ਬਾਬਾ ਰਾਮਦੇਵ ਨਹੀਂ ਹਨ ਪਤੰਜਲੀ ਦੇ ਮਾਲਕ
Sunday, May 01, 2016 - 09:27 PM (IST)

ਨਵੀਂ ਦਿੱਲੀ - ਪਤੰਜਲੀ ਆਯੁਰਵੇਦ ਕੰਪਨੀ ਦਾ ਨਾਂ ਲੈਣ ਵੇਲੇ ਭਾਵੇਂ ਬਾਬਾ ਰਾਮਦੇਵ ਦਾ ਨਾਂ ਸਾਹਮਣੇ ਆਉਂਦਾ ਹੈ, ਪਰ ਰਾਮਦੇਵ ਇਸ ਦੇ ਮਾਲਿਕ ਨਹੀਂ ਹਨ। ਪਤੰਜਲੀ ਆਯੁਰਵੇਦ ਕੰਪਨੀ ਦੇ ਅਸਲ ਮਾਲਿਕ ਹਨ ਆਚਾਰਿਆ ਬਾਲਕ੍ਰਿਸ਼ਣ । ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਨੁਸਾਰ, ਪਤੰਜਲੀ ਆਯੁਰਵੇਦ ਦੇ 93.7 ਫ਼ੀਸਦੀ ਸ਼ੇਅਰ ਬਾਲਕ੍ਰਿਸ਼ਣ ਦੇ ਨਾਂ ਹਨ।
ਪਤੰਜਲੀ ਆਯੁਰਵੇਦ ਦੇ ਇਹ ਹਨ ਮਾਲਿਕ
ਪਤੰਜਲੀ ਆਯੁਰਵੇਦ ''ਚ ਐੱਮ. ਡੀ. ਬਾਲਕ੍ਰਿਸ਼ਣ ਦੇ ਸ਼ੇਅਰ 93.7 ਫ਼ੀਸਦੀ ਹਨ। ਉਥੇ ਹੀ ਸਰਵਨ ਅਤੇ ਸੁਨਿਤਾ ਪੋਦਾਰ 3.016-3.016, ਰਜਤ ਪ੍ਰਕਾਸ਼ 0.121, ਗੋਵਿੰਦ ਅਗਰਵਾਲ 0.121, ਰਾਮ ਭਰਤ 0.015 ਫ਼ੀਸਦੀ ਅਤੇ ਮੁਕਤਾਨੰਦ ਦੀ ਹਿੱਸੇਦਾਰੀ 0.002 ਫ਼ੀਸਦੀ ਹੈ । ਬਾਬਾ ਰਾਮਦੇਵ ਤਾਂ ਬਰਾਂਡ ਪ੍ਰਮੋਟਰ ਹਨ।
ਵਿਵਾਦਾਂ ਨਾਲ ਰਾਮਦੇਵ, ਬਾਲਕ੍ਰਿਸ਼ਣ ਅਤੇ ਪਤੰਜਲੀ ਦਾ ਪੁਰਾਣਾ ਨਾਤਾ
ਰਾਮਲੀਲਾ ਮੈਦਾਨ ''ਚ ਸਾਲ 2011 ''ਚ ਕਾਲੇ ਧਨ ਦੇ ਵਿਰੋਧ ਦੌਰਾਨ ਦਿੱਲੀ ਪੁਲਸ ਵੱਲੋਂ ਲਾਠੀਚਾਰਜ ਕਰਨ ਵੇਲੇ ਚਿੱਟੇ ਸਲਵਾਰ ਸੂਟ ''ਚ ਵੇਖੇ ਗਏ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦਾ ਵਿਵਾਦਾਂ ਨਾਲ ਨਾਤਾ ਲੰਮਾ ਤੇ ਪੁਰਾਣਾ ਹੈ।
- ਵ੍ਰੰਦਾ ਕਰਾਤ ਸੀ. ਪੀ. ਆਈ. (ਐੱਮ.) ਨੇਤਾ ਨੇ ਪਤੰਜਲੀ ਦੀਆਂ ਦਵਾਈਆਂ ''ਚ ਪੀਸੀਆਂ ਹੋਈਆਂ ਇਨਸਾਨਾਂ ਅਤੇ ਜਾਨਵਰਾਂ ਦੀਆਂ ਹੱਡੀਆਂ ਹੋਣ ਦਾ ਦਾਅਵਾ ਸਾਲ 2006 ''ਚ ਕੀਤਾ।
- ਦਿੱਲੀ ਹਾਈਕੋਰਟ ਦੇ ਹੋਮੋਸੈਕਸ ਨੂੰ ਜੁਰਮ ਨਾ ਦੱਸਣ ਵਾਲੇ ਫੈਸਲੇ ''ਤੇ ਵਿਵਾਦਿਤ ਬਿਆਨ ਦਿੱਤਾ ਸੀ ਰਾਮਦੇਵ ਨੇ ਅਤੇ ਇਸਨੂੰ ਇਕ ਰੋਗ ਦੱਸਿਆ। ਇਹ ਮਾਮਲਾ ਸਾਲ 2009 ਅਤੇ 2011 ਦੌਰਾਨ ਦਾ ਹੈ।
- ਬਾਬਾ ਦੀਆਂ ਅਮਰੀਕਾ ਦੇ ਵਰਜੀਨੀਆ ''ਚ ਜੂਨ 2011 ''ਚ ਗੈਰ-ਮੁਨਾਫਾ ਗਤੀਵਿਧੀਆਂ ਦੀ ਜਾਂਚ ਪੁਲਸ ਨੇ ਸ਼ੁਰੂ ਕੀਤੀ । ਉਨ੍ਹਾਂ ''ਤੇ ਹੈਲਥਕੇਅਰ ਪ੍ਰੋਡਕਟਸ ਆਨਲਾਈਨ ਵੇਚਣ ਦਾ ਦੋਸ਼ ਸੀ।
- ਬਾਲਕ੍ਰਿਸ਼ਣ ''ਤੇ 23 ਜੁਲਾਈ 2011 ''ਚ ਸੀ. ਬੀ. ਆਈ. ਨੇ ਮਾਮਲਾ ਦਰਜ ਕੀਤਾ ਸੀ । ਬਾਲਕ੍ਰਿਸ਼ਣ ''ਤੇ ਵਿੱਦਿਅਕ ਦਸਤਾਵੇਜਾਂ ''ਚ ਹੇਰਾਫੇਰੀ, ਜਾਅਲੀ ਪਾਸਪੋਰਟ ਅਤੇ ਵਿਦੇਸ਼ਾਂ ''ਚ ਪੈਸਾ ਜਮ੍ਹਾ ਕਰਨ ਦੇ ਦੋਸ਼ ਸਨ।
- ਯੂ. ਪੀ. ਏ. ਸਰਕਾਰ ਨੇ ਨਵੰਬਰ 2011 ''ਚ ਰਾਮਦੇਵ ''ਤੇ ਜ਼ਿਮੀਂਦਾਰੀ ਖਾਤਮਾ ਅਤੇ ਭੂਮੀ ਸੁਧਾਰ ਐਕਟ ਅਤੇ ਭਾਰਤੀ ਸਟੈਂਪ ਕਨੂੰਨ ਦੀ ਉਲੰਘਣਾ ਕਰਨ ''ਤੇ 81 ਮਾਮਲੇ ਦਰਜ ਕੀਤੇ।
- ਅਕਤੂਬਰ 2013 ''ਚ ਕਾਸਮੈਟਿਕ ਉਤਪਾਦਾਂ ''ਤੇ ਐਕਸਾਈਜ਼ ਡਿਊਟੀ ਦਾ ਭੁਗਤਾਨ ਨਾ ਕਰਣ ਦੇ ਦੋਸ਼ ''ਚ ਐਕਸਾਈਜ਼ ਅਧਿਕਾਰੀਆਂ ਨੇ ਕੰਪਨੀ ''ਤੇ ਛਾਪੇਮਾਰੀ ਕੀਤੀ ਸੀ।
- ਜੈਪੁਰ ''ਚ ਰਾਮਦੇਵ ਦੇ ਦਲਿਤਾਂ ''ਤੇ ਵਿਵਾਦ ਵਾਲਾ ਬਿਆਨ ਦੇਣ ਦੇ ਖਿਲਾਫ ਐੱਫ. ਆਈ. ਆਰ. ਦਰਜ ਹੋਈ ਬਾਅਦ ''ਚ ਬਾਬਾ ਨੇ ਮੁਆਫੀ ਮੰਗੀ । ਇਹ ਵਾਕਿਆ ਸਾਲ 2014 ਦੇ ਅਪ੍ਰੈਲ ਮਹੀਨੇ ਦਾ ਹੈ।
- ਮਾਰਚ 2015 ''ਚ ਰਾਮਦੇਵ ਦੇ ਸੁੰਦਰ ਯੋਗਾ ਮੰਦਿਰ ਟਰੱਸਟ ''ਤੇ 113 ਕਰਮਚਾਰੀਆਂ ਨੇ ਘੱਟੋ-ਘੱਟ ਤਨਖਾਹ ਅਤੇ ਕਰਮਚਾਰੀ ਅਧਿਕਾਰਾਂ ਦੇ ਹਨਨ ਦਾ ਦੋਸ਼ ਲਾਇਆ।
- ਨਵੰਬਰ 2015 ''ਚ ਭਾਰਤੀ ਖੁਰਾਕ ਰੈਗੂਲੇਟਰੀ ਐੱਫ. ਐੱਸ. ਐੱਸ. ਏ. ਆਈ. ਨੇ ਕਿਹਾ ਕਿ ਰਾਮਦੇਵ ਦੇ ਨੂਡਲ ਬਰਾਂਡ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਪਤੰਜਲੀ ਨੇ ਕਿਹਾ ਕਿ ਅਸੀਂ ਬੋਰਡ ਤੋਂ ਉੱਪਰ ਹਾਂ ਅਤੇ ਨੋਟਿਸ ਦਾ ਜਵਾਬ ਦੇਵਾਂਗੇ।