ ’ਤੇ ਪਵੇਗਾ। ਭਾਰਤ ਦੀ ਕੁਲ ਦਰਾਮਦ ਦਾ ਇਕ ਵੱਡਾ ਹਿੱਸਾ ਸੋਨੇ ਅਤੇ ਕੱਚੇ ਤੇਲ ਦੀ ਦਰਾਮਦ ’ਚ ਖਰਚ ਹੁੰਦਾ ਹੈ ਅਤੇ ਜੇ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੁੰਦਾ ਹੈ ਤਾਂ ਦੇਸ਼ ’ਚ ਦਰਾਮਦ ਕੀਤੇ ਜਾਣ ਵਾਲੇ ਕੱਚੇ ਤੇਲ ਅਤੇ ਸੋਨੇ ’ਤੇ ਕੰਜ਼ਿਊਮਰਸ ਨੂੰ ਵਧੇਰੇ ਪੈਸਾ ਅਦਾ ਕਰਨੇ ਪੈਣਗੇ, ਇੰਨਾ ਹੀ ਨਹੀਂ ਕਮਜ਼ੋਰ ਰੁਪਏ ਨਾਲ ਭਾਰਤੀ ਦਰਾਮਦਕਾਰਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਹੁਣ ਆਪਣੇ ਵਿਦੇਸ਼ੀ ਸਪਲਾਇਰ ਨੂੰ ਅਦਾਇਗੀ ਮਹਿੰਗੀ ਪਵੇਗੀ।

ਰਿਜ਼ਰਵ ਬੈਂਕ ਦੀ ਬਾਂਡ ਖਰੀਦ ਯੋਜਨਾ ਨਾਲ ਟੁੱਟਿਆ ਰੁਪਇਆ

ਦਰਅਸਲ ਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਅਤੇ ਇਸ ਦੇ ਅਰਥਵਿਵਸਥਾ ’ਤੇ ਪੈਣ ਵਾਲੇ ਪ੍ਰਭਾਵ ਨੂੰ ਧਿਆਨ ’ਚ ਰੱਖਦੇ ਹੋਏ ਰਿਜ਼ਰਵ ਬੈਂਕ ਨੇ ਨੀਤੀਗਤ ਦਰਾਂ ’ਚ ਬਦਲਾਅ ਨਹੀਂ ਕੀਤਾ ਹੈ ਅਤੇ ਇਸੇ ਕਾਰਨ ਡਾਲਰ ਦੇ ਮੁਕਾਬਲੇ ਰੁਪਏ ’ਚ ਤੇਜ਼ ਗਿਰਾਵਟ ਆਈ ਹੈ। ਰੁਪਏ ’ਚ ਗਿਰਾਵਟ ਦਾ ਦੂਜਾ ਵੱਡਾ ਕਾਰਨ ਗਵਰਮੈਂਟ ਸਕਿਓਰਿਟੀ ਇਕੋਜੀਸ਼ਨ ਪ੍ਰੋਗਰਾਮ ਤਹਿਤ 1 ਲੱਖ ਕਰੋੜ ਰੁਪਏ ਦੇ ਬਾਂਡ ਖਰੀਦੇ ਜਾਣ ਦਾ ਐਲਾਨ ਹੈ। ਰਿਜ਼ਰਵ ਬੈਂਕ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਹੀ ਇਸ ਪ੍ਰੋਗਰਾਮ ਦੇ ਤਹਿਤ 25 ਹਜ਼ਾਰ ਕਰੋੜ ਰੁਪਏ ਦੇ ਬਾਂਡ ਖਰੀਦੇਗਾ।

ਇਹ ਵੀ ਪੜ੍ਹੋ : ਹੁਣ ਦੁਕਾਨਾਂ 'ਚ ਵਿਕੇਗੀ Dhoni ਦੇ 'ਹੈਲੀਕਾਪਟਰ ਸ਼ਾਟ' ਵਾਲੀ ਚਾਕਲੇਟ, ਮਾਹੀ ਨੇ ਇਸ ਕੰਪਨੀ 'ਚ ਖ਼ਰੀਦੀ ਹਿੱਸੇਦਾਰੀ

