ਰੈਮਡੇਸਵਿਰ ਦੀ ਘਾਟ ਹੋਵੇਗੀ ਦੂਰ, ਹਰ ਮਹੀਨੇ ਹੋ ਰਿਹੈ ਇੰਨਾ ਉਤਪਾਦਨ
Tuesday, May 04, 2021 - 04:47 PM (IST)
ਨਵੀਂ ਦਿੱਲੀ- ਮਹਾਮਾਰੀ ਕਾਰਨ ਦੇਸ਼ ਵਿਚ ਹਾਲਾਤ ਗੰਭੀਰ ਬਣੇ ਹੋਏ ਹਨ ਇਸ ਵਿਚਕਾਰ ਰੈਮਡੇਸਵਿਰ ਦੀ ਵੀ ਕਈ ਜਗ੍ਹਾ ਘਾਟ ਸੁਣਨ ਨੂੰ ਮਿਲੀ ਪਰ ਹੁਣ ਘਬਰਾਉਣ ਦੀ ਲੋੜ ਨਹੀਂ, ਇਸ ਦਾ ਉਤਪਦਾਨ ਵੱਧ ਗਿਆ ਹੈ। ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਰੈਮਡੇਸਵਿਰ ਦਾ ਉਤਪਾਦਨ ਲਗਭਗ ਤਿੰਨਾ ਗੁਣਾ ਵੱਧ ਕੇ ਪ੍ਰਤੀ ਮਹੀਨਾ 1.05 ਕਰੋੜ ਸ਼ੀਸ਼ੀਆਂ ਹੋ ਗਿਆ ਹੈ ਅਤੇ ਸਰਕਾਰ ਇਸ 'ਐਂਟੀਵਾਇਰਲ' ਦਵਾ ਦੀ ਉਪਲਬਧਤਾ ਵਧਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।
ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਕਿ ਦਵਾ ਦੀ ਉਤਪਾਦਨ ਸਮਰੱਥਾ 4 ਮਈ ਨੂੰ ਪ੍ਰਤੀ ਮਹੀਨਾ 1.05 ਕਰੋੜ ਸ਼ੀਸ਼ੀਆਂ ਨੂੰ ਪਾਰ ਕਰ ਗਈ, ਜੋ ਇਸ ਸਾਲ 12 ਅਪ੍ਰੈਲ ਨੂੰ 37 ਲੱਖ ਸ਼ੀਸ਼ੀਆਂ ਸੀ।
ਇਸ ਤਰ੍ਹਾਂ ਉਤਪਾਦਨ ਦੀ ਸਮਰੱਥਾ ਲਗਭਗ ਤਿੰਨ ਗੁਣਾ ਵਧੀ ਹੈ। ਉਨ੍ਹਾਂ ਕਿਹਾ ਕਿ ਇਹ ਦਵਾ ਇਸ ਸਮੇਂ ਦੇਸ਼ ਵਿਚ 57 ਪਲਾਂਟਾਂ ਵਿਚ ਤਿਆਰ ਹੋ ਰਹੀ ਹੈ, ਜਦੋਂ ਕਿ ਇਕ ਮਹੀਨੇ ਪਹਿਲਾਂ 20 ਪਲਾਂਟ ਸਨ। ਉਨ੍ਹਾਂ ਕਿਹਾ, “ਜਲਦ ਹੀ ਅਸੀਂ ਵਧੀ ਹੋਈ ਮੰਗ ਨੂੰ ਪੂਰਾ ਕਰ ਸਕਾਂਗੇ।” ਮੰਡਾਵੀਆ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਕੋਰੋਨਾ ਮਹਾਮਾਰੀ ਵਿਰੁੱਧ ਲੜਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਦੇਸ਼ ਵਿਚ ਕੋਵਿਡ ਲਾਗ ਵਿਚ ਭਾਰੀ ਵਾਧਾ ਹੋਣ ਵਿਚਕਾਰ ਰੈਮਡੇਸਵਿਰ ਦੀ ਮੰਗ ਕਈ ਗੁਣਾ ਵੱਧ ਗਈ ਹੈ।