ਪ੍ਰਧਾਨ ਮੰਤਰੀ ਮੋਦੀ ਕਰਨਗੇ ਨੈਸਕਾਮ ਦੇ ਸਾਲਾਨਾ ਸੰਮੇਲਨ ਦਾ ਉਦਘਾਟਨ

Friday, Feb 12, 2021 - 05:04 PM (IST)

ਪ੍ਰਧਾਨ ਮੰਤਰੀ ਮੋਦੀ ਕਰਨਗੇ ਨੈਸਕਾਮ ਦੇ ਸਾਲਾਨਾ ਸੰਮੇਲਨ ਦਾ ਉਦਘਾਟਨ

ਨਵੀਂ ਦਿੱਲੀ (ਭਾਸ਼ਾ) - ਆਈ.ਟੀ. ਉਦਯੋਗ ਦੀ ਇਕ ਸੰਸਥਾ ਨੈਸਕਾਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਸਾਲ ਉਸ ਦੇ ਐਨ.ਟੀ.ਐਲ.ਐਫ. ਦੀ ਸਾਲਾਨਾ ਕਾਨਫ਼ਰੰਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਅਤੇ ਇਹ ਕੋਵਿਡ-19 ਮਹਾਮਾਰੀ ਦੇ ਬਾਅਦ ਡਿਜੀਟਲ ਭਵਿੱਖ ਅਤੇ ਜਿੰਮੇਦਾਰ ਤਕਨਾਲੋਜੀ ਦੀ ਮਹੱਤਤਾ ਉਪਰ ਧਿਆਨ ਕੇਂਦਰਤ ਕਰੇਗੀ। ਐਨ.ਟੀ.ਐਲ.ਐਫ. (ਨਾਸਕੌਮ ਟੈਕਨੋਲੋਜੀ ਅਤੇ ਲੀਡਰਸ਼ਿਪ ਫੋਰਮ) ਦਾ 