PNB ਦਾ ਝਟਕਾ, ਤੁਹਾਡੀ ਬਚਤ ਦੀ ਵਿਆਜ ਦਰ 'ਚ ਹੋਈ ਵੱਡੀ ਕਟੌਤੀ
Thursday, Jun 04, 2020 - 02:53 PM (IST)
ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ ਅਤੇ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਮਗਰੋਂ ਹੁਣ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਵੀ ਬਚਤ ਖਾਤਾਧਾਰਕਾਂ ਨੂੰ ਜ਼ੋਰ ਦਾ ਝਟਕਾ ਦੇ ਦਿੱਤਾ ਹੈ। ਪੀ. ਐੱਨ. ਬੀ. ਨੇ ਵੀ ਬਚਤ ਖਾਤੇ ਲਈ ਵਿਆਜ ਦਰਾਂ 'ਚ ਕਟੌਤੀ ਕਰ ਦਿੱਤੀ ਗਈ ਹੈ।
ਪੀ. ਐੱਨ. ਬੀ. ਨੇ ਬਚਤ ਖਾਤੇ 'ਤੇ ਵਿਆਜ ਦਰਾਂ 'ਚ 0.50 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ, ਜੋ 1 ਜੁਲਾਈ ਤੋਂ ਪ੍ਰਭਾਵੀ ਹੋਣ ਜਾ ਰਹੀ ਹੈ।
ਕਿੰਨਾ ਮਿਲੇਗਾ ਵਿਆਜ?
50 ਲੱਖ ਰੁਪਏ ਤੱਕ ਦੀ ਜਮ੍ਹਾ ਰਕਮ ਲਈ ਨਵੀਂ ਵਿਆਜ ਦਰ 3 ਫੀਸਦੀ ਹੋਵੇਗੀ, ਜੋ ਫਿਲਹਾਲ ਹੁਣ ਤੱਕ 3.50 ਫੀਸਦੀ ਹੈ। ਉੱਥੇ ਹੀ, 50 ਲੱਖ ਅਤੇ ਇਸ ਤੋਂ ਵੱਧ ਦੀ ਜਮ੍ਹਾਂ ਰਕਮ 'ਤੇ 3.75 ਫੀਸਦੀ ਦੀ ਬਜਾਏ 3.25 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਪੰਜਾਬ ਨੈਸ਼ਨਲ ਬੈਂਕ ਨੇ ਇਕ ਟਵੀਟ 'ਚ ਕਿਹਾ ਕਿ ਬਚਤ ਫੰਡ ਡਿਪਾਜ਼ਿਟ 'ਤੇ ਵਿਆਜ ਦਰ ਘਟਾ ਦਿੱਤੀ ਗਈ ਹੈ, ਜੋ 1 ਜੁਲਾਈ 2020 ਤੋਂ ਪ੍ਰਭਾਵੀ ਹੋਵੇਗੀ।
Here is an update - the rate of interest on Savings Fund Deposit has been reduced with effect from 1st July, 2020. #SavingFundDeposit #SavingAccounts #publicnotice pic.twitter.com/1ddZHLQshn
— Punjab National Bank (@pnbindia) June 3, 2020
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਸ. ਬੀ. ਆਈ. ਨੇ ਬਚਤ ਖਾਤੇ 'ਤੇ ਵਿਆਜ ਦਰ 0.05 ਫੀਸਦੀ ਘਟਾ ਕੇ 2.70 ਫੀਸਦੀ ਕੀਤੀ ਸੀ, ਜੋ 31 ਮਈ ਤੋਂ ਲਾਗੂ ਹੋ ਗਈ ਹੈ। ਉੱਥੇ ਹੀ ਨਿੱਜੀ ਖੇਤਰ ਦੀ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਨੇ ਬਚਤ ਖਾਤੇ 'ਤੇ ਵਿਆਜ ਦਰ 'ਚ 0.25 ਫੀਸਦੀ ਦੀ ਕਮੀ ਕੀਤੀ ਹੈ, ਜੋ ਵੀਰਵਾਰ ਯਾਨੀ 4 ਜੂਨ 2020 ਤੋਂ ਪ੍ਰਭਾਵੀ ਹੋ ਗਈ ਹੈ। ਆਈ. ਸੀ. ਆਈ. ਸੀ. ਬੈਂਕ ਨੇ 50 ਲੱਖ ਰੁਪਏ ਤੋਂ ਘੱਟ ਦੀ ਜਮ੍ਹਾ ਰਾਸ਼ੀ ਲਈ ਵਿਆਜ ਦਰ 3.25 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰ ਦਿੱਤਾ ਹੈ। 50 ਲੱਖ ਰੁਪਏ ਅਤੇ ਇਸ ਤੋਂ ਜ਼ਿਆਦਾ ਦੀ ਜਮ੍ਹਾ 'ਤੇ ਵੀ ਵਿਆਜ ਦਰ 3.75 ਫੀਸਦੀ ਤੋਂ ਘਟਾ ਕੇ 3.50 ਫੀਸਦੀ ਕਰ ਦਿੱਤੀ ਗਈ ਹੈ। ਬੈਂਕਾਂ 'ਚ ਇਸ ਸਮੇਂ ਕਾਫੀ ਨਕਦੀ ਉਪਲੱਬਧ ਹੈ, ਲਾਕਡਾਊਨ ਕਾਰਨ ਕਰਜ਼ ਦੀ ਮੰਗ ਕਮਜ਼ੋਰ ਰਹੀ ਹੈ, ਜਿਸ ਕਾਰਨ ਬੈਂਕਾਂ ਵੱਲੋਂ ਵਿਆਜ ਦਰਾਂ 'ਚ ਕਟੌਤੀ ਕੀਤੀ ਜਾ ਰਹੀ ਹੈ।