IPO ਨੂੰ ਲੈ ਕੇ ਇਸ ਸਾਲ ਟੁੱਟ ਸਕਦੇ ਹਨ ਰਿਕਾਰਡ, ਕੰਪਨੀਆਂ ਵਲੋਂ 1 ਲੱਖ ਕਰੋੜ ਰੁਪਏ ਜੁਟਾਉਣ ਦੀ ਸੰਭਾਵਨਾ

Friday, Jul 30, 2021 - 06:15 PM (IST)

IPO ਨੂੰ ਲੈ ਕੇ ਇਸ ਸਾਲ ਟੁੱਟ ਸਕਦੇ ਹਨ ਰਿਕਾਰਡ, ਕੰਪਨੀਆਂ ਵਲੋਂ  1 ਲੱਖ ਕਰੋੜ ਰੁਪਏ ਜੁਟਾਉਣ ਦੀ ਸੰਭਾਵਨਾ

ਮੁੰਬਈ - ਕੋਰੋਨਾ ਆਫ਼ਤ ਦਰਮਿਆਨ ਘਰੇਲੂ ਕੰਪਨੀਆਂ ਇਸ ਸਾਲ ਪੈਸਾ ਇਕੱਠਾ ਕਰਨ ਦਾ ਰਿਕਾਰਡ ਬਣਾ ਸਕਦੀਆਂ ਹਨ। ਕੰਪਨੀਆਂ ਸਾਲ ਦੇ ਆਖ਼ਿਰ ਤੱਕ IPO ਅਤੇ FPO(ਫਾਲੋਆਨ ਪਬਲਿਕ ਆਫ਼ਰ) ਦੇ ਜ਼ਰੀਏ 1 ਲੱਖ ਕਰੋੜ ਰੁਪਏ ਇਕੱਠੇ ਕਰ ਸਕਦੀਆਂ ਹਨ। ਹੁਣ ਤੱਕ 42 ਹਜ਼ਾਰ ਕਰੋੜ ਰੁਪਏ ਇਕੱਠੇ ਹੋ ਚੁੱਕੇ ਹਨ। ਦੂਜੇ ਪਾਸੇ 16 ਅਗਸਤ ਤੱਕ 9 ਹੋਰ ਕੰਪਨੀਆਂ 16 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੀ ਤਿਆਰੀ ਕਰ ਰਹੀਆਂ ਹਨ। ਹੁਣ 3 ਹੋਰ ਕੰਪਨੀਆਂ ਦੇ IPO 4 ਅਗਸਤ ਨੂੰ ਆਉਣ ਵਾਲੇ ਹਨ। 

ਅਗਲੇ 15 ਦਿਨਾਂ ਵਿਚ ਆਉਣ ਵਾਲੇ ਹਨ ਇਨ੍ਹਾਂ ਕੰਪਨੀਆਂ ਦੇ IPO

ਹੁਣ ਜਿਹੜੇ ਵੱਡੇ IPO ਅਗਲੇ 15 ਦਿਨਾਂ ਵਿਚ ਆਉਣ ਵਾਲੇ ਹਨ ਉਨ੍ਹਾਂ ਵਿਚ ਨਿਰਮਾ ਦੀ ਸੀਮੈਂਟ ਕੰਪਨੀ ਨੋਵੋਕੋ 5 ਹਜ਼ਾਰ ਕਰੋੜ ਰੁਪਏ ਇਕੱਠੇ ਕਰੇਗੀ। ਕਾਰਟ੍ਰੇਡ 2 ਹਜ਼ਾਰ ਕਰੋੜ ਰੁਪਏ ਜਦੋਂਕਿ ਅਪਟਸ ਵੈਲਿਊ 3 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੀ ਤਿਆਰੀ ਵਿਚ ਹੈ। ਇਸ ਤੋਂ ਇਲਾਵਾ ਇਸ ਹਫ਼ਤੇ ਨਾਇਕਾ ਸੇਬੀ ਕੋਲ IPO ਲਈ ਡਰਾਫਟ ਭਰ ਸਕਦੀ ਹੈ। ਇਹ 5 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੀ ਤਿਆਰੀ ਕਰ ਰਹੀ ਹੈ। ਪਾਲਸੀ ਬਾਜ਼ਾਰ ਡਾਟ ਕਾਮ ਅਗਲੇ ਹਫ਼ਤੇ 6 ਹਜ਼ਾਰ  ਕਰੋੜ ਰੁਪਏ ਦੇ DRHP(draft red herring prospectus) ਫਾਈਲ ਕਰੇਗੀ।

