ਅਸੀਂ ਗ੍ਰੋਥ ਦੇ ਅਗਲੇ ਲੈਵਲ ਲਈ ਤਿਆਰ, ਰਿਲਾਇੰਸ ਇੰਡਸਟਰੀਜ਼ ਦੀ ਬੈਲੇਂਸ ਸ਼ੀਟ ਹੈ ਮਜ਼ਬੂਤ : ਮੁਕੇਸ਼ ਅੰਬਾਨੀ

Thursday, Aug 08, 2024 - 05:05 PM (IST)

ਨਵੀਂ ਦਿੱਲੀ (ਭਾਸ਼ਾ) - ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ ਕਿ ਕੰਪਨੀ ਦੀ ਬੈਲੇਂਸ ਸ਼ੀਟ ਕਾਫੀ ਮਜ਼ਬੂਤ ਹੈ। ਇਸ ਦੇ ਦਮ ’ਤੇ ਅਸੀਂ ਗ੍ਰੋਥ ਦੇ ਅਗਲੇ ਲੈਵਲ ਲਈ ਤਿਆਰ ਹਾਂ। ਅੰਬਾਨੀ ਨੇ ਕਿਹਾ ਕਿ ਪੂੰਜੀਗਤ ਖਰਚ ਦੇ ਪਿਛਲੇ ਦੌਰ ਤੋਂ ਬਾਅਦ ਕੰਪਨੀ ਨੇ ਆਪਣੇ ਬਹੀ-ਖਾਤੇ ਨੂੰ ਮਜ਼ਬੂਤ ਕੀਤਾ ਹੈ।

ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਦੀ ਨਵੀਂ ਸਾਲਾਨਾ ਰਿਪੋਰਟ ’ਚ ਨੈੱਟ ਜ਼ੀਰੋ ਿਨਕਾਸੀ ਤੋਂ ਲੈ ਕੇ ਟਰੂ 5ਜੀ ਨੈੱਟਵਰਕ ਅਤੇ ਪ੍ਰਚੂਨ ਕਾਰੋਬਾਰ ਨਾਲ ਜੁਡ਼ੀਆਂ ਯੋਜਨਾਵਾਂ ਦਾ ਰੋਡਮੈਪ ਵੀ ਪੇਸ਼ ਕੀਤਾ ਹੈ। ਅੰਬਾਨੀ ਨੇ ਕਿਹਾ ਕਿ ਅਸਥਿਰਤਾ ਅਤੇ ਅਨਿਸ਼ਚਿਤਤਾ ਨਾਲ ਭਰੀ ਦੁਨੀਆ ’ਚ ਭਾਰਤ ਸਥਿਰਤਾ ਅਤੇ ਖੁਸ਼ਹਾਲੀ ਦੇ ਪ੍ਰਕਾਸ਼-ਸਤੰਭ ਦੇ ਤੌਰ ’ਤੇ ਚਮਕ ਰਿਹਾ ਹੈ।

ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਪੈਟਰੋਲੀਅਮ ਸਮੇਤ ਵੱਖ-ਵੱਖ ਖੇਤਰਾਂ ’ਚ ਕਾਰੋਬਾਰ ਕਰਨ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਵਿੱਤੀ ਸਾਲ 2023-24 ’ਚ ਕੁਲ 1,86,440 ਕਰੋਡ਼ ਰੁਪਏ ਦਾ ਟੈਕਸ ਸਰਕਾਰ ਦੇ ਖਜ਼ਾਨੇ ’ਚ ਜਮ੍ਹਾ ਕਰਵਾਇਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 9000 ਕਰੋਡ਼ ਰੁਪਏ ਤੋਂ ਜ਼ਿਆਦਾ ਹੈ।

