RBL ਦੀ ਵੱਡੀ ਹੇਰਾਫੇਰੀ ਆਈ ਸਾਹਮਣੇ,ਬੈਡ ਲੋਨ 'ਚ ਬਦਲਿਆ 300 ਕਰੋੜ ਦਾ ਲੋਨ
Thursday, Dec 30, 2021 - 04:53 PM (IST)
ਬਿਜਨੈੱਸ ਡੈਸਕ- ਆਰ.ਬੀ.ਐੱਲ. ਬੈੱਕ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਥੇ ਇਕ ਪਾਸੇ ਇਸ ਦੇ ਸ਼ੇਅਰ 52 ਹਫ਼ਤੇ ਦੇ ਹੇਠਲੇ ਪੱਧਰ ਤੱਕ ਆ ਗਏ ਹਨ ਤਾਂ ਉਧਰ ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ ਦੀ ਸਖ਼ਤੀ ਨੇ ਬੈਂਕ ਦੇ ਗਾਹਕਾਂ ਨੂੰ ਡਰਾ ਦਿੱਤਾ ਹੈ। ਇਸ ਦੌਰਾਨ ਹੁਣ ਆਈ ਇਕ ਰਿਪੋਰਟ 'ਚ ਬੈਂਕ ਦੀ ਹੇਰਾਫੇਰੀ ਬੇਨਕਾਬ ਕੀਤੀ ਗਈ ਹੈ, ਜਿਸ ਵਜ੍ਹਾ ਨਾਲ ਇਸ ਦੇ ਸੀ.ਈ.ਓ. ਦੀ ਛੁੱਟੀ ਤੱਕ ਕਰ ਦਿੱਤੀ ਗਈ।
ਆਰ.ਬੀ.ਆਈ. ਨੇ ਕੀਤੇ ਇਹ ਵੱਡੇ ਬਦਲਾਅ
ਰਿਪੋਰਟ ਮੁਤਾਬਕ ਕੇਂਦਰੀ ਬੈਂਕ ਨੇ ਬੀਤੀ 25 ਦਸੰਬਰ ਨੂੰ ਇਸ ਨਿੱਜੀ ਬੈਂਕ 'ਚ ਦੋ ਵੱਡੇ ਬਦਲਾਵਾਂ ਨੂੰ ਅੰਜ਼ਾਮ ਦਿੱਤਾ ਸੀ। ਇਸ ਦੇ ਤਹਿਤ ਆਰ.ਬੀ.ਆਈ. ਦੇ ਚੀਫ ਜਨਰਲ ਮੈਨੇਜਰ ਯੋਗੇਸ਼ ਦਿਆਲ ਨੂੰ ਬੈਂਕ ਦੇ ਬੋਰਡ 'ਚ ਵਧੀਕ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ, ਜਦਕਿ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਤੇ ਸੀ.ਈ.ਓ ਰਹੇ ਵਿਸ਼ਵਵੀਰ ਆਹੂਜਾ ਨੂੰ ਤੁਰੰਤ ਲੰਬੀ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਆਰ.ਬੀ.ਆਈ. ਦੀ ਇਸ ਵੱਡੀ ਕਾਰਵਾਈ ਤੋਂ ਬਾਅਦ ਬੈਂਕ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਅਤੇ ਇਹ 20 ਫੀਸਦੀ ਤੱਕ ਟੁੱਟ ਗਏ। ਵੀਰਵਾਰ ਨੂੰ ਵੀ ਸ਼ੇਅਰਾਂ 'ਚ ਗਿਰਾਵਟ ਦਾ ਦੌਰ ਜਾਰੀ ਹੈ।
