ਸਰਕਾਰ ’ਚ ਰਿਫਾਰਮਸ ਕਰਨ ਦਾ ਦਮ, ਚੁੱਕਣੇ ਹੋਣਗੇ ਜ਼ਰੂਰੀ ਕਦਮ : ਰਘੁਰਾਮ ਰਾਜਨ

Thursday, Oct 31, 2019 - 11:19 PM (IST)

ਸਰਕਾਰ ’ਚ ਰਿਫਾਰਮਸ ਕਰਨ ਦਾ ਦਮ, ਚੁੱਕਣੇ ਹੋਣਗੇ ਜ਼ਰੂਰੀ ਕਦਮ : ਰਘੁਰਾਮ ਰਾਜਨ

ਸਿੰਗਾਪੁਰ (ਏਜੰਸੀਆਂ)-ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਫੈਡਰਲ ਰਿਜ਼ਰਵ ਨੇ ਅੱਗੇ ਦਰਾਂ ’ਚ ਕਟੌਤੀ ਨਾ ਕਰਨ ਦਾ ਜੋ ਸੰਕੇਤ ਦਿੱਤਾ ਹੈ, ਉਹ ਪੂਰੀ ਤਰ੍ਹਾਂ ਠੀਕ ਹੈ। ਉਨ੍ਹਾਂ ਇਕ ਇੰਟਰਵਿਊ ’ਚ ਕਿਹਾ ਕਿ ਭਾਰਤ ਨੂੰ ਇਕਾਨਮਿਕ ਗ੍ਰੋਥ ਲਈ ਨਵੇਂ ਜ਼ਮਾਨੇ ਦੇ ਰਿਫਾਰਮਸ (ਸੁਧਾਰਾਂ) ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਬੈਂਕਿੰਗ ਸਿਸਟਮ ਨੂੰ ਦਰੁਸਤ ਕਰਨ ਅਤੇ ਜ਼ਰੂਰੀ ਕਦਮ ਚੁੱਕਣ ਦੀ ਗੱਲ ਕਹੀ।

ਭਾਰਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਇਕਾਨਮਿਕ ਸਲੋਅਡਾਊਨ ਨਾਲ ਜੂਝ ਰਿਹਾ ਹੈ। ਭਾਰਤ ਨੂੰ ਮਜ਼ਬੂਤ ਵਾਧੇ ਦੀ ਜ਼ਰੂਰਤ ਹੈ ਪਰ ਇਹ ਸਿਰਫ ਫੇਰਬਦਲ ਨਾਲ ਹਾਸਲ ਨਹੀਂ ਹੋਵੇਗਾ। ਭਾਰਤ ਨੂੰ ਸਹੀ ਮਾਅਇਨਿਆਂ ’ਚ ਨਵੀਂ ਪੀੜ੍ਹੀ ਦੇ ਰਿਫਾਰਮਸ ਦੀ ਜ਼ਰੂਰਤ ਹੈ। ਚੰਗੀ ਖਬਰ ਇਹ ਹੈ ਕਿ ਸਰਕਾਰ ਸਿਆਸੀ ਤੌਰ ’ਤੇ ਇੰਨੀ ਮਜ਼ਬੂਤ ਹੈ ਕਿ ਉਹ ਰਿਫਾਰਮਸ ਕਰ ਸਕਦੀ ਹੈ।

ਐੱਨ. ਬੀ. ਐੱਫ. ਸੀ. ’ਚ ਵੀ ਹੋਵੇ ਰੀਕੈਪੀਟਲਾਈਜ਼ੇਸ਼ਨ

ਉਨ੍ਹਾਂ ਕਿਹਾ ਕਿ ਜੇਕਰ ਮੈਂ ਸਿਆਸੀ ਉਪਰਾਲਿਆਂ ਦੀ ਗੱਲ ਕਰਾਂ ਤਾਂ ਇਸ ’ਚ ਜੋ ਸਫਾਈ ਸ਼ੁਰੂ ਹੋਈ ਹੈ, ਉਸ ਨੂੰ ਛੇਤੀ ਪੂਰਾ ਹੋ ਜਾਣਾ ਚਾਹੀਦਾ ਹੈ। ਰੀਕੈਪੀਟਲਾਈਜ਼ੇਸ਼ਨ ਦਾ ਕੰਮ ਪੂਰਾ ਹੋ ਗਿਆ ਹੈ ਪਰ ਇਹ ਗੈਰ-ਬੈਂਕਿੰਗ ਵਿੱਤੀ ਖੇਤਰ (ਐੱਨ. ਬੀ. ਐੱਫ. ਸੀ.) ਲਈ ਵੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਫਾਈ ਦੇ ਰਾਹ ’ਚ ਅੜਿੱਕਾ ਬਣ ਰਿਹਾ ਹੈ। ਜੇਕਰ ਤੁਹਾਨੂੰ ਮਜ਼ਬੂਤ ਵਾਧਾ ਚਾਹੀਦਾ ਹੈ ਤਾਂ ਬੈਂਕਿੰਗ ਖੇਤਰ ਦੇ ਵਾਧੇ ਨੂੰ ਵਧਾਉਣਾ ਪਵੇਗਾ। ਅਮਰੀਕੀ ਫੈਡ ਰਿਜ਼ਰਵ ਨੇ ਬੁੱਧਵਾਰ ਨੂੰ ਇਸ ਸਾਲ ਲਗਾਤਾਰ ਤੀਜੀ ਵਾਰ ਦਰਾਂ ’ਚ ਕਟੌਤੀ ਕੀਤੀ। ਇਸ ਦਾ ਮਕਸਦ ਹੈ ਕਿ ਅਮਰੀਕੀ ਅਰਥਵਿਵਸਥਾ ਬਿਨਾਂ ਮੰਦੀ ’ਚ ਫਸੇ ਗਲੋਬਲ ਟ੍ਰੇਡ ਵਾਰ ਦਾ ਮੁਕਾਬਲਾ ਕਰ ਸਕੇ। ਵਿਕਾਸ ’ਤੇ ਰਾਜਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਮੰਦੀ ਖਿਲਾਫ ਪੂਰਾ ਪ੍ਰਬੰਧ ਕਰ ਲਿਆ ਹੈ ਅਤੇ ਉਨ੍ਹਾਂ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਉਹ ਇੰਤਜ਼ਾਰ ਕਰਨਗੇ।