ਸਾਲ 2017 ਵਿਚ ਬਣਿਆ ਸੀ ਰਿਕਾਰਡ

ਭਾਰਤੀ ਬਾਜ਼ਾਰ ਵਿਚ ਇਸ ਤੋਂ ਪਹਿਲਾਂ 2017 ਵਿਚ ਸਭ ਤੋਂ ਵਧ ਰਕਮ ਇਕੱਠੀ ਕੀਤੀ ਗਈ ਸੀ। ਉਸ ਸਮੇਂ ਇਕ ਸਾਲ ਵਿਚ 38 ਕੰਪਨੀਆਂ ਨੇ ਕੁੱਲ 75 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ ਸਨ। ਸੇਬੀ ਕੋਲ ਕੰਪਨੀਆਂ ਦੁਆਰਾ ਦਾਇਰ ਕੀਤੇ ਗਏ ਡ੍ਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (ਡੀਆਰਐਚਪੀ) ਅਤੇ ਜਿੰਨੀਆਂ ਕੰਪਨੀਆਂ ਦੀ ਗਿਣਤੀ ਨੂੰ ਸੇਬੀ ਦੀ ਮਨਜ਼ੂਰੀ ਮਿਲੀ ਹੈ ਇਸ ਤੋਂ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਸਾਲ ਰਿਕਾਰਡ ਟੁੱਟ ਜਾਣਗੇ। ਆਈ.ਪੀ.ਓ. ਲਈ ਡੀ.ਆਰ.ਐਚ.ਪੀ. ਫਾਈਲ ਕਰਨਾ ਜ਼ਰੂਰੀ ਹੁੰਦਾ ਹੈ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀ Excise Duty ਤੋਂ ਮੁਫ਼ਤ ਟੀਕਾ ਤੇ ਰਾਸ਼ਨ ਦੇ ਰਹੀ ਸਰਕਾਰ : ਪੁਰੀ

ਦਰਜਨਾਂ ਕੰਪਨੀਆਂ ਨੂੰ ਸੇਬੀ ਦੀ ਮਿਲ ਚੁੱਕੀ ਹੈ ਮਨਜ਼ੂਰੀ 

ਮਾਹਿਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਕੰਪਨੀਆਂ ਨੂੰ ਸੇਬੀ ਦੀ ਮਨਜ਼ੂਰੀ ਮਿਲੀ ਹੈ, ਭਾਵੇਂ ਉਹ ਕੰਪਨੀਆਂ ਹੀ ਬਾਜ਼ਾਰ ਵਿੱਚ ਆਉਂਦੀਆਂ ਹਨ, ਫਿਰ ਵੀ ਇਕੱਠੀ ਕੀਤੀ ਗਈ ਰਕਮ ਦਾ ਅੰਕੜਾ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਸੇਬੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੁੱਲ 12 ਕੰਪਨੀਆਂ ਨੇ ਇਸ ਮਹੀਨੇ ਵਿੱਚ ਸੇਬੀ ਕੋਲ DRHP ਜਮ੍ਹਾਂ ਕਰਵਾਈ ਹੈ। 6 ਕੰਪਨੀਆਂ ਨੇ ਜੂਨ ਵਿੱਚ ਜਦੋਂਕਿ 12 ਨੇ ਮਈ ਵਿੱਚ ਅਤੇ 9 ਕੰਪਨੀਆਂ ਨੇ ਅਪ੍ਰੈਲ ਵਿੱਚ ਜਮ੍ਹਾਂ ਕਰਵਾਇਆ ਹੈ।

