ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ, ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ

Thursday, Nov 01, 2018 - 10:35 AM (IST)

ਨਵੀਂ ਦਿੱਲੀ—  ਦੀਵਾਲੀ ਤੋਂ ਪਹਿਲਾਂ ਰੇਲ ਮੁਸਾਫਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰ ਨੇ 15 ਪ੍ਰੀਮੀਅਮ ਟਰੇਨਾਂ 'ਚ ਫਲੈਕਸੀ ਸਕੀਮ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਹੈ। ਇਨ੍ਹਾਂ ਟਰੇਨਾਂ 'ਚ ਪੂਰੇ ਸਾਲ ਬੁਕਿੰਗ ਘੱਟ ਰਹੀ ਸੀ। ਜਿਨ੍ਹਾਂ ਟਰੇਨਾਂ 'ਚ ਫਲੈਕਸੀ ਸਕੀਮ ਖਤਮ ਕੀਤੀ ਗਈ ਹੈ, ਉਨ੍ਹਾਂ 'ਚ ਪੰਜਾਬ ਆਉਣ-ਜਾਣ ਵਾਲੀਆਂ ਟਰੇਨਾਂ ਵੀ ਸ਼ਾਮਲ ਹਨ, ਯਾਨੀ ਲੋਕਾਂ ਨੂੰ ਹੁਣ ਟਿਕਟ ਸਸਤੀ ਮਿਲੇਗੀ। 

ਇਸ ਦੇ ਇਲਾਵਾ 32 ਟਰੇਨਾਂ 'ਚ ਲੀਨ ਸੀਜ਼ਨ ਦੇ ਤਿੰਨ ਮਹੀਨਿਆਂ ਯਾਨੀ ਫਰਵਰੀ, ਮਾਰਚ ਅਤੇ ਅਗਸਤ 'ਚ ਫਲੈਕਸੀ ਸਕੀਮ ਤਹਿਤ ਕਿਰਾਇਆ ਨਹੀਂ ਵਸੂਲਿਆ ਜਾਵੇਗਾ। ਉੱਥੇ ਹੀ 101 ਟਰੇਨਾਂ 'ਚ ਮੂਲ ਟਿਕਟ ਕਿਰਾਏ 'ਤੇ ਫਲੈਕਸੀ ਕਿਰਾਏ ਨੂੰ 1.5 ਤੋਂ ਘਟਾ ਕੇ 1.4 ਗੁਣਾ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਐਕਸਪ੍ਰੈੱਸ 'ਚ ਪਹਿਲਾਂ ਜੋ ਵੱਧ ਤੋਂ ਵੱਧ ਕਿਰਾਇਆ ਲਿਆ ਜਾ ਰਿਹਾ ਸੀ, ਉਹ ਹੁਣ ਘੱਟ ਗਿਆ ਹੈ। ਹੁਣ ਯਾਤਰੀ ਪਹਿਲਾਂ ਨਾਲੋਂ ਸਸਤੀ ਕੀਮਤ 'ਤੇ ਟਿਕਟ ਬੁੱਕ ਕਰ ਸਕਣਗੇ।

ਜਿਨ੍ਹਾਂ 15 ਟਰੇਨਾਂ 'ਚ ਫਲੈਕਸੀ ਸਕੀਮ ਖਤਮ ਕੀਤੀ ਗਈ ਹੈ, ਉਨ੍ਹਾਂ 'ਚ ਟਰੇਨ ਨੰਬਰ 12038 ਲੁਧਿਆਣਾ-ਨਵੀਂ ਦਿੱਲੀ ਸ਼ਤਾਬਦੀ, ਟਰੇਨ ਨੰਬਰ 12043/44 ਮੋਗਾ (ਲੁਧਿਆਣਾ)-ਨਵੀਂ ਦਿੱਲੀ ਸ਼ਤਾਬਦੀ, ਟਰੇਨ ਨੰਬਰ 12047/48 ਬਠਿੰਡਾ-ਨਵੀਂ ਦਿੱਲੀ ਸ਼ਤਾਬਦੀ ਵੀ ਸ਼ਾਮਲ ਹਨ। ਉੱਥੇ ਹੀ ਜਿਨ੍ਹਾਂ 32 ਟਰੇਨਾਂ 'ਚ ਫਰਵਰੀ, ਮਾਰਚ ਅਤੇ ਅਗਸਤ 'ਚ ਫਲੈਕਸੀ ਸਕੀਮ ਬੰਦ ਰਹੇਗੀ ਉਨ੍ਹਾਂ 'ਚ ਟਰੇਨ ਨੰਬਰ 12014/31/32 ਅੰਮ੍ਰਿਤਸਰ ਸ਼ਤਾਬਦੀ ਅਤੇ ਟਰੇਨ ਨੰਬਰ 12030 ਸਵਰਣ ਸ਼ਤਾਬਦੀ ਸ਼ਾਮਲ ਹਨ। ਇਸ ਦਾ ਮਤਲਬ ਹੈ ਕਿ ਲੀਨ ਸੀਜ਼ਨ ਦੇ ਤਿੰਨ ਮਹੀਨਿਆਂ 'ਚ ਇਨ੍ਹਾਂ ਟਰੇਨਾਂ 'ਚ ਰੇਲ ਮੁਸਾਫਰਾਂ ਨੂੰ ਛੋਟ ਦਾ ਫਾਇਦਾ ਮਿਲੇਗਾ। ਜ਼ਿਕਰਯੋਗ ਹੈ ਕਿ 142 ਟਰੇਨਾਂ 'ਚ ਫਲੈਕਸੀ ਸਕੀਮ ਸ਼ੁਰੂ ਹੋਈ ਸੀ। ਰੇਲਵੇ ਨੇ 44 ਰਾਜਧਾਨੀ, 46 ਸ਼ਤਾਬਦੀ ਅਤੇ 52 ਦੁਰੰਤੋ ਟਰੇਨਾਂ 'ਚ ਫਲੈਕਸੀ ਸਕੀਮ ਸ਼ੁਰੂ ਕੀਤੀ ਸੀ।


Related News