ਲਕਸ਼ਮੀ ਵਿਲਾਸ ਬੈਂਕ 'ਤੇ RBI ਦੇ ਫ਼ੈਸਲੇ ਨੂੰ ਲੈ ਕੇ S&P ਨੇ ਕਿਹਾ ਸਹੀ ਕਦਮ
Thursday, Nov 19, 2020 - 04:40 PM (IST)
ਨਵੀਂ ਦਿੱਲੀ— ਸੰਕਟਗ੍ਰਸਤ ਲਕਸ਼ਮੀ ਵਿਲਾਸ ਬੈਂਕ 'ਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਲਏ ਗਏ ਫ਼ੈਸਲੇ ਨੂੰ ਲੈ ਕੇ ਐੱਸ. ਐਂਡ ਪੀ. ਨੇ ਕਿਹਾ ਕਿ ਇਸ ਨਾਲ ਬੈਂਕਿੰਗ ਸਿਸਟਮ 'ਚ ਸਥਿਰਤਾ ਆਵੇਗੀ। ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਵੀਰਵਾਰ ਨੂੰ ਕਿਹਾ ਕਿ ਆਰ. ਬੀ. ਆਈ. ਦੇ ਤੇਜ਼ੀ ਨਾਲ ਕਦਮ ਚੁੱਕਣ ਤੇ ਸਮੱਸਿਆ ਨੂੰ ਕਾਬੂ ਕਰਨ ਨਾਲ ਬੈਂਕਿੰਗ ਪ੍ਰਣਾਲੀ 'ਚ ਸਥਿਰਤਾ ਬਣਾਈ ਰੱਖਣ 'ਚ ਮਦਦ ਮਿਲੇਗੀ।
ਰਿਜ਼ਰਵ ਬੈਂਕ ਨੇ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਦਾ ਡੀ. ਬੀ. ਐੱਸ. ਬੈਂਕ ਇੰਡੀਆ ਲਿਮਟਿਡ (ਡੀ. ਬੀ. ਆਈ. ਐੱਲ.) ਨਾਲ ਰਲੇਵੇਂ ਦਾ ਪ੍ਰਸਤਾਵ ਰੱਖਿਆ ਹੈ। ਡੀ. ਬੀ. ਆਈ. ਐੱਲ. ਸਿੰਗਾਪੁਰ ਸਥਿਤ ਡੀ. ਬੀ. ਐੱਸ. ਬੈਂਕ ਦੀ ਸਹਾਇਕ ਇਕਾਈ ਹੈ।
ਐੱਸ. ਐਂਡ ਪੀ. ਨੇ ਕਿਹਾ ਕਿ ਇਹ ਸੌਦਾ ਭਾਰਤੀ ਬੈਂਕਿੰਗ ਖੇਤਰ ਲਈ ਹਾਂ-ਪੱਖੀ ਹੈ ਅਤੇ ਇਸ ਨਾਲ ਐੱਲ. ਵੀ. ਬੀ. ਨੂੰ ਰਾਹਤ ਮਿਲੇਗੀ।
ਗਲੋਬਲ ਰੇਟਿੰਗ ਏਜੰਸੀ ਨੇ ਕਿਹਾ, ''ਸੰਕਟਗ੍ਰਸਤ ਲਕਸ਼ਮੀ ਵਿਲਾਸ ਬੈਂਕ ਦਾ ਤੇਜ਼ੀ ਨਾਲ ਹੱਲ ਕਰਨ ਦੇ ਆਰ. ਬੀ. ਆਈ. ਦੇ ਉਪਾਵਾਂ ਨਾਲ ਸਮੱਸਿਆ ਨੂੰ ਕਾਬੂ 'ਚ ਕਰਨ ਅਤੇ ਬੈਂਕਿੰਗ ਪ੍ਰਣਾਲੀ 'ਚ ਸਥਿਰਤਾ ਬਣਾਈ ਰੱਖਣ 'ਚ ਮਦਦ ਮਿਲੇਗੀ। ਸਾਡਾ ਮੰਨਣਾ ਹੈ ਕਿ ਆਰ. ਬੀ. ਆਈ. ਨੇ ਡੀ. ਬੀ. ਆਈ. ਐੱਲ. ਦੇ ਸਿਹਤਮੰਦ ਬਹੀਖਾਤੇ ਤੇ ਪੂੰਜੀਕਰਨ ਨੂੰ ਧਿਆਨ 'ਚ ਰੱਖਿਆ ਹੈ।'' ਅਮਰੀਕੀ ਰੇਟਿੰਗ ਏਜੰਸੀ ਨੇ ਕਿਹਾ ਕਿ ਉਸ ਦਾ ਹਮੇਸ਼ਾ ਤੋਂ ਮੰਨਣਾ ਹੈ ਕਿ ਭਾਰਤ ਸਰਕਾਰ ਬੈਂਕਿੰਗ ਖੇਤਰ ਲਈ ਕਾਫ਼ੀ ਮਦਦਗਾਰ ਹੈ ਅਤੇ ਹਮੇਸ਼ਾ ਕਮਜ਼ੋਰ ਬੈਂਕ ਦਾ ਮਜਬੂਤ ਬੈਂਕ ਨਾਲ ਰਲੇਵੇਂ ਨੂੰ ਬੜ੍ਹਾਵਾ ਦਿੰਦੀ ਹੈ।