ਬੈਂਕਾਂ ਦੇ ਨਹੀਂ ਲਗਾਉਣੇ ਪੈਣਗੇ ਵਾਰ-ਵਾਰ ਚੱਕਰ, RBI ਨੇ ਵੀਡੀਓ KYC ਨੂੰ ਦਿੱਤੀ ਮਨਜ਼ੂਰੀ

01/10/2020 4:55:38 PM

ਮੁੰਬਈ — ਹੁਣ ਵੀਡੀਓ ਦੇ ਜ਼ਰੀਏ ਬੈਂਕ ਆਪਣੇ ਗਾਹਕਾਂ ਦੀ ਕੇ.ਵਾਈ.ਸੀ. (ਨੋਅ ਯੂਅਰ ਕਸਟਮਰ) ਕਰ ਸਕਣਗੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਮਾਸਟਰ ਕੇਵਾਈਸੀ ਗਾਈਡਲਾਈਂਸ ਵਿਚ ਸੋਧ ਕੀਤਾ ਹੈ। ਯਾਨੀ ਕਿ ਹੁਣ ਕੇਵਾਈਸੀ ਦੀ ਪ੍ਰਕਿਰਿਆ ਮੋਬਾਈਲ ਵੀਡੀਓ ਗੱਲਬਾਤ ਦੇ ਆਧਾਰ 'ਤੇ ਹੋ ਸਕਦੀ ਹੈ। ਕੇਂਦਰੀ ਬੈਂਕ ਵਲੋਂ ਰੈਗੂਲੇਟ ਕੀਤੇ ਜਾਣ ਵਾਲੇ ਬੈਂਕਾਂ, ਗੈਰ ਬੈਂਕਿੰਗ ਵਿੱਤੀ ਕੰਪਨੀਆਂ(NBFC), ਵਾਲੇਟ ਸਰਵਿਸ ਪ੍ਰੋਵਾਈਡਰਸ ਅਤੇ ਹੋਰ ਵਿੱਤੀ ਸੇਵਾ ਦੇਣ ਵਾਲੀਆਂ ਕੰਪਨੀਆਂ ਲਈ ਇਹ ਵੱਡੀ ਰਾਹਤ ਦੀ ਖਬਰ ਹੈ। ਦੂਰ-ਦੁਰਾਡੇ ਇਲਾਕਿਆਂ ਵਿਚ ਰਹਿਣ ਵਾਲੇ ਗਾਹਕਾਂ ਨੂੰ ਹੁਣ ਅਸਾਨੀ ਹੋਵੇਗੀ ਅਤੇ ਖਰਚਾ ਵੀ ਘਟੇਗਾ। ਇਸ ਦੇ ਨਾਲ ਹੀ ਬੈਂਕ ਕਰਮਚਾਰੀਆਂ ਨੂੰ ਵੀ ਵੱਡੀ ਸਹੂਲਤ ਹੋਵੇਗੀ ਕਿਉਂਕਿ ਕਈ ਵਾਰ ਉਨ੍ਹਾਂ ਨੂੰ ਵੀ ਦੂਰ-ਦੁਰਾਡੇ ਖੇਤਰਾਂ ਵਿਚ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਕੇਂਦਰੀ ਬੈਂਕ ਨੇ ਆਧਾਰ ਅਤੇ ਹੋਰ ਈ-ਦਸਤਾਵੇਜ਼ਾਂ ਦੇ ਜ਼ਰੀਏ ਈ-ਕੇਵਾਈਸੀ ਅਤੇ ਡਿਜੀਟਲ ਕੇ.ਵਾਈ.ਸੀ. ਦੀ ਸਹੂਲਤ ਦਿੱਤੀ ਹੈ।