ਰਾਜਨ ਦਾ ਸੀਤਾਰਮਨ ਨੂੰ ਜਵਾਬ, ਮੈਂ ਸਭ ਤੋਂ ਜ਼ਿਆਦਾ ਕੰਮ ਤਾਂ ਭਾਜਪਾ ਸਰਕਾਰ ਦੇ ਅਧੀਨ ਹੀ ਕੀਤਾ

ਰਾਜਨ ’ਤੇ ਹਾਲ ਹੀ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਮਲਾ ਕਰਦਿਆਂ ਕਿਹਾ ਸੀ ਕਿ ਰਾਜਨ ਨੇ ਭਾਰਤੀ ਬੈਂਕਿੰਗ ਖੇਤਰ ਦੇ ‘ਸਭ ਤੋਂ ਬੁਰੇ ਦੌਰ’ ਦੀ ਪ੍ਰਧਾਨਗੀ ਕੀਤੀ। ਇਸ ਦੇ ਜਵਾਬ ’ਚ ਰਾਜਨ ਨੇ ਸੀਤਾਰਮਨ ਨੂੰ ਯਾਦ ਦਿਵਾਇਆ ਕਿ ਕੇਂਦਰੀ ਬੈਂਕ ਦੇ ਮੁਖੀ ਦੇ ਰੂਪ ’ਚ ਉਨ੍ਹਾਂ ਦਾ ਦੋ-ਤਿਹਾਈ ਕਾਰਜਕਾਲ ਭਾਜਪਾ ਸਰਕਾਰ ਦੇ ਅਧੀਨ ਸੀ। 5 ਸਤੰਬਰ 2013 ਤੋਂ ਸਤੰਬਰ 2016 ਤੱਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਪ੍ਰਧਾਨ ਰਹੇ ਰਾਜਨ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੇ ਸਮੇਂ ਬੈਡ ਲੋਨ ਤੋਂ ਬੈਂਕਿੰਗ ਖੇਤਰ ਦੀ ਸਫਾਈ ਸ਼ੁਰੂ ਹੋਈ ਸੀ ਜੋ ਅਧੂਰੀ ਰਹਿ ਗਈ। ਰਾਜਨ ਨੇ ਐੱਨ. ਪੀ. ਏ. ਕ੍ਰਾਈਸਿਸ ਬਾਰੇ ਕਿਹਾ ਕਿ ਇਸ ਦੇ ਬੀਜ 2007-08 ’ਚ ਪੈ ਗਏ ਸਨ। ਧਿਆਨਦੇਣ ਯੋਗ ਹੈ ਕਿ 2007-08 ’ਚ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਕਾਂਗਰਸ ਦੀ ਅਗਵਾਈ ’ਚ ਯੂ. ਪੀ. ਏ. ਸਰਕਾਰ ਸੱਤਾ ’ਚ ਸੀ।

ਨਹੀਂ ਪੈਣਾ ਚਾਹੁੰਦੇ ਸਿਆਸੀ ਬਹਿਸ ’ਚ

ਇਕ ਨਿਊਜ਼ ਚੈਨਲ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ, ‘‘ਮੈਂ ਕਾਂਗਰਸ ਸਰਕਾਰ ਦੇ ਅਧੀਨ ਰਹਿ ਕੇ 8 ਮਹੀਨਿਆਂ ਤੱਕ ਕੰਮ ਕੀਤਾ ਅਤੇ ਭਾਜਪਾ ਸਰਕਾਰ ਦੇ ਅਧੀਨ 26 ਮਹੀਨੇ। ਅਜਿਹੇ ’ਚ ਜ਼ਿਆਦਾ ਸਮਾਂ ਮੈਂ ਇਸ ਸਰਕਾਰ ਦੇ ਨਾਲ ਕੰਮ ਕੀਤਾ।’’ ਹਾਲਾਂਕਿ ਨਾਲ ਹੀ ਰਾਜਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਸਿਆਸੀ ਬਹਿਸ ’ਚ ਨਹੀਂ ਪੈਣਾ ਚਾਹੁੰਦੇ। ਦੱਸਣਯੋਗ ਹੈ ਕਿ ਹਾਲ ਹੀ ’ਚ ਨਿਊਯਾਰਕ ’ਚ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਘੁਰਾਮ ਰਾਜਨ ਦੀ ਸਾਂਝੇਦਾਰੀ ’ਚ ਬੈਂਕਿੰਗ ਸੈਕਟਰ ਦੀ ਹਾਲਤ ਸਭ ਤੋਂ ਵੱਧ ਬੁਰੀ ਰਹੀ। ਸੀਤਾਰਮਨ ਨੇ ਇਹ ਗੱਲ ਰਾਜਨ ਦੇ ਉਸ ਬਿਆਨ ਤੋਂ ਬਾਅਦ ਕਹੀ ਸੀ, ਜਿਸ ’ਚ ਰਾਜਨ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ’ਚ ਅਰਥਵਿਵਸਥਾ ’ਤੇ ਸਹੀ ਤਰ੍ਹਾਂ ਕੰਮ ਨਹੀਂ ਹੋਇਆ।


author

Karan Kumar

Content Editor

Related News