ਰਿਜ਼ਰਵ ਬੈਂਕ ਨੇ ਰੁਪਏ ’ਚ ਸਰਹੱਦ ਪਾਰ ਲੈਣ-ਦੇਣ ਨੂੰ ਉਤਸ਼ਾਹ ਦੇਣ ਲਈ ਚੁੱਕਿਆ ਕਦਮ
Friday, Jan 17, 2025 - 10:38 AM (IST)
ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਰਹੱਦ ਪਾਰ ਲੈਣ-ਦੇਣ ਦੇ ਨਿਪਟਾਰੇ ਨੂੰ ਲੈ ਕੇ ਭਾਰਤੀ ਰੁਪਏ ਅਤੇ ਸਥਾਨਕ/ਰਾਸ਼ਟਰੀ ਕਰੰਸੀਆਂ ਦੀ ਵਰਤੋਂ ਨੂੰ ਉਤਸ਼ਾਹ ਦੇਣ ਲਈ ਸਰਲ ਮਾਪਦੰਡਾਂ ਦਾ ਐਲਾਨ ਕੀਤਾ। ਇਹ ਫ਼ੈਸਲਾ ਅਜਿਹੇ ਸਮੇਂ ’ਚ ਲਿਆ ਗਿਆ ਹੈ, ਜਦੋਂ ਰੁਪਏ ਦੀ ਵਟਾਂਦਰਾ ਦਰ ’ਚ ਗਿਰਾਵਟ ਆ ਰਹੀ ਹੈ ਅਤੇ ਸੋਮਵਾਰ ਨੂੰ ਇਹ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 86.70 ਪ੍ਰਤੀ ਡਾਲਰ ’ਤੇ ਪਹੁੰਚ ਗਈ।
ਭਾਰਤੀ ਰੁਪਏ ਸਮੇਤ ਸਥਾਨਕ ਕਰੰਸੀਆਂ ’ਚ ਸਰਹੱਦ ਪਾਰ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਰਿਜ਼ਰਵ ਬੈਂਕ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ, ਇੰਡੋਨੇਸ਼ੀਆ ਅਤੇ ਮਾਲਦੀਵ ਦੇ ਕੇਂਦਰੀ ਬੈਂਕਾਂ ਨਾਲ ਸਮਝੌਤਾ ਮੀਮੋ (ਐੱਮ. ਓ. ਯੂ.) ’ਤੇ ਹਸਤਾਖਰ ਕਰ ਚੁੱਕਿਆ ਹੈ। ਵਪਾਰ ’ਚ ਲੈਣ-ਦੇਣ ਲਈ ਭਾਰਤੀ ਰੁਪਏ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ ਜੁਲਾਈ 2022 ’ਚ ਵਿਸ਼ੇਸ਼ ਰੁਪਇਆ ਵੋਸਟਰੋ ਖਾਤੇ ਦੇ ਰੂਪ ’ਚ ਇਕ ਵਾਧੂ ਵਿਵਸਥਾ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ ਕਈ ਵਿਦੇਸ਼ੀ ਬੈਂਕਾਂ ਨੇ ਭਾਰਤ ’ਚ ਬੈਂਕਾਂ ’ਚ ਇਹ ਖਾਤੇ ਖੋਲ੍ਹੇ ਹਨ।