ਚੋਣਵੇਂ ਦੇਸ਼ਾਂ 'ਚ ਮਿਲਦੀ ਹੈ ਇਹ ਸਹੂਲਤ

ਰਿਜ਼ਰਵ ਬੈਂਕ ਦੇ ਇਸ ਕਦਮ ਨਾਲ ਭਾਰਤੀ ਬਜ਼ਾਰ ਉਨ੍ਹਾਂ ਚੋਣਵੇਂ ਬਜ਼ਾਰਾਂ ਵਿਚ ਸ਼ਾਮਲ ਹੋ ਗਿਆ ਹੈ ਜਿੱਥੇ ਨਿਯਮਾਂ ਵਿਚ ਸੋਧ ਕਰਕੇ ਵੀਡੀਓ ਕੇਵਾਈਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਵਾਈਸੀ ਨਿਯਮਾਂ ਵਿਚ ਸੋਧ ਦੇ RBI ਦੇ ਨੋਟੀਫਿਕੇਸ਼ਨ ਮੁਤਾਬਕ , 'ਕੇਂਦਰੀ ਬੈਂਕ ਨੇ ਵੀਡੀਓ ਅਧਾਰਿਤ ਕਸਟਮਰ ਆਈਡੈਂਟੀਫਿਕੇਸ਼ਨ ਪ੍ਰੋਸੈੱਸ(VCIP) ਨੂੰ ਗਾਹਕ ਅਧਿਕਾਰ ਅਧਾਰਤ ਵਿਕਲਪਕ ਪ੍ਰਣਾਲੀ ਦੇ ਰੂਪ ਵਿਚ ਪੇਸ਼ ਕੀਤਾ ਹੈ ਤਾਂ ਜੋ ਗਾਹਕਾਂ ਦੀ ਪਛਾਣ ਕਰਨਾ ਅਸਾਨ ਹੋ ਸਕੇ'।                                      

ਕਿਵੇਂ ਹੋਵੇਗੀ ਵੀਡੀਓ KYC?

ਇਸ ਵਿਵਸਥਾ ਤਹਿਤ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਮੌਜੂਦ ਵਿੱਤੀ ਸੰਸਥਾਵਾਂ ਦੇ ਅਧਿਕਾਰੀ ਪੈਨ ਜਾਂ ਆਧਾਰ ਕਾਰਡ ਅਤੇ ਕੁਝ ਪ੍ਰਸ਼ਨਾਂ ਰਾਹੀਂ ਗਾਹਕ ਦੀ ਪਛਾਣ ਕਰ ਸਕਣਗੇ। ਏਜੰਟ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਦੇਸ਼ ਵਿਚ ਹੀ ਮੌਜੂਦ ਹੈ। ਅਜਿਹਾ ਕਰਨ ਲਈ ਗਾਹਕ ਦੀ ਲੋਕੇਸ਼ਨ ਆਦਿ ਨੂੰ ਹਾਸਲ ਕਰਨਾ ਪਏਗਾ।

ਕੁਝ ਹੋਰ ਸ਼ਰਤਾਂ

ਕੇਵਾਈਸੀ ਲਈ ਵੀਡੀਓ ਕਾਲ ਸਬੰਧਤ ਬੈਂਕ ਦੇ ਡੋਮੇਨ ਤੋਂ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਗੂਗਲ ਡੂਓ ਜਾਂ ਵਟਸਐਪ ਵਰਗੇ ਕਿਸੇ ਤੀਜੀ ਪਾਰਟੀ ਦੇ ਸਰੋਤ ਜ਼ਰੀਏ। ਮਾਹਰ ਕਹਿੰਦੇ ਹਨ ਕਿ ਬੈਂਕਾਂ ਨੂੰ ਵੀਡੀਓ ਕੇਵਾਈਸੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਆਪਣੀਆਂ ਐਪਲੀਕੇਸ਼ਨਸ ਅਤੇ ਵੈਬਸਾਈਟਸ ਨੂੰ ਲਿੰਕ ਕਰਨਾ ਹੋਵੇਗਾ। ਨੋਟੀਫਿਕੇਸ਼ਨ ਅਨੁਸਾਰ ਵੀ.ਸੀ.ਆਈ.ਪੀ. ਦੀ ਪ੍ਰਕਿਰਿਆ ਦਾ ਇਹ ਕੰਮ ਲਈ ਟਰੇਂਡ ਅਧਿਕਾਰੀਆਂ ਦੁਆਰਾ ਕਰਵਾਇਆ ਜਾਣਾ ਚਾਹੀਦਾ ਹੈ।                         


Related News