ਸਾਰੇ ਇਸ਼ੂ  ਨੂੰ ਮਿਲ ਰਿਹਾ ਵਧੀਆ ਹੁੰਗਾਰਾ

ਪਿਛਲੇ ਸਾਲ ਤੋਂ ਇਸ ਸਾਲ ਤਕ ਲਗਭਗ ਸਾਰੇ ਆਈ.ਪੀ.ਓਜ਼. ਨੂੰ ਨਿਵੇਸ਼ਕਾਂ ਦੁਆਰਾ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਉਸੇ ਸਮੇਂ  ਇਹ 200 ਗੁਣਾ ਤੱਕ ਭਰੇ ਹਨ ਅਤੇ ਉਸੇ ਅਨੁਪਾਤ ਵਿਚ ਨਿਵੇਸ਼ਕਾਂ ਨੂੰ ਭਾਰੀ ਲਾਭ ਦਿੱਤਾ ਹੈ। ਰਵਾਇਤੀ ਕੰਪਨੀਆਂ ਤੋਂ ਇਲਾਵਾ ਜ਼ੋਮੈਟੋ, ਪੇਟੀਐੱਮ, ਨਾਇਕਾ, ਫੋਨਪੇਅ, ਮੋਬਿਕਵਿਕ, ਪਾਲਸੀ ਬਾਜ਼ਾਰ ਵਰਗੀਆਂ ਕੰਪਨੀਆਂ ਵੀ ਇਸ ਬਾਜ਼ਾਰ ਵਿਚ ਆ ਰਹੀਆਂ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਨਵੇਂ IT ਪੋਰਟਲ ਲਈ ਦਿੱਤੇ 164 ਕਰੋੜ ਪਰ ਤਕਨੀਕੀ ਖ਼ਾਮੀਆਂ ਬਰਕਰਾਰ

34 ਕੰਪਨੀਆਂ ਨੇ ਡੀ.ਆਰ.ਐੱਚ.ਪੀ. ਫਾਈਲ ਕੀਤਾ

ਸੇਬੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਹਾਲ ਹੀ ਦੇ ਸਮੇਂ ਵਿੱਚ 34 ਕੰਪਨੀਆਂ ਨੇ ਸੇਬੀ ਕੋਲ DRHP ਦਾਇਰ ਕੀਤੀ ਹੈ। ਉਹ ਮਿਲ ਕੇ 75,000 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਇਲਾਵਾ 50 ਕੰਪਨੀਆਂ ਨੇ ਆਈ.ਪੀ.ਓ. ਮਾਰਕੀਟ ਵਿੱਚ ਦਾਖਲ ਹੋਣ ਦਾ ਐਲਾਨ ਕੀਤਾ ਹੈ। ਇਸ ਵਿਚੋਂ 21 ਕੰਪਨੀਆਂ 70 ਕਰੋੜ ਰੁਪਏ ਇਕੱਠੀ ਕਰ ਸਕਦੀਆਂ ਹਨ। ਹਾਲਾਂਕਿ ਐਲ.ਆਈ.ਸੀ. ਦਾ ਸਭ ਤੋਂ ਵੱਡਾ ਆਈਪੀਓ ਹੈ। ਇਹ ਅਗਲੇ ਸਾਲ ਵਿੱਚ ਆ ਸਕਦਾ ਹੈ। ਜੇ ਉਹ ਦਸੰਬਰ ਤੱਕ ਆ ਜਾਂਦਾ ਹੈ, ਤਾਂ ਇਹ ਰਕਮ 1.80 ਲੱਖ ਕਰੋੜ ਰੁਪਏ ਹੋਵੇਗੀ।

ਪੈਨਸ਼ਨ ਫੰਡ ਦਾ ਵੀ ਲੱਗੇਗਾ ਪੈਸਾ

IPO ਬਾਜ਼ਾਰ ਲਈ ਇਕ ਵਧੀਆ ਗੱਲ ਇਹ ਹੈ ਕਿ ਪੈਨਸ਼ਨ ਫੰਡ ਦਾ ਪੈਸਾ ਵੀ ਹੁਣ IPO ਵਿਚ ਲਗਾਇਆ ਜਾ ਸਕਦਾ ਹੈ। ਇਸ ਪੈਸੇ ਨੂੰ ਹੁਣ ਤੱਕ IPO ਵਿਚ ਲਗਾਉਣ ਦੀ ਮਨਜ਼ੂਰੀ ਨਹੀਂ ਮਿਲੀ ਸੀ। ਜ਼ੋਮੈਟੋ ਤੋਂ ਬਾਅਦ ਹੁਣ ਨਿਵੇਸ਼ਕਾਂ ਦੀ ਨਜ਼ਰ ਪੇਟੀਐਮ ਦੇ ਆਈ.ਪੀ.ਓ. ਵੱਲ ਹੈ। ਕੰਪਨੀ 16,600 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ IPO ਦਿਵਾਲੀ ਤੱਕ ਆ ਸਕਦਾ ਹੈ। ਇਸ ਦੀ ਪੇਰੈਂਟ ਕੰਪਨੀ  ਵਨ97 ਸਟਾਕ ਐਕਸਚੇਂਜ ਵਿਚ ਲਿਸਟ ਹੋਵੇਗੀ।

