RBI ਜਲਦ ਦੇਣ ਵਾਲਾ ਹੈ ਵੱਡਾ ਤੋਹਫਾ, ਸਸਤਾ ਮਿਲੇਗਾ ਹੋਮ ਲੋਨ!
Saturday, Mar 08, 2025 - 09:40 PM (IST)

ਨਵੀਂ ਦਿੱਲੀ, (ਅਨਸ)- ਭਾਰਤ ਦੀ ਮਹਿੰਗਾਈ ਦਰ ਜਨਵਰੀ ’ਚ 5.22 ਫ਼ੀਸਦੀ ਤੋਂ ਘਟ ਕੇ 4.31 ਫ਼ੀਸਦੀ ਹੋ ਗਈ। ਲਗਾਤਾਰ 4 ਮਹੀਨਿਆਂ ਤੱਕ ਮਹਿੰਗਾਈ 5 ਫ਼ੀਸਦੀ ਤੋਂ ਉੱਪਰ ਰਹਿਣ ਤੋਂ ਬਾਅਦ ਇਹ ਆਰ. ਬੀ. ਆਈ. ਦੇ 4 ਫ਼ੀਸਦੀ ਟੀਚੇ ਦੇ ਨੇੜੇ ਪਹੁੰਚ ਗਈ। ਇਹ ਟ੍ਰੈਂਡ ਸੰਭਾਵੀ ਦਰਾਂ ’ਚ ਕਟੌਤੀ ਦੀ ਸੰਭਾਵਨਾ ਨੂੰ ਮਜ਼ਬੂਤ ਕਰਦਾ ਹੈ, ਜਿਸ ’ਚ ਰੇਪੋ ਰੇਟ 6.25 ਫ਼ੀਸਦੀ ’ਤੇ ਹੈ। ਸ਼ਨੀਵਾਰ ਨੂੰ ਆਈ ਇਕ ਤਾਜ਼ਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
ਮੋਤੀਲਾਲ ਓਸਵਾਲ ਮਿਊਚੁਅਲ ਫੰਡ ਦੀ ਰਿਪੋਰਟ ਅਨੁਸਾਰ ਬਾਜ਼ਾਰ ਦੀ ਸਥਿਤੀ ਨਿਵੇਸ਼ਕਾਂ ਵਿਚਾਲੇ ਚੌਕਸੀ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜੋ ਆਰਥਿਕ ਹਲਾਤਾਂ, ਸੈਕਟਰ-ਸਪੈਸਿਫਿਕ ਵਿਕਾਸ ਅਤੇ ਗਲੋਬਲ ਫਾਈਨਾਂਸ਼ੀਅਲ ਮਾਰਕੀਟ ਦੇ ਰੁਝਾਨਾਂ ਨਾਲ ਜੁੜੀ ਹੈ।
ਫਰਵਰੀ ’ਚ ਨਿਫਟੀ 500 ਇੰਡੈਕਸ ’ਚ 7.88 ਫ਼ੀਸਦੀ ਦੀ ਗਿਰਾਵਟ ਆਈ। ਕਾਰਕ-ਆਧਾਰਤ ਰਣਨੀਤੀਆਂ ਨੇ ਬਾਜ਼ਾਰ ਦੀਆਂ ਸਰਗਰਮੀਆਂ ਨੂੰ ਵਿਖਾਇਆ, ਜਦੋਂ ਕਿ ਨਿਫਟੀ 5-ਸਾਲਾ ਬੈਂਚਮਾਰਕ ਜੀ-ਸੈਕ (+0.53 ਫੀਸਦੀ) ਸਮੇਤ ਸਥਿਰ ਆਮਦਨ ਸਾਧਨਾਂ ਨੇ ਸਥਿਰਤਾ ਦਿਖਾਈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਗਲੋਬਲ ਪੱਧਰ ’ਤੇ ਵਿਕਸਤ ਬਾਜ਼ਾਰਾਂ ’ਚ ਮਿਲੀਆਂ-ਜੁਲੀਆਂ ਸਰਗਰਮੀਆਂ ਦੇਖਣ ਨੂੰ ਮਿਲੀਆਂ, ਜਿੱਥੇ ਸਵਿਟਜ਼ਰਲੈਂਡ ਨੇ 3.47 ਫ਼ੀਸਦੀ ਅਤੇ ਯੂਨਾਈਟਿਡ ਕਿੰਗਡਮ ਨੇ 3.08 ਫ਼ੀਸਦੀ ਵਾਧਾ ਦਰਜ ਕੀਤਾ, ਜਦੋਂ ਕਿ ਜਾਪਾਨ ਨੇ 1.38 ਫ਼ੀਸਦੀ ਗਿਰਾਵਟ ਦਰਜ ਕੀਤੀ। ਅਮਰੀਕਾ ’ਚ ਸੀ. ਪੀ. ਆਈ. ਮਹਿੰਗਾਈ 3 ਫ਼ੀਸਦੀ ਰਹੀ, ਜੋ ਪਿਛਲੇ ਮਹੀਨੇ ਦੇ 2.90 ਫ਼ੀਸਦੀ ਤੋਂ ਮਾਮੂਲੀ ਵਾਧਾ ਦਰਸਾਉਂਦੀ ਹੈ।