ਮੁੱਖ ਕਾਰੋਬਾਰ ਨਾਲ ਇਨ੍ਹਾਂ ਕਾਰੋਬਾਰਾਂ ਨੂੰ ਵੀ ਜੋੜਿਆ

ਬਾਜ਼ਾਰ ਮੁਲਾਂਕਣ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਬੀਤੇ ਦਹਾਕੇ ’ਚ ਤੇਲ ਅਤੇ ਰਸਾਇਣ ਦੇ ਆਪਣੇ ਮੁੱਖ ਕਾਰੋਬਾਰ ਨਾਲ ਦੂਰਸੰਚਾਰ, ਪ੍ਰਚੂਨ ਅਤੇ ਵਿੱਤ ਕਾਰੋਬਾਰ ਨੂੰ ਵੀ ਜੋੜਿਆ ਹੈ। ਹੁਣ ਇਹ ਸਾਲ 2035 ਤੱਕ ਆਪਣੇ ਆਪ੍ਰੇਸ਼ਨ ਤੋਂ ਸ਼ੁੱਧ ਜ਼ੀਰੋ ਕਾਰਬਨ ਿਨਕਾਸੀ ਨੂੰ ਟੀਚਾ ਬਣਾ ਕੇ ਹਰਿਤ ਰਸਤੇ ’ਤੇ ਅੱਗੇ ਵੱਧ ਰਹੀ ਹੈ।

ਅੰਬਾਨੀ ਨੇ ਕਿਹਾ ਕਿ ਸਾਲ 2016 ’ਚ ਜੀਓ 4ਜੀ ਮੋਬਾਈਲ ਸੇਵਾਵਾਂ ਦੀ ਸ਼ੁਰੂਆਤ ਨੇ ਡਾਟਾ ਦੇ ਲਿਹਾਜ਼ ਨਾਲ ਨਿਰਾਸ਼ ਭਾਰਤ ਨੂੰ ਡਾਟਾ-ਸਮ੍ਰਿਧ ਰਾਸ਼ਟਰ ’ਚ ਬਦਲ ਦਿੱਤਾ, ਜਿਸ ਨਾਲ ਹਰ ਭਾਰਤੀ ਘਰ ਨੂੰ ਕਿਫਾਇਤੀ, ਉੱਚ ਰਫਤਾਰ ਵਾਲਾ 4ਜੀ ਡਾਟਾ ਮਿਲਣ ਲੱਗਾ।

ਡਿਜੀਟਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ

ਇਸ ਸਾਲ ਜੀਓ ਨੇ ਵਿਸ਼ਵ ਰਿਕਾਰਡ ਸਮੇਂ ’ਚ ਪੂਰੇ ਭਾਰਤ ’ਚ ਆਪਣੇ ਟਰੂ 5ਜੀ ਨੈੱਟਵਰਕ ਨੂੰ ਸ਼ੁਰੂ ਕਰ ਕੇ ਦੇਸ਼ ਦੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਚੂਨ ਕਾਰੋਬਾਰ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਦੇ ਸਭ ਤੋਂ ਵੱਡੇ ਪ੍ਰਚੂਨ ਵਿਕਰੇਤਾ ਦੇ ਰੂਪ ’ਚ ਰਿਲਾਇੰਸ ਰਿਟੇਲ ਤੇਜ਼ੀ ਨਾਲ ਵੱਧਦੀ ਅਰਥਵਿਵਸਥਾ ਦੀ ਖਪਤ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਕਿਹਾ ਕਿ ਰਿਲਾਇੰਸ ਰਿਟੇਲ ਦੇ ਉਤਪਾਦਾਂ ਦੀ ਵਿਆਪਕ ਸੀਰੀਜ਼ ਨੂੰ ਲੋਕ ਪਸੰਦ ਕਰ ਰਹੇ ਹਨ ਅਤੇ ਕੰਪਨੀ ਕਰਿਆਨੇ ਤੋਂ ਲੈ ਕੇ ਇਲੈਕਟ੍ਰਾਨਿਕਸ ਉਤਪਾਦਾਂ ਨੂੰ ਘਰ ਤੱਕ ਪਹੁੰਚਾਉਣ ਦੇ ਨਾਲ ਛੋਟੇ ਸਵਦੇਸ਼ੀ ਦੁਕਾਨਦਾਰਾਂ ਅਤੇ ਕਰਿਆਨਾ ਦੁਕਾਨਦਾਰਾਂ ਦਾ ਸਮਰਥਨ ਵੀ ਕਰ ਰਹੀ ਹੈ।


Harinder Kaur

Content Editor

Related News