ਇਹ ਵੀ ਪੜ੍ਹੋ : Elon Musk ਦੇ ਬਿਆਨ ਤੋਂ ਬਾਅਦ ਭਾਰਤ ਸਰਕਾਰ ਦਾ ਬਦਲਿਆ ਮੂਡ, ਦਿੱਤਾ ਇਹ ਬਿਆਨ

ਜ਼ੋਮੈਟੋ ਨੇ ਇਕੱਠੇ ਕੀਤੇ ਸਨ 9,375 ਕਰੋੜ ਰੁਪਏ

ਪਿਛਲੇ 3-4 ਸਾਲਾਂ ਦਰਮਿਆਨ ਵੱਡੇ IPO ਦੀ ਗੱਲ ਕਰੀਏ ਤਾਂ ਇਸ ਸਾਲ ਜ਼ੋਮੈਟੋ ਨੇ 9,375 ਕਰੋੜ ਰੁਪਏ , ਪਾਵਰ ਗ੍ਰਿਡ ਨੇ 7,734 ਕਰੋੜ ਰੁਪਏ, ਇੰਡੀਅਨ ਰੇਲਵੇ ਫਾਇਨਾਂਸ ਕਾਰਪੋਰੇਸ਼ਨ ਨੇ 4,633 ਕਰੋੜ ਰੁਪਏ ਇਕੱਠੇ ਕੀਤੇ ਸਨ । ਪਿਛਲੇ ਸਾਲ ਗਲੈਂਡ ਫਾਰਮਾ ਨੇ 6,479 ਕਰੋੜ ਰੁਪਏ ਸਟੇਟ ਬੈਂਕ ਕਾਰਡਸ ਨੇ 10,354 ਅਤੇ ਸਟਲਿੰਗ ਐਂਡ ਵਿਲਸਨ ਨੇ 2019 ਵਿਚ 3,145 ਕਰੋੜ ਰੁਪਏ ਇਕੱਠੇ ਕੀਤੇ ਸਨ । 2018 ਵਿਚ ਆਈ.ਸੀ.ਆਈ.ਸੀ.ਆਈ. ਸਕਿਊਰਿਟੀਜ਼ ਨੇ 4,016 ਕਰੋੜ ਰੁਪਏ , ਹਿੰਦੁਸਤਾਨ ਐਰੋਨਾਟਿਕਸ ਨੇ 4,144 ਕਰੋੜ , ਬੰਧਨ ਬੈਂਕ ਨੇ 4,473 ਕਰੋੜ ਰੁਪਏ ਇਕੱਠੇ ਕੀਤੇ ਸਨ। 

2017 ਵਿਚ ਤਿੰਨ ਬੀਮਾ ਕੰਪਨੀਆਂ ਨੇ ਮੋਟੀ ਰਕਮ ਜੋੜੀ

2017 ਵਿਚ ਤਿੰਨ ਬੀਮਾ ਕੰਪਨੀਆਂ ਨੇ ਚੰਗੀ ਰਕਮ ਇਕੱਠੀ ਕੀਤੀ ਸੀ। ਐੱਚ.ਡੀ.ਐੱਫ.ਸੀ. ਲਾਈਫ ਨੇ 8,695 ਕਰੋੜ ਰੁਪਏ , ਨਿਊ ਇੰਡੀਆ ਇੰਸ਼ੋਰੈਂਸ ਨੇ 9,600 ਕਰੋੜ ਅਤੇ ਜਨਰਲ ਇੰਸ਼ੋਰੈਂਸ ਨੇ 11,176 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਸੀ। ਸਾਲ ਦੇ ਆਧਰ ਮੁਤਾਬਕ ਦੇਖਿਆ ਜਾਵੇ ਤਾਂ ਇਸ ਸਾਲ 42 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ ਗਏ ਅਤੇ ਪਿਛਲੇ ਸਾਲ 26,628 ਕਰੋੜ ਰੁਪਏ ਕੰਪਨੀਆਂ ਨੇ ਇਕੱਠੇ ਕੀਤੇ ਸਨ । 2019 ਵਿਚ 12,687 ਅਤੇ 2018 ਵਿਚ 31 ਹਜ਼ਾਰ ਕਰੋੜ ਰੁਪਏ ਇਕੱਠੇ ਹੋਏ ਸਨ।

ਇਹ ਵੀ ਪੜ੍ਹੋ : ‘ਪਿਛਲੇ ਇਕ ਸਾਲ ’ਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਕੋਈ ਟੈਕਸ ਨਹੀਂ ਲਗਾਇਆ : ਪੁਰੀ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News