ਭਾਰਤ ਦਾ ਲਾਂਗ-ਟਰਮ ਆਊਟਲੁਕ ਮਜ਼ਬੂਤ
ਐੱਚ. ਐੱਸ. ਬੀ. ਸੀ. ਦੀ ਇਕ ਦੂਜੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ਦਾ ਲਾਂਗ-ਟਰਮ ਆਊਟਲੁਕ ਮਜ਼ਬੂਤ ਬਣਿਆ ਹੋਇਆ ਹੈ ਅਤੇ ਇਨਫ੍ਰਾਸਟ੍ਰੱਕਚਰ ਅਤੇ ਮੈਨੂਫੈਕਚਰਿੰਗ ’ਚ ਸਰਕਾਰੀ ਨਿਵੇਸ਼, ਨਿੱਜੀ ਨਿਵੇਸ਼ ’ਚ ਤੇਜ਼ੀ ਅਤੇ ਰੀਅਲ ਅਸਟੇਟ ਸਾਈਕਲ ’ਚ ਸੁਧਾਰ ਕਾਰਨ ਨਿਵੇਸ਼ ਸਾਈਕਲ ਮੱਧ ਮਿਆਦ ’ਚ ਤੇਜ਼ੀ ਵੱਲ ਵਧਣ ਦਾ ਅੰਦਾਜ਼ਾ ਹੈ।
ਐੱਚ. ਐੱਸ. ਬੀ. ਸੀ. ਮਿਊਚੁਅਲ ਫੰਡ ਦੀ ‘ਮਾਰਕੀਟ ਆਊਟਲੁਕ ਰਿਪੋਰਟ 2025’ ’ਚ ਰਿਨਿਊਏਬਲ ਐਨਰਜੀ ਅਤੇ ਇਸ ਨਾਲ ਜੁੜੇ ਸਪਲਾਈ ਚੇਨ ’ਚ ਜ਼ਿਆਦਾ ਨਿੱਜੀ ਨਿਵੇਸ਼, ਹਾਈ-ਐਂਡ ਟੈਕਨਾਲੋਜੀ ਕੰਪੋਨੈਂਟਸ ਦਾ ਸਥਾਨੀਕਰਨ ਅਤੇ ਭਾਰਤ ਦੇ ਤੇਜ਼ੀ ਨਾਲ ਵਿਕਾਸ ਦਾ ਸਮਰਥਨ ਕਰਨ ਲਈ ਗਲੋਬਲ ਸਪਲਾਈ ਚੇਨ ਦਾ ਸਾਰਥਕ ਹਿੱਸਾ ਬਣਨ ਦੀ ਉਮੀਦ ਹੈ। ਅਜੇ ਤੱਕ ਅਸਲੀ ਅਰਥਵਿਵਸਥਾ ਨੇ ਗਲੋਬਲ ਵਿਕਾਸ ਪ੍ਰਤੀ ਲਚਕੀਲਾਪਨ ਵਿਖਾਇਆ ਹੈ।
ਰਿਪੋਰਟ ’ਚ ਅੰਦਾਜ਼ਾ ਲਾਇਆ ਗਿਆ ਹੈ ਕਿ ਵਿਕਾਸ-ਮਹਿੰਗਾਈ ਦੇ ਅੰਕੜਿਆਂ, ਐੱਮ. ਪੀ. ਸੀ. ਦੀ ਪਿਛਲੀ ਨੀਤੀ ਕਾਰਵਾਈ ਅਤੇ ਐੱਮ. ਪੀ. ਸੀ. ਦੇ ਮਿੰਟਾਂ ਦੇ ਆਧਾਰ ’ਤੇ, ਸਾਡਾ ਮੰਨਣਾ ਹੈ ਕਿ ਆਰ. ਬੀ. ਆਈ.-ਐੱਮ. ਪੀ. ਸੀ. ਆਪਣੀ ਅਪ੍ਰੈਲ ਨੀਤੀ ’ਚ ਇਕ ਹੋਰ 25 ਆਧਾਰ ਅੰਕਾਂ ਦੀ ਕਟੌਤੀ ਕਰੇਗਾ, ਜਦੋਂ ਕਿ ਆਪਣੀ ਤਰਲਤਾ ਰਣਨੀਤੀ ’ਤੇ ਚੁਸਤ ਅਤੇ ਲਚਕੀਲਾ ਬਣੇ ਰਹਿਣਾ ਜਾਰੀ ਰੱਖੇਗਾ।