ਯੂਰੋ ਦੇ ਮੁਕਾਬਲੇ ਰੁਪਇਆ

25 ਮਾਰਚ       86.04  ਰੁਪਏ

8 ਅਪ੍ਰੈਲ        88.52   ਰੁਪਏ

ਗਿਰਾਵਟ        2.48 ਰੁਪਏ

ਆਸਟ੍ਰੇਲੀਅਨ ਡਾਲਰ ਦੇ ਮੁਕਾਬਲੇ ਰੁਪਇਆ

25 ਮਾਰਚ   55.03   ਰੁਪਏ

8 ਅਪ੍ਰੈਲ    56.96 ਰੁਪਏ

ਗਿਰਾਵਟ    1.93   ਰੁਪਏ

ਡਾਲਰ ਦੇ ਮੁਕਾਬਲੇ ਰੁਪਇਆ

25 ਮਾਰਚ             72.40  ਰੁਪਏ

8 ਅਪ੍ਰੈਲ             74.59    ਰੁਪਏ

ਗਿਰਾਵਟ               2.19   ਰੁਪਏ

ਪੌਂਡ ਦੇ ਮੁਕਾਲੇ ਰੁਪਇਆ

25 ਮਾਰਚ       99.60   ਰੁਪਏ

8 ਅਪ੍ਰੈਲ     102.51   ਰੁਪਏ

ਗਿਰਾਵਟ        2.91    ਰੁਪਏ

ਕੈਨੇਡੀਅਨ ਡਾਲਰ ਦੇ ਮੁਕਾਬਲੇ ਰੁਪਇਆ

25 ਮਾਰਚ          57.55   ਰੁਪਏ

8 ਅਪ੍ਰੈਲ          59.20   ਰੁਪਏ

ਗਿਰਾਵਟ            1.65  ਰੁਪਏ

ਡਾਲਰ ਦੇ ਮੁਕਾਬਲੇ ਰੁਪਇਆ 72.20 ਰੁਪਏ ਤੋਂ ਹੇਠਾਂ ਜਾ ਕੇ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਪਰ ਪਿਛਲੇ ਇਕ ਮਹੀਨੇ ’ਚ ਰੁਪਇਆ ਇਹ ਪੱਧਰ ਤੋੜਨ ’ਚ ਅਸਫਲ ਰਿਹਾ ਹੈ ਅਤੇ ਉਥੇ ਬਹੁਤ ਵੱਡੀ ਰੁਕਾਵਟ ਹੈ। ਆਰ. ਬੀ. ਆਈ. ਦੀ ਮੁਦਰਾ ਨੀਤੀ ਕਾਰਨ ਰੁਪਏ ’ਚ ਤੇਜ਼ ਗਿਰਾਵਟ ਆਈ ਹੈ ਅਤੇ ਇਹ ਦੋ ਹਫਤੇ ’ਚ ਕਾਫੀ ਡਿੱਗ ਚੁੱਕਾ ਹੈ। ਰੁਪਏ ’ਚ ਡਾਲਰ ਦੇ ਮੁਕਾਬਲੇ 74.50 ਰੁਪਏ ’ਤੇ ਮਜ਼ਬੂਤ ਸਪੋਰਟ ਹੈ ਅਤੇ ਜੇ ਇਹ ਸਪੋਰਟ ਲੈਵਲ ਟੁੱਟਦਾ ਹੈ ਤਾਂ ਰੁਪਏ ’ਚ ਹੋਰ ਜ਼ਿਆਦਾ ਗਿਰਾਵਟ ਆ ਸਕਦੀ ਹੈ।

ਸੁਗੰਧਾ ਸਚਦੇਵਾ, ਵਾਈਸ ਪ੍ਰਧਾਨ, ਕਮੋਡਿਟੀ ਐਂਡ ਕਰੰਸੀ ਰਿਸਰਚ, ਰੈਲੀਗੇਅਰ ਬ੍ਰੋਕਿੰਗ

ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਸਰਕਾਰ ਦਾ ਸਿਹਤ ਦੇ ਖੇਤਰ ’ਚ ਖਰਚਾ ਵਧ ਰਿਹਾ ਹੈ। ਇਸ ਨਾਲ ਵੀ ਰੁਪਏ ’ਤੇ ਦਬਾਅ ਵਧਿਆ ਹੈ। ਆਉਣ ਵਾਲੇ ਦਿਨਾਂ ’ਚ ਡਾਲਰ ਦੇ ਮੁਕਾਬਲੇ ਰੁਪਇਆ 74.45 ਤੋਂ ਲੈ ਕੇ 75.15 ਰੁਪਏ ਪ੍ਰਤੀ ਡਾਲਰ ਦਰਮਿਆਨ ਕਾਰੋਬਾਰ ਕਰ ਸਕਦਾ ਹੈ।

ਜਤਿਨ ਤ੍ਰਿਵੇਦੀ, ਰਿਸਰਚ ਐਨਾਲਿਸਟ, ਐੱਲ. ਕੇ. ਐੱਲ. ਪੀ. ਸਕਿਓਰਿਟੀਜ਼


ਇਹ ਵੀ ਪੜ੍ਹੋ : ਮੁੰਬਈ ਵਾਸੀਆਂ ਲਈ ਖ਼ੁਸ਼ਖ਼ਬਰੀ , ਜਲਦ ਹੀ Water Taxi ਤੇ Ropax ਨਾਲ ਹੈਵੀ ਟ੍ਰੈਫਿਕ ਤੋਂ ਮਿਲੇਗੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News