ਰਿਲਾਇੰਸ ਅਤੇ ਵਾਲਟ ਡਿਜ਼ਨੀ ਦੇ ਰਲੇਵੇਂ ਨੂੰ ਮਿਲੀ CCI ਦੀ ਮਨਜ਼ੂਰੀ, 6 ਮਹੀਨੇ ਪਹਿਲਾਂ ਹੋਈ ਸੀ ਡੀਲ

Thursday, Aug 29, 2024 - 10:44 AM (IST)

ਰਿਲਾਇੰਸ ਅਤੇ ਵਾਲਟ ਡਿਜ਼ਨੀ ਦੇ ਰਲੇਵੇਂ ਨੂੰ ਮਿਲੀ CCI ਦੀ ਮਨਜ਼ੂਰੀ, 6 ਮਹੀਨੇ ਪਹਿਲਾਂ ਹੋਈ ਸੀ ਡੀਲ

ਨਵੀਂ ਦਿੱਲੀ (ਭਾਸ਼ਾ) – ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਈ ਚੰਗੀ ਖਬਰ ਹੈ। ਰਿਲਾਇੰਸ ਇੰਡਸਟ੍ਰੀਜ਼ ਅਤੇ ਵਾਲਟ ਡਿਜ਼ਨੀ ਦੇ ਭਾਰਤੀ ਮੀਡੀਆ ਐਸੈਟ ਲਈ ਰਲੇਵੇਂ ਨੂੰ ਮਨਜ਼ੂਰੀ ਮਿਲ ਗਈ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਭਾਵ ਸੀ. ਸੀ. ਆਈ. ਨੇ ਇਸ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ 8.5 ਅਰਬ ਡਾਲਰ ਦੀ ਡੀਲ ਹੈ। ਸੀ. ਸੀ. ਆਈ. ਨੇ ਇਹ ਮਨਜ਼ੂਰੀ ਕੁਝ ਸਵੈ-ਇਛੁਕ ਸੋਧਾਂ ਦੇ ਨਾਲ ਦਿੱਤੀ ਹੈ। ਸੀ. ਸੀ. ਆਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿੱਤੀ।

6 ਮਹੀਨੇ ਪਹਿਲਾਂ ਹੋਈ ਸੀ ਡੀਲ

ਇਹ ਡੀਲ ਲਗਭਗ 6 ਮਹੀਨੇ ਪਹਿਲਾਂ ਹੋਈ ਸੀ। ਇਸ ਡੀਲ ਨੂੰ ਹੁਣ ਸੀ. ਸੀ. ਆਈ. ਨੇ ਦੋਵਾਂ ਪਾਰਟੀਆਂ ਵੱਲੋਂ ਪ੍ਰਸਤਾਵਿਤ ਕੁਝ ਸੋਧਾਂ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ। ਐਕਸ ’ਤੇ ਇਕ ਪੋਸਟ ’ਚ ਰੈਗੂਲੇਟਰੀ ਨੇ ਕਿਹਾ,‘ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ, ਵਾਇਆਕਾਮ 18 ਮੀਡੀਆ ਪ੍ਰਾਈਵੇਟ ਲਿਮਟਿਡ, ਡਿਜੀਟਲ 18 ਮੀਡੀਆ ਲਿਮਟਿਡ, ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਸਟਾਰ ਟੈਲੀਵਿਜ਼ਨ ਪ੍ਰੋਡਕਸ਼ਨ ਲਿਮਟਿਡ ਨੂੰ ਸ਼ਾਮਲ ਕਰਨ ਵਾਲੇ ਪ੍ਰਸਤਾਵਿਤ ਸੁਮੇਲ ਨੂੰ ਸਵੈ-ਇਛੁਕ ਸੋਧਾਂ ਦੀ ਪਾਲਣਾ ਦੇ ਤਹਿਤ ਮਨਜ਼ੂਰੀ ਦੇ ਦਿੱਤੀ ਹੈ।’

ਰਿਲਾਇੰਸ ਕੋਲ ਹੋਵੇਗੀ 63.16 ਫੀਸਦੀ ਹਿੱਸੇਦਾਰੀ

ਹਾਲਾਂਕਿ ਸੀ. ਸੀ. ਆਈ. ਨੇ ਦੋਵੇਂ ਧਿਰਾਂ ਵੱਲੋਂ ਕੀਤੇ ਗਏ ਮੂਲ ਸੌਦਿਆਂ ’ਚ ਸਵੈ-ਇਛੁਕ ਸੋਧਾਂ ਦਾ ਖੁਲਾਸਾ ਨਹੀਂ ਕੀਤਾ। ਸੌਦੇ ਦੇ ਤਹਿਤ ਰਿਲਾਇੰਸ ਅਤੇ ਉਸ ਦੇ ਸਬਸਿਡਰੀਜ਼ ਰਲੇਵੇਂ ਨਾਲ ਬਣੀ ਕੰਪਨੀ ’ਚ 63.16 ਫੀਸਦੀ ਹਿੱਸੇਦਾਰੀ ਰੱਖਣਗੇ। ਰਲੇਵੇਂ ਨਾਲ ਬਣੀ ਕੰਪਨੀ ’ਚ 2 ਸਟ੍ਰੀਮਿੰਗ ਸੇਵਾਵਾਂ ਅਤੇ 120 ਟੈਲੀਵਿਜ਼ਨ ਚੈਨਲ ਹੋਣਗੇ। ਬਾਕੀ 36.84 ਫੀਸਦੀ ਹਿੱਸੇਦਾਰੀ ਵਾਲਟ ਡਿਜ਼ਨੀ ਰੱਖੇਗਾ।

ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੇਅਰ

ਬੰਬੇ ਸਟਾਕ ਐਕਸਚੇਂਜ ’ਤੇ ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੇਅਰ ਬੁੱਧਵਾਰ ਨੂੰ 0.16 ਫੀਸਦੀ ਜਾਂ 4.70 ਰੁਪਏ ਦੀ ਗਿਰਾਵਟ ਨਾਲ 2995.75 ਰੁਪਏ ’ਤੇ ਬੰਦ ਹੋਇਆ। ਇਸ ਸ਼ੇਅਰ ਦਾ 52 ਵੀਕ ਹਾਈ 3217.90 ਰੁਪਏ ਅਤੇ 52 ਵੀਕ ਲੋਅ 2201.05 ਰੁਪਏ ਹੈ। ਕੰਪਨੀ ਦਾ ਬਾਜ਼ਾਰ ਪੂੰਜੀਕਰਨ 20,26,869.04 ਕਰੋੜ ਰੁਪਏ ਹੈ।


author

Harinder Kaur

Content Editor

Related News