ਆਰ. ਬੀ. ਆਈ. ਨੇ ਵੀਰਵਾਰ ਨੂੰ ਮੌਜੂਦਾ ਫੇਮਾ ਨਿਯਮਾਂ ’ਚ ਕੀਤੇ ਗਏ ਬਦਲਾਵਾਂ ਦਾ ਐਲਾਨ ਕਰਦਿਆਂ ਕਿਹਾ, ‘‘ਅਧਿਕਾਰਤ ਡੀਲਰ ਬੈਂਕਾਂ ਦੀਆਂ ਵਿਦੇਸ਼ੀ ਬ੍ਰਾਂਚਾਂ ਭਾਰਤ ’ਚ ਰਹਿਣ ਵਾਲੇ ਕਿਸੇ ਵਿਅਕਤੀ ਨਾਲ ਸਾਰੇ ਚਾਲੂ ਖਾਤੇ ਅਤੇ ਪੂੰਜੀ ਖਾਤਾ ਲੈਣ-ਦੇਣ ਦੇ ਨਿਪਟਾਰੇ ਲਈ ਭਾਰਤ ਤੋਂ ਬਾਹਰ ਰਹਿ ਰਹੇ ਵਿਅਕਤੀ ਲਈ ਰੁਪਇਆ ਖਾਤਾ ਖੋਲ੍ਹਣ ’ਚ ਸਮਰੱਥ ਹੋਣਗੀਆਂ।’’
ਫੇਮਾ (ਵਿਦੇਸ਼ੀ ਵਟਾਂਦਰਾ ਪ੍ਰਬੰਧਨ ਕਾਨੂੰਨ) ਨਿਯਮਾਂ ਤਹਿਤ ਭਾਰਤ ਤੋਂ ਬਾਹਰ ਰਹਿ ਰਿਹਾ ਵਿਅਕਤੀ ਵਿਸ਼ੇਸ਼ ਪ੍ਰਵਾਸੀ ਰੁਪਇਆ ਖਾਤਾ ਅਤੇ ਵਿਸ਼ੇਸ਼ ਰੁਪਇਆ ਵੋਸਟਰੋ ਖਾਤਾ (ਐੱਸ. ਆਰ. ਵੀ. ਏ.) ਦੇ ਜ਼ਰੀਏ ਹੋਰ ਪ੍ਰਵਾਸੀਆਂ ਦੇ ਨਾਲ ਪਾਤਰ ਲੈਣ-ਦੇਣ ਦਾ ਨਿਪਟਾਰਾ ਕਰ ਸਕੇਗਾ। ਇਸ ਤੋਂ ਇਲਾਵਾ ਭਾਰਤ ਤੋਂ ਬਾਹਰ ਰਹਿਣ ਵਾਲੇ ਵਿਅਕਤੀ ਐੱਫ. ਡੀ. ਆਈ. (ਪ੍ਰਤੱਖ ਵਿਦੇਸ਼ੀ ਨਿਵੇਸ਼), ਗੈਰ-ਕਰਜ਼ਾ ਉਤਪਾਦਾਂ ਸਮੇਤ ਵਿਦੇਸ਼ੀ ਨਿਵੇਸ਼ ਲਈ ਰੁਪਏ ਖਾਤਿਆਂ ’ਚ ਰੱਖੀ ਆਪਣੀ ਬਕਾਇਆ ਰਾਸ਼ੀ ਦੀ ਵਰਤੋਂ ਕਰ ਸਕਣਗੇ। ਇਹ ਖਾਤੇ ਅਜਿਹੇ ਹਨ, ਜਿਸ ’ਚ ਰੱਖੀ ਰਾਸ਼ੀ ਨੂੰ ਨਿਵੇਸ਼ਕ ਆਪਣੇ ਦੇਸ਼ ਭੇਜ ਸਕਦੇ ਹਨ।
ਆਰ. ਬੀ. ਆਈ. ਨੇ ਕਿਹਾ ਕਿ ਭਾਰਤੀ ਬਰਾਮਦਕਾਰ ਬਰਾਮਦ ਕਮਾਈ ਪ੍ਰਾਪਤ ਕਰਨ ਅਤੇ ਦਰਾਮਦ ਦੇ ਭੁਗਤਾਨ ਸਮੇਤ ਵਪਾਰ ਨਾਲ ਜੁਡ਼ੇ ਸੌਦਿਆਂ ਦੇ ਨਿਪਟਾਰੇ ਲਈ ਦੂਜੇ ਦੇਸ਼ਾਂ ’ਚ ਕਿਸੇ ਵੀ ਵਿਦੇਸ਼ੀ ਕਰੰਸੀ ’ਚ ਖਾਤੇ ਖੋਲ੍ਹ ਸਕਣਗੇ। ਰਿਜ਼ਰਵ ਬੈਂਕ ਨੇ ਭਾਰਤੀ ਰੁਪਏ ’ਚ ਸਰਹੱਦ ਪਾਰ ਲੈਣ-ਦੇਣ ਨੂੰ ਉਤਸ਼ਾਹ ਦੇਣ ਦਾ ਫ਼ੈਸਲਾ ਕੇਂਦਰ ਸਰਕਾਰ ਦੀ ਸਲਾਹ ਨਾਲ 1999 ਦੇ ਫੇਮਾ ਨਿਯਮਾਂ ਦੀ ਸਮੀਖਿਆ ਤੋਂ ਬਾਅਦ ਲਿਆ ਹੈ।