PNB-UBI-OBC ਬੈਂਕ ਰਲੇਵਾਂ, ਨਵੇਂ ਬੈਂਕ ਦੇ ‘ਲੋਗੋ’ ਵਾਸਤੇ ਲਈ ਜਾ ਸਕਦੀ ਹੈ ਬਾਹਰੀ ਮਾਹਿਰ ਦੀ ਮਦਦ

10/14/2019 2:20:16 PM

ਕੋਲਕਾਤਾ — ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.), ਯੂਨਾਈਟਿਡ ਬੈਂਕ ਆਫ ਇੰਡੀਆ (ਯੂ. ਬੀ. ਆਈ.) ਅਤੇ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਦੀ ਰਲੇਵਾਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਣਨ ਵਾਲੇ ਨਵੇਂ ਬੈਂਕ ਦੇ ਪ੍ਰਤੀਕ ਚਿੰਨ੍ਹ (ਲੋਗੋ) ਲਈ ਕਿਸੇ ਬਾਹਰੀ ਮਾਹਿਰ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਕ ਅਧਿਕਾਰੀ ਨੇ ਇਹ ਗੱਲ ਕਹੀ।

ਤਿੰਨਾਂ ਬੈਂਕਾਂ ਦੀ ਰਲੇਵਾਂ ਪ੍ਰਕਿਰਿਆ ਅਗਲੇ ਸਾਲ 1 ਅਪ੍ਰੈਲ ਤੱਕ ਪੂਰੀ ਹੋਣ ਦੀ ਉਮੀਦ ਹੈ। ਰਲੇਵੇਂ ਦੇ ਨਤੀਜੇ ਵਜੋਂ ਬਣਨ ਵਾਲਾ ਨਵਾਂ ਬੈਂਕ ਭਾਰਤੀ ਸਟੇਟ ਬੈਂਕ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੋਵੇਗਾ। ਇਸ ਨਵੇਂ ਬੈਂਕ ਦਾ ਕੁਲ ਕਾਰੋਬਾਰ ਸਾਈਜ਼ ਕਰੀਬ 18 ਲੱਖ ਕਰੋਡ਼ ਰੁਪਏ ਹੋਵੇਗਾ। ਯੂਨਾਈਟਿਡ ਬੈਂਕ ਦੇ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਲੋਕਾਂ ਵੱਲੋਂ ਸੁਝਾਅ ਮੰਗਣ ਤੋਂ ਬਾਅਦ ਤਿੰਨਾਂ ਬੈਂਕਾਂ ਦੇ ਰਲੇਵੇਂ ਨਾਲ ਬਣਨ ਵਾਲੀ ਏਕੀਕ੍ਰਿਤ ਇਕਾਈ ਦਾ ਨਵਾਂ ਨਾਂ ਅਤੇ ਚਿੰਨ੍ਹ ਤੈਅ ਕੀਤਾ ਜਾਵੇਗਾ। ਹਾਲਾਂਕਿ ਨਵੇਂ ਪ੍ਰਤੀਕ ਚਿੰਨ੍ਹ ਨੂੰ ਤੈਅ ਕਰਨ ਦੇ ਮਾਮਲੇ ’ਚ ਕਿਸੇ ਬਾਹਰੀ ਮਾਹਿਰ ਦੀਆਂ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

ਅਧਿਕਾਰੀ ਨੇ ਕਿਹਾ,‘‘ਤਿੰਨਾਂ ਬੈਂਕਾਂ ਦੇ ਪ੍ਰਬੰਧ ਨਿਰਦੇਸ਼ਕ ਅਤੇ ਕਾਰਜਕਾਰੀ ਨਿਰਦੇਸ਼ਕ ਅਗਲੇ ਹਫਤੇ ਬੈਠਕ ਕਰਨਗੇ। ਨਵੇਂ ਬੈਂਕ ਦੇ ਨਾਂ ਅਤੇ ਚਿੰਨ੍ਹ ’ਤੇ ਚਰਚਾ ਬੈਠਕ ਦੇ ਏਜੰਡੇ ’ਚ ਹੈ।’’


Related News