RBI ਨੇ ਬਦਲੇ ਨਿਯਮ, ਨਰਾਤੇ-ਦੀਵਾਲੀ ਮੌਕੇ ਕਰਨ ਵਾਲੇ ਹੋ ਸ਼ਾਪਿੰਗ, ਤਾਂ ਪੜ੍ਹੋ ਖ਼ਬਰ

Friday, Oct 16, 2020 - 08:43 PM (IST)

RBI ਨੇ ਬਦਲੇ ਨਿਯਮ, ਨਰਾਤੇ-ਦੀਵਾਲੀ ਮੌਕੇ ਕਰਨ ਵਾਲੇ ਹੋ ਸ਼ਾਪਿੰਗ, ਤਾਂ ਪੜ੍ਹੋ ਖ਼ਬਰ

ਨਵੀਂ ਦਿੱਲੀ—  ਤਿਉਹਾਰੀ ਮੌਸਮ 'ਚ ਖਰੀਦਦਾਰੀ ਲਈ ਲੰਮੀ ਲਿਸਟ ਬਣਾਈ ਹੈ ਤਾਂ ਤੁਹਾਨੂੰ ਡੈਬਿਟ ਤੇ ਕ੍ਰੈਡਿਟ ਲਈ ਬਦਲ ਚੁੱਕੇ ਨਿਯਮਾਂ ਬਾਰੇ ਜਾਣ ਲੈਣਾ ਜ਼ਰੂਰੀ ਹੈ। ਇਸ ਨਾਲ ਤੁਹਾਡੀ ਖਾਸ ਤੌਰ 'ਤੇ ਆਨਲਾਈਨ ਖਰੀਦਦਾਰੀ ਪ੍ਰਭਾਵਿਤ ਹੋ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਿੰਗ ਧੋਖਾਧੜੀ ਅਤੇ ਕਾਰਡਾਂ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਪਹਿਲੀ ਅਕਤੂਬਰ ਤੋਂ ਨਵੇਂ ਨਿਯਮ ਲਾਗੂ ਕੀਤੇ ਹਨ।

ਇਨ੍ਹਾਂ ਨਿਯਮਾਂ ਤਹਿਤ ਬੈਂਕਾਂ ਨੇ ਡੈਬਿਟ-ਕ੍ਰੈਡਿਟ ਕਾਰਡ 'ਤੇ ਮਿਲਣ ਵਾਲੀਆਂ ਕੁਝ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ, ਜਿਨ੍ਹਾਂ ਦਾ ਤੁਸੀਂ ਇਸਤੇਮਾਲ ਨਹੀਂ ਕਰ ਰਹੇ ਸੀ। ਆਰ. ਬੀ. ਆਈ. ਨੇ ਨੋਟੀਫਿਕੇਸ਼ਨ ਜਾਰੀ ਕਰਕੇ ਬੈਂਕਾਂ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਗਾਹਕਾਂ ਦੇ ਪੁਰਾਣੇ ਡੈਬਿਟ ਤੇ ਕ੍ਰੈਡਿਟ ਕਾਰਡ ਜਿਨ੍ਹਾਂ ਤੋਂ ਕੋਈ ਵੀ ਘਰੇਲੂ ਜਾਂ ਕੌਮਾਂਤਰੀ ਡਿਜੀਟਲ ਲੈਣ-ਦੇਣ ਨਹੀਂ ਕੀਤਾ ਗਿਆ ਹੈ, ਤਾਂ ਉਨ੍ਹਾਂ ਕਾਰਡਾਂ 'ਤੇ ਇਹ ਸੁਵਿਧਾ ਤੁਰੰਤ ਬੰਦ ਕਰ ਦਿੱਤੀ ਜਾਵੇ। ਜੇਕਰ ਕੋਈ ਗਾਹਕ ਆਨਲਾਈਨ ਲੈਣ-ਦੇਣ ਦੀ ਸੁਵਿਧਾ ਚਾਹੁੰਦਾ ਹੈ ਤਾਂ ਇਸ ਲਈ ਉਸ ਨੂੰ ਬੈਂਕ ਤੋਂ ਮੰਗ ਕਰਨੀ ਹੋਵੇਗੀ।

ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਪਹਿਲਾਂ ਕਾਰਡ ਨਾਲ ਕੋਈ ਵੀ ਆਨਲਾਈਨ ਟ੍ਰਾਂਜੈਕਸ਼ਨ ਨਹੀਂ ਕੀਤਾ ਹੈ, ਤਾਂ ਇਹ ਸੁਵਿਧਾ ਤੁਹਾਡੇ ਕਾਰਡ 'ਤੇ ਬੰਦ ਹੋ ਗਈ ਹੈ।

ਜੇਕਰ ਤੁਸੀਂ ਤਿਉਹਾਰਾਂ ਦੌਰਾਨ ਆਨਲਾਈਨ ਮਿਲ ਰਹੀ ਛੋਟ ਦਾ ਫਾਇਦਾ ਲੈਣਾ ਹੈ ਤਾਂ ਹੁਣ ਤੁਹਾਨੂੰ ਇਹ ਸੁਵਿਧਾ ਬੈਂਕ ਤੋਂ ਕਹਿ ਕੇ ਚਾਲੂ ਕਰਾਉਣੀ ਹੋਵੇਗੀ। ਆਰ. ਬੀ. ਆਈ. ਨੇ ਇਹ ਫ਼ੈਸਲਾ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਕੀਤਾ ਹੈ ਕਿਉਂਕਿ ਬਹੁਤ ਸਾਰੇ ਲੋਕ ਕਾਰਡ ਨਾਲ ਆਨਲਾਈਨ ਲੈਣ-ਦੇਣ ਦਾ ਇਸਤੇਮਾਲ ਨਹੀਂ ਕਰਦੇ ਹਨ।

ATM ਤੇ ਕ੍ਰੈਡਿਟ ਕਾਰਡ ਨੂੰ ਲੈ ਕੇ ਮਿਲੀ ਇਹ ਸੁਵਿਧਾ-
ਨਵੇਂ ਨਿਯਮ ਮੁਤਾਬਕ, ਬੈਂਕ ਹੁਣ ਜੇਕਰ ਕਿਸੇ ਗਾਹਕ ਨੂੰ ਨਵਾਂ ਕਾਰਡ ਜਾਰੀ ਜਾਂ ਪੁਰਾਣੇ ਦੇ ਬਦਲੇ ਦੁਬਾਰਾ ਨਵਾਂ ਕਾਰਡ ਜਾਰੀ ਕਰਦਾ ਹੈ ਤਾਂ ਉਹ ਸਿਰਫ ਦੇਸ਼ 'ਚ ਏ. ਟੀ. ਐੱਮ. ਅਤੇ ਪੀ. ਓ. ਐੱਸ. ਮਸ਼ੀਨ 'ਤੇ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ 'ਤੇ ਹੋਰ ਕੋਈ ਸੁਵਿਧਾ ਲੈਣੀ ਜਾਂ ਨਾ ਲੈਣੀ ਗਾਹਕ ਦੀ ਮਰਜ਼ੀ ਹੋਵੇਗੀ। ਨਵੇਂ ਨਿਯਮਾਂ ਮੁਤਾਬਕ, ਗਾਹਕ ਹੁਣ ਖ਼ੁਦ ਦੀ ਮਰਜ਼ੀ ਨਾਲ ਪਸੰਦੀਦਾ ਸੇਵਾ ਲੈ ਸਕਦੇ ਹਨ। ਇਸ ਤੋਂ ਇਲਾਵਾ ਮੋਬਾਇਲ ਬੈਂਕਿੰਗ, ਏ. ਟੀ. ਐੱਮ. ਮਸ਼ੀਨ, ਇੰਟਰਨੈੱਟ ਬੈਂਕਿੰਗ ਅਤੇ ਆਈ. ਵੀ. ਆਰ. ਜ਼ਰੀਏ ਕਾਰਡ ਨੂੰ ਓਨ/ਔਫ ਅਤੇ ਟ੍ਰਾਂਜੈਕਸ਼ਨ ਦੀ ਲਿਮਟ ਵੀ ਨਿਰਧਾਰਤ ਕਰ ਸਕਦੇ ਹਨ।


author

Sanjeev

Content Editor

Related News