ਦੁਬਈ ’ਚ ਸੋਨੇ ਦੀ ਖ਼ਰੀਦ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਕਾਫੀ ਕਮੀ ਆਉਣ ਦੀ ਸੰਭਾਵਨਾ
Tuesday, Jul 30, 2024 - 11:42 AM (IST)
ਨਵੀਂ ਦਿੱਲੀ (ਇੰਟ.) - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਹਾਲ ’ਚ ਸੰਸਦ ’ਚ ਪੇਸ਼ ਬਜਟ ’ਚ ਸੋਨੇ-ਚਾਂਦੀ ’ਤੇ ਕਸਟਮ ਡਿਊਟੀ ’ਚ ਭਾਰੀ ਕਟੌਤੀ ਦਾ ਐਲਾਨ ਕੀਤਾ।
ਜਿਊਲਰਸ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਦੁਬਈ ’ਚ ਸੋਨੇ ਦੀ ਖਰੀਦਦਾਰੀ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਕਾਫ਼ੀ ਕਮੀ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ’ਚੋਂ ਕਈ ਜਿਊਲਰਸ ਯੂ. ਏ. ਈ. ’ਚ ਵੀ ਸਟੋਰ ਚਲਾਉਂਦੇ ਹਨ।
ਜੁਲਾਈ 2022 ’ਚ ਭਾਰਤ ’ਚ ਕਸਟਮ ਡਿਊਟੀ ’ਚ ਭਾਰੀ ਵਾਧੇ ਤੋਂ ਬਾਅਦ ਯੂ. ਏ. ਈ. ਸੋਨੇ ਦੇ ਦੀਵਾਨੇ ਭਾਰਤੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ ਪਰ ਵਿੱਤੀ ਸਾਲ 2024-25 ਦੇ ਬਜਟ ’ਚ ਸਰਕਾਰ ਨੇ ਸੋਨੇ ’ਤੇ ਕਸਟਮ ਡਿਊਟੀ ਅੱਧੇ ਤੋਂ ਵੀ ਘੱਟ ਕਰ ਦਿੱਤੀ ਹੈ। ਜਿਊਲਰਸ ਦਾ ਕਹਿਣਾ ਹੈ ਕਿ ਇਸ ਐਲਾਨ ਤੋਂ ਬਾਅਦ ਭਾਰਤ ਅਤੇ ਯੂ. ਏ. ਈ. ’ਚ ਕਸਟਮ ਡਿਊਟੀ ਦਾ ਫਰਕ ਕਾਫ਼ੀ ਘੱਟ ਹੋ ਗਿਆ ਹੈ। ਇਸ ਨਾਲ ਭਾਰਤੀਆਂ ਨੂੰ ਹੁਣ ਵਿਦੇਸ਼ ’ਚ ਸੋਨਾ ਖਰੀਦਣ ਨਾਲ ਕੋਈ ਜ਼ਿਆਦਾ ਫਾਇਦਾ ਨਹੀਂ ਹੋਵੇਗਾ।
ਦੁਬਈ ’ਚ ਵੱਡੀ ਹਾਜ਼ਰੀ ਰੱਖਣ ਵਾਲੇ ਜੋਏਲੁੱਕਾਸ ਗਰੁੱਪ ਦੇ ਚੇਅਰਮੈਨ ਜੋਇਆ ਅਲੁੱਕਾਸ ਨੇ ਕਿਹਾ ਕਿ ਸਾਡਾ ਯੂ. ਏ. ਈ. ਦਾ ਲੱਗਭਗ 50 ਫ਼ੀਸਦੀ ਕਾਰੋਬਾਰ ਭਾਰਤ ’ਚ ਟਰਾਂਸਫਰ ਹੋ ਜਾਵੇਗਾ, ਕਿਉਂਕਿ ਦੁਬਈ ’ਚ ਗਹਿਣਾ ਖਰੀਦਣ ਜਾਣ ਵਾਲੇ ਭਾਰਤੀ ਸੈਲਾਨੀ ਹੁਣ ਭਾਰਤ ’ਚ ਖਰੀਦਦਾਰੀ ਕਰਨਗੇ। ਦੁਬਈ ’ਚ ਰਹਿਣ ਵਾਲੇ ਭਾਰਤੀ ਪ੍ਰਵਾਸੀ ਅਤੇ ਹੋਰ ਲੋਕ ਯੂ. ਏ. ਈ. ਤੋਂ ਖਰੀਦਦਾਰੀ ਜਾਰੀ ਰੱਖ ਸਕਦੇ ਹਨ।
