ਵਿੱਤੀ ਸਥਿਰਤਾ ਲਈ ਜੋਖਮ ਹੈ ਸ਼ੇਅਰ ਬਾਜ਼ਾਰ ਦੀ ਜ਼ੋਰਦਾਰ ਤੇਜ਼ੀ - SBI
Tuesday, Jun 22, 2021 - 07:48 PM (IST)
ਮੁੰਬਈ (ਭਾਸ਼ਾ) – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਅਰਥਸ਼ਾਸਤਰੀਆਂ ਨੇ ਕਿਹਾ ਕਿ ਬੀਤੇ ਸਾਲ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਭਾਰਤੀ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਵਿਚ ਸਭ ਤੋਂ ਤੇਜ਼ ਵਾਧਾ ਹੋਇਆ। ਹਾਲਾਂਕਿ ਇਸ ਦੌਰਾਨ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਗਿਰਾਵਟ ਆਈ। ਇਸ ਨਾਲ ਦੇਸ਼ ਦੀ ਵਿੱਤੀ ਸਥਿਰਤਾ ਨੂੰ ਲੈ ਕੇ ਜੋਖਮ ਪੈਦਾ ਹੋ ਸਕਦਾ ਹੈ।
ਐੱਸ. ਬੀ. ਆਈ. ਦੇ ਅਰਥਸ਼ਾਸਤਰੀਆਂ ਨੇ ਨੋਟ ’ਚ ਕਿਹਾ ਕਿ ਪ੍ਰਚੂਨ ਨਿਵੇਸ਼ਕਾਂ ਨੇ ਬਾਜ਼ਾਰ ’ਚ ਕਾਫੀ ਰੁਚੀ ਦਿਖਾਈ ਹੈ। ਵਿੱਤੀ ਸਾਲ 2020-21 ’ਚ ਪ੍ਰਚੂਨ ਨਿਵੇਸ਼ਕਾਂ ਦੀ ਗਿਣਤੀ ’ਚ 1,.42 ਕਰੋੜ ਦਾ ਵਾਧਾ ਹੋਇਆ। ਉੱਥੇ ਹੀ ਅਪ੍ਰੈਲ ਅਤੇ ਮਈ ’ਚ ਇਨ੍ਹਾਂ ਦੀ ਗਿਣਤੀ 44 ਲੱਖ ਹੋਰ ਵਧ ਗਈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਅਰਥਸ਼ਾਸਤਰੀਆਂ ਨੇ ਕਿਹਾ ਕਿ ਇਸ ਦੌਰਾਨ ਸ਼ੇਅਰ ਬਾਜ਼ਾਰਾਂ ’ਚ ਵਾਧੇ ਦਾ ਕਾਰਨ ਇਹ ਰਿਹਾ ਹੈ ਕਿ ਹੋਰ ਵਿੱਤੀ ਉਤਪਾਦਾਂ ’ਤੇ ਰਿਟਰਨ ਦੀ ਦਰ ਘੱਟ ਹੈ। ਨਾਲ ਹੀ ਕੌਮਾਂਤਰੀ ਪੱਧਰ ’ਤੇ ਤਰਲਤਾ ਬਿਹਤਰ ਹੋਈ। ਇਸ ਦੇ ਨਾਲ ਹੀ ਆਵਾਜਾਈ ’ਤੇ ਪਾਬੰਦੀਆਂ ਕਾਰਨ ਲੋਕ ਘਰ ’ਚ ਹੀ ਜ਼ਿਆਦਾਤਰ ਸਮਾਂ ਬਿਤਾ ਰਹੇ ਹਨ, ਜਿਸ ਨਾਲ ਉਹ ਵਧੇਰੇ ਟ੍ਰੇਡਿੰਗ ਕਰ ਰਹੇ ਹਨ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਅਪ੍ਰੈਲ 2020 ’ਚ 28,000 ਸੀ ਜੋ ਫਿਲਹਾਲ 52,000 ਅੰਕ ਦੇ ਪੱਧਰ ਤੋਂ ਵੱਧ ’ਤੇ ਹੈ।