ਇਸ ਵਜ੍ਹਾ ਨਾਲ ਕੀਤੀ ਗਈ ਕਾਰਵਾਈ
ਇਸ ਹਾਲੀਆ ਜਾਰੀ ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਆਖਿਰ, ਆਰ.ਬੀ.ਐੱਲ. ਬੈਂਕ ਦੇ ਖ਼ਿਲਾਫ਼ ਆਰ.ਬੀ.ਆਈ ਨੇ ਇਸ ਵੱਡੀ ਕਾਰਵਾਈ ਨੂੰ ਕਿਉਂ ਅੰਜ਼ਾਮ ਦਿੱਤਾ। ਰਿਪੋਰਟ ਮੁਤਾਬਕ ਆਰ.ਬੀ.ਐੱਲ ਨੇ 300 ਕਰੋੜ ਰੁਪਏ ਦਾ ਲੋਨ ਦਿੱਤਾ ਅਤੇ ਸੱਤ ਮਹੀਨੇ 'ਚ ਹੀ ਉਸ ਨੂੰ ਬੈਡ ਲੋਨ 'ਚ ਬਦਲ ਕੇ ਬੱਟੇ ਖਾਤੇ 'ਚ ਪਾ ਦਿੱਤਾ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਹ ਲੋਨ ਆਰ.ਬੀ.ਐੱਲ. ਬੈਂਕ ਨੇ ਸਾਲ 2018 'ਚ ਇਕ ਕੰਪਨੀ ਨੂੰ ਕੰਸੋਰਟੀਅਮ ਦੇ ਰੂਪ 'ਚ ਦਿੱਤਾ ਸੀ। ਦੱਸ ਦੇਈਏ ਕਿ ਆਰ.ਬੀ.ਐੱਲ ਕਾਫੀ ਅਰਸੇ ਤੋਂ ਬੈਂਕ ਦੇ ਰਿਸਕ ਡਿਪਾਰਟਮੈਂਟ ਤੋਂ ਲੋਨ ਪੋਰਟਫੋਲੀਓ ਡਿਟੇਲ ਮੰਗ ਰਿਹਾ ਸੀ।
ਕੰਪਨੀ ਦੇ ਨਾਂ ਦਾ ਖੁਲਾਸਾ ਨਹੀਂ
ਹਾਲਾਂਕਿ ਇਸ ਰਿਪੋਰਟ 'ਚ ਇਹ ਸਾਫ਼ ਨਹੀਂ ਕੀਤਾ ਗਿਆ ਹੈ ਕਿ ਆਰ.ਬੀ.ਐੱਲ. ਬੈਂਕ ਵਲੋਂ ਇਹ 300 ਕਰੋੜ ਰੁਪਏ ਦਾ ਵੱਡਾ ਲੋਨ ਆਖਿਰ ਕਿਸ ਕੰਪਨੀ ਨੂੰ ਦਿੱਤਾ ਗਿਆ ਸੀ। ਇਸ 'ਚ ਕਿਹਾ ਗਿਆ ਹੈ ਕਿ ਆਰ.ਬੀ.ਆਈ. ਨੇ ਕਿਸੇ ਖਾਸ ਲੈਣ-ਦੇਣ ਨੂੰ ਲੈ ਕੇ ਇਤਰਾਜ਼ ਜ਼ਾਹਿਰ ਨਹੀਂ ਕੀਤਾ ਸੀ ਸਗੋਂ ਬੋਰਡ ਦੇ ਮੈਂਬਰਾਂ ਨੂੰ ਕੁਝ ਗੜਬੜ ਹੋਣ ਦਾ ਅਹਿਸਾਸ ਹੋਇਆ ਸੀ। ਉਨ੍ਹਾਂ ਨੇ ਇਸ ਸੰਬੰਧ 'ਚ ਭਾਰਤੀ ਰਿਜ਼ਰਵ ਬੈਂਕ ਨਾਲ ਸੰਪਰਕ ਕੀਤਾ ਪਰ ਕੇਂਦਰੀ ਬੈਂਕ ਦੀ ਯੋਜਨਾ ਅਤੇ ਇਸ ਮਾਮਲੇ 'ਚ ਚੁੱਕੇ ਗਏ ਕਦਮ ਦੀ ਉਨ੍ਹਾਂ ਨੂੰ ਭਨਕ ਨਹੀਂ ਲੱਗੀ।