EPS 95 ਤਹਿਤ ਪੈਨਸ਼ਨ ਲਈ ਫਾਰਮੂਲੇ ’ਚ ਬਦਲਾਅ ਦਾ ਪ੍ਰਸਤਾਵ
Monday, May 22, 2023 - 12:20 PM (IST)
ਨਵੀਂ ਦਿੱਲੀ (ਭਾਸ਼ਾ) - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਮਹੀਨਾਵਾਰ ਪੈਨਸ਼ਨ ਨਿਰਧਾਰਨ ਦੇ ਮੌਜੂਦਾ ਫਾਰਮੂਲੇ ’ਚ ਬਦਲਾਅ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਇਸ ਤਹਿਤ ਪੂਰੀ ਪੈਨਸ਼ਨ ਯੋਗ ਸੇਵਾ ਦੌਰਾਨ ਪ੍ਰਾਪਤ ਔਸਤ ਪੈਨਸ਼ਨ ਯੋਗ ਤਨਖਾਹ ਦੇ ਆਧਾਰ ਉੱਤੇ ਮਹੀਨਾਵਾਰ ਪੈਨਸ਼ਨ ਨਿਰਧਾਰਿਤ ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ, ਇਸ ਬਾਰੇ ਅੰਤਿਮ ਫੈਸਲਾ ਪੈਨਸ਼ਨ, ਉਸ ਲਈ ਭੁਗਤਾਨ ਰਾਸ਼ੀ ਅਤੇ ਜੋਖਮ ਦਾ ਮੁਲਾਂਕਣ ਕਰਨ ਵਾਲੇ ‘ਐਕਚੁਅਰੀ’ ਦੀ ਰਿਪੋਰਟ ਆਉਣ ਤੋਂ ਬਾਅਦ ਕੀਤਾ ਜਾਵੇਗਾ। ਮਾਮਲੇ ਨਾਲ ਜੁਡ਼ੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਫਿਲਹਾਲ ਈ. ਪੀ. ਐੱਫ. ਓ. ਕਰਮਚਾਰੀ ਪੈਨਸ਼ਨ ਯੋਜਨਾ (ਈ. ਪੀ. ਐੱਸ.-95) ਤਹਿਤ ਮਹੀਨਾਵਾਰ ਪੈਨਸ਼ਨ ਦੇ ਨਿਰਧਾਰਨ ਲਈ ਪੈਨਸ਼ਨ ਯੋਗ ਤਨਖਾਹ (ਅੰਤਿਮ 60 ਮਹੀਨਿਆਂ ਦੀ ਔਸਤ ਤਨਖਾਹ) ਗੁਣਾ ਪੈਨਸ਼ਨ ਯੋਗ ਸਰਵਿਸ/70....ਫਾਰਮੂਲੇ ਦੀ ਵਰਤੋਂ ਕਰਦਾ ਹੈ। ਨਿਯਮ ਅਨੁਸਾਰ,‘‘ਈ. ਪੀ. ਐੱਸ. (95) ਤਹਿਤ ਮੀਨਾਵਾਰ ਪੈਨਸ਼ਨ ਲਈ ਫਾਰਮੂਲੇ ਨੂੰ ਬਦਲਣ ਦਾ ਪ੍ਰਸਤਾਵ ਹੈ। ਇਸ ’ਚ ਪੈਨਸ਼ਨ ਯੋਗ ਤਨਖਾਹ ਅੰਤਿਮ 60 ਮਹੀਨਿਆਂ ਦੇ ਔਸਤ ਤਨਖਾਹ ਦੀ ਜਗ੍ਹਾ ਪੈਨਸ਼ਨ ਯੋਗ ਸੇਵਾ ਦੌਰਾਨ ਪ੍ਰਾਪਤ ਔਸਤ ਪੈਨਸ਼ਨ ਯੋਗ ਤਨਖਾਹ ਨੂੰ ਸ਼ਾਮਿਲ ਕਰਨ ਦੀ ਯੋਜਨਾ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ,‘‘ਇਹ ਅਜੇ ਸਿਰਫ ਪ੍ਰਸਤਾਵ ਦੇ ਪੱਧਰ ਉੱਤੇ ਹੈ ਅਤੇ ਇਸ ਉੱਤੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਹੈ। ਅੰਤਿਮ ਫੈਸਲਾ ‘ਐਕਚੁਅਰੀ’ ਦੀ ਰਿਪੋਰਟ ਆਉਣ ਤੋਂ ਬਾਅਦ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਈ. ਪੀ. ਐੱਫ. ਓ. ਜੇਕਰ ਪੈਨਸ਼ਨ ਲਈ ਫਾਰਮੂਲੇ ’ਚ ਬਦਲਾਅ ਕਰਦਾ ਹੈ, ਤਾਂ ਇਸ ਨਾਲ ਨਿਸ਼ਚਿਤ ਰੂਪ ਨਾਲ ਉੱਚ ਪੈਨਸ਼ਨ ਦਾ ਬਦਲ ਚੁਣਨ ਵਾਲਿਆਂ ਸਮੇਤ ਸਾਰੇ ਦੀ ਮੀਨਾਵਾਰ ਪੈਨਸ਼ਨ ਦਾ ਨਿਰਧਾਰਨ ਮੌਜੂਦਾ ਫਾਰਮੂਲੇ ਦੇ ਮੁਕਾਬਲੇ ਘੱਟ ਹੋਵੇਗਾ। ਇਸ ਨੂੰ ਇਕ ਉਦਾਹਰਣ ਨਾਲ ਸਮਝ ਸਕਦੇ ਹਾਂ। ਮੰਨ ਲੈਂਦੇ ਹਾਂ ਕਿ ਜ਼ਿਆਦਾ ਪੈਨਸ਼ਨ ਦਾ ਬਦਲ ਚੁਣਨ ਵਾਲੇ ਦਾ ਅੰਤਿਮ 60 ਮਹੀਨਿਆਂ ਦੀ ਔਸਤ ਤਨਖਾਹ 80,000 ਰੁਪਏ ਬੈਠਦਾ ਹੈ ਅਤੇ ਉਸ ਦੀ ਪੈਨਸ਼ਨ ਯੋਗ ਨੌਕਰੀ 32 ਸਾਲ ਹੈ। ਅਜਿਹੇ ਵਿਚ ਮੌਜੂਦਾ ਫਾਰਮੂਲੇ (80,000 ਗੁਣਾ 32/70) ਤਹਿਤ ਉਸ ਦੀ ਪੈਨਸ਼ਨ....36,571 ਰੁਪਏ ਹੋਵੇਗੀ। ਉਥੇ ਹੀ ਜਦੋਂ ਪੂਰੀ ਪੈਨਸ਼ਨ ਯੋਗ ਨੌਕਰੀ ਦੌਰਾਨ ਤਨਖਾਹ ਦਾ ਔਸਤ ਲਿਆ ਜਾਵੇਗਾ ਤਾਂ ਮਹੀਨਾਵਾਰ ਪੈਨਸ਼ਨ ਦਾ ਨਿਰਧਾਰਨ ਘੱਟ ਹੋਵੇਗਾ ਕਿਉਂਕਿ ਨੌਕਰੀ ਦੇ ਸ਼ੁਰੂਆਤੀ ਦਿਨਾਂ ’ਚ ਤਨਖਾਹ (ਮੂਲ ਤਨਖਾਹ ਅਤੇ ਮਹਿੰਗਾਈ ਭੱਤਾ) ਘੱਟ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ’ਚ ਸੁਪਰੀਮ ਕੋਰਟ ਨੇ ਸਰਕਾਰ ਤੋਂ ਅੰਸ਼ਧਾਰਕਾਂ ਨੂੰ ਉੱਚ ਪੈਨਸ਼ਨ ਦਾ ਬਦਲ ਚੁਣਨ ਲਈ 4 ਮਹੀਨਿਆਂ ਦਾ ਸਮਾਂ ਦੇਣ ਨੂੰ ਕਿਹਾ ਸੀ। ਈ. ਪੀ. ਐੱਫ. ਓ. ਨੇ ਅੰਸ਼ਧਾਰਕਾਂ ਨੂੰ ਉੱਚ ਪੈਨਸ਼ਨ ਦਾ ਬਦਲ ਚੁਣਨ ਲਈ ਇੰਪਲਾਇਰਸ ਦੇ ਨਾਲ ਸੰਯੁਕਤ ਬਦਲ ਫਾਰਮ ਭਰਨ ਲਈ ਆਨਲਾਈਨ ਸਹੂਲਤ ਉਪਲੱਬਧ ਕਰਵਾਈ ਹੈ। ਇਸ ਲਈ ਸਮਾਂਹੱਦ ਪਹਿਲਾਂ 3 ਮਈ, 2023 ਸੀ, ਜਿਸ ਨੂੰ ਵਧਾ ਕੇ 26 ਜੂਨ, 2023 ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ ’ਚ ਈ. ਪੀ. ਐੱਫ. ਓ. ਅੰਸ਼ਧਾਰਕ ਪੈਨਸ਼ਨ ਲਈ ਨਿਰਧਾਰਿਤ ਹੱਦ 15,000 ਰੁਪਏ ਮਹੀਨਾਵਾਰ ਤਨਖਾਹ ਉੱਤੇ ਯੋਗਦਾਨ ਕਰਦੇ ਹਨ, ਜਦੋਂਕਿ ਉਨ੍ਹਾਂ ਦੀ ਅਸਲੀ ਤਨਖਾਹ ਇਸ ਤੋਂ ਕਿਤੇ ਜ਼ਿਆਦਾ ਹੈ। ਬਹੁਤ ਜ਼ਿਆਦਾ ਪੈਨਸ਼ਨ ਦੇ ਬਦਲ ਨਾਲ ਉਨ੍ਹਾਂ ਨੂੰ ਜ਼ਿਆਦਾ ਮਹੀਨਾਵਾਰ ਪੈਨਸ਼ਨ ਮਿਲ ਸਕੇਗੀ। ਕਰਮਚਾਰੀ ਈ. ਪੀ. ਐੱਫ. ਓ. ਦੀ ਸਮਾਜਿਕ ਸੁਰੱਖਿਆ ਯੋਜਨਾ ਵਿਚ 12 ਫੀਸਦੀ ਦਾ ਯੋਗਦਾਨ ਕਰਦੇ ਹਨ।
ਉਥੇ ਹੀ ਇੰਪਲਾਇਰਸ ਦੇ 12 ਫੀਸਦੀ ਯੋਗਦਾਨ ’ਚੋਂ 8.33 ਫੀਸਦੀ ਈ. ਪੀ. ਐੱਸ. ਵਿਚ ਜਾਂਦਾ ਹੈ। ਬਾਕੀ 3.67 ਫੀਸਦੀ ਕਰਮਚਾਰੀ ਭਵਿੱਖ ਨਿਧੀ ਵਿਚ ਜਾਂਦਾ ਹੈ। ਸਰਕਾਰ ਕਰਮਚਾਰੀ ਪੈਨਸ਼ਨ ਯੋਜਨਾ ’ਚ 15,000 ਰੁਪਏ ਮੂਲ ਤਨਖਾਹ ਦੀ ਹੱਦ ਉੱਤੇ 1.16 ਫੀਸਦੀ ਦਾ ਯੋਗਦਾਨ ਸਬਸਿਡੀ ਦੇ ਰੂਪ ’ਚ ਦਿੰਦੀ ਹੈ। ਫਾਰਮੂਲੇ ’ਚ ਬਦਲਾਅ ਦੀ ਜ਼ਰੂਰਤ ਦੇ ਬਾਰੇ ਵਿਚ ਪੁੱਛੇ ਜਾਣ ਉੱਤੇ ਸੂਤਰ ਨੇ ਕਿਹਾ,‘‘ਅਸਲ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੱਕ ਜ਼ਿਆਦਾ ਪੈਨਸ਼ਨ ਦੇਣ ਨਾਲ ਵਿੱਤੀ ਬੋਝ ਪਵੇਗਾ। ਇਸ ਲਈ ਨਵੇਂ ਫਾਰਮੂਲੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਪੈਨਸ਼ਨ ਫੰਡ ਵਿਚ ਪਏ 6.89 ਲੱਖ ਕਰੋਡ਼ ਰੁਪਏ ਦੇ ਫੰਡ ਨਾਲ ਜੁਡ਼ੇ ਇਕ ਸਵਾਲ ਦੇ ਜਵਾਬ ’ਚ ਸੂਤਰ ਨੇ ਕਿਹਾ ਕਿ ਇਹ ਪੈਸਾ ਸਿਰਫ ਪੈਨਸ਼ਨਭੋਗੀਆਂ ਦਾ ਨਹੀਂ ਹੈ ਸਗੋਂ ਈ. ਪੀ. ਐੱਫ. ਓ. ਨਾਲ ਜੁਡ਼ੇ ਸਾਰੇ ਅੰਸ਼ਧਾਰਕਾਂ ਦਾ ਹੈ ਅਤੇ ਕਰਮਚਾਰੀ ਨਿਧੀ ਸੰਗਠਨ ਨੂੰ ਸਾਰਿਆਂ ਦਾ ਧਿਆਨ ਰੱਖਣਾ ਹੈ। ਜ਼ਿਕਰਯੋਗ ਹੈ ਕਿ ਈ. ਪੀ. ਐੱਫ. ਓ. ਦੀ 2021-22 ਦੀ ਰਿਪੋਰਟ ਅਨੁਸਾਰ, ਪੈਨਸ਼ਨ ਫੰਡ ’ਚ 6,89,211 ਕਰੋਡ਼ ਰੁਪਏ ਜਮ੍ਹਾ ਹਨ। ਈ. ਪੀ. ਐੱਸ. ਫੰਡ ਉੱਤੇ ਈ. ਪੀ. ਐੱਫ. ਓ. ਨੂੰ 2021-22 ’ਚ 50,614 ਕਰੋਡ਼ ਰੁਪਏ ਦਾ ਵਿਆਜ ਮਿਲਿਆ।