ਭਾਰਤ ’ਚ ਬਣੇ ਗਹਿਣੇ, ਵਿਸ਼ੇਸ਼ ਤੌਰ ’ਤੇ ਕੋਲਕਾਤਾ ’ਚ ਬਣੇ ਸੋਨੇ ਦੇ ਗਹਿਣੇ ਦੁਬਈ ’ਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਅਤੇ ਭਾਰਤ ਅਤੇ ਹੋਰ ਦੇਸ਼ਾਂ ਦੇ ਸੈਲਾਨੀਆਂ ਵਿਚਾਲੇ ਕਾਫ਼ੀ ਲੋਕਪ੍ਰਿਯ ਹਨ। ਇਨ੍ਹਾਂ ਨੂੰ ਕੋਲਕਾਤੀ ਗਹਿਣਾ ਕਿਹਾ ਜਾਂਦਾ ਹੈ। ਡਿਊਟੀ ’ਚ ਕਟੌਤੀ ਨਾਲ ਭਾਰਤ ’ਚ ਸੋਨੇ ਦੇ ਗਹਿਣਿਆਂ ਦੇ ਉਤਪਾਦਨ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ। ਸੋਨੇ ਦੇ ਕਾਰੀਗਰਾਂ ਨੂੰ ਭਾਰੀ ਅਤੇ ਹਲਕੇ ਦੋਵਾਂ ਤਰ੍ਹਾਂ ਦੇ ਗਹਿਣਿਆਂ ’ਚ ਨਵੇਂ ਡਿਜ਼ਾਈਨ ਲਾਂਚ ਕਰਨ ’ਚ ਮਦਦ ਮਿਲੇਗੀ, ਜਿਸ ਨਾਲ ਖਪਤਕਾਰ ਭਾਰਤ ਤੋਂ ਸੋਨਾ ਖਰੀਦਣ ਲਈ ਆਕਰਸ਼ਤ ਹੋਣਗੇ।
ਮੁਨਾਫੇ ’ਤੇ ਸੱਟ
ਕਸਟਮ ਡਿਊਟੀ ’ਚ 6 ਫ਼ੀਸਦੀ ਦੀ ਕਟੌਤੀ ਦਾ ਮਤਲੱਬ ਹੈ ਕਿ ਦੁਬਈ ’ਚ ਸੋਨੇ ਦੀ ਖਰੀਦ ’ਤੇ ਲੱਗਣ ਵਾਲਾ 5 ਫ਼ੀਸਦੀ ਦਾ ਵੈਟ ਲੇਬਰ ਕਾਸਟ ਦੇ ਫਰਕ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ। ਬਾਂਦਰਾ ਦੇ ਜਿਊਲਰ ਪੋਪਲੀ ਐਂਡ ਸੰਜ਼ ਦੇ ਡਾਇਰੈਕਟਰ ਰਾਜੀਵ ਪੋਪਲੀ ਨੇ ਕਿਹਾ ਕਿ ਵਿਦੇਸ਼ ’ਚ ਸੋਨਾ ਭਾਰਤ ਦੇ ਮੁਕਾਬਲੇ ਸਸਤਾ ਹੈ, ਇਹ ਸਿਰਫ ਇਕ ਮਾਨਸਿਕਤਾ ਹੈ। ਭਾਰਤ ’ਚ ਲੇਬਰ ਕਾਸਟ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ ਲਾਜ਼ਮੀ ਹਾਲਮਾਰਕਿੰਗ ਅਤੇ ਐੱਚ. ਯੂ. ਆਈ. ਡੀ. ਨੰਬਰ ਦੀ ਸ਼ੁਰੂਆਤ ਨਾਲ ਭਾਰਤ ’ਚ ਸੋਨੇ ਦੀ ਸ਼ੁੱਧਤਾ ਦਾ ਸਵਾਲ ਵੀ ਹੱਲ ਹੋ ਗਿਆ ਹੈ। ਦੁਬਈ ’ਚ ਰਹਿਣ ਵਾਲੇ ਐੱਨ. ਆਰ. ਆਈਜ਼ ਨੂੰ ਵੈਟ ਰਿਫੰਡ ਨਹੀਂ ਮਿਲਦਾ ਹੈ।
ਇੰਡਸਟਰੀ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਵਿਦੇਸ਼ ਯਾਤਰਾ ਕਰਨ ਵਾਲੇ ਅਤੇ ਸੋਨੇ ਦੀ ਖਰੀਦ ਕਰਨ ਵਾਲੇ ਭਾਰਤੀਆਂ ਨੂੰ ਵੈਟ ਦਾ ਸਿਰਫ 60 ਫ਼ੀਸਦੀ ਹੀ ਵਾਪਸ ਮਿਲਦਾ ਹੈ।
ਸੋਨੇ ਦੇ ਕਾਰੋਬਾਰ ਵਿਸ਼ਲੇਸ਼ਕ ਭਾਰਗਵ ਬੈਦਯ ਨੇ ਕਿਹਾ ਕਿ ਜਦੋਂ ਤੁਸੀਂ ਦੁਬਈ ਤੋਂ ਸੋਨੇ ਦਾ ਇਕ ਟੁਕੜਾ ਖਰੀਦਦੇ ਹੋ, ਤਾਂ ਤੁਹਾਡੇ ਕੋਲ ਇਸ ਨੂੰ ਬਦਲਣ ਅਤੇ ਪਸੰਦ ਨਾ ਆਉਣ ’ਤੇ ਕੋਈ ਦੂਜਾ ਟੁਕੜਾ ਖਰੀਦਣ ਦਾ ਬਦਲ ਨਹੀਂ ਹੁੰਦਾ। ਇਸ ਤੋਂ ਇਲਾਵਾ, ਭਾਰਤ ਅਤੇ ਦੁਬਈ ’ਚ ਸੋਨੇ ਦੇ ਗਹਿਣਿਆਂ ਵਿਚਲੇ 1 ਫ਼ੀਸਦੀ ਡਿਊਟੀ ਦੇ ਫਰਕ ਦੀ ਭਰਪਾਈ ਹੋ ਜਾਵੇਗੀ ਕਿਉਂਕਿ ਭਾਰਤੀ ਜਿਊਲਰ ਆਪਣੇ ਗਾਹਕ ਆਧਾਰ ਨੂੰ ਬਣਾਈ ਰੱਖਣ ਅਤੇ ਜ਼ਿਆਦਾ ਗਾਹਕ ਪ੍ਰਾਪਤ ਕਰਨ ਲਈ ਕੁਝ ਛੋਟ ਦੇਣਗੇ। ਜੇਕਰ ਮਾਤਰਾ ਵਧਦੀ ਹੈ, ਤਾਂ ਭਾਰਤੀ ਜਿਊਲਰ ਲਾਭ ’ਤੇ ਥੋੜ੍ਹਾ ਨੁਕਸਾਨ ਝੱਲਣ ਲਈ ਤਿਆਰ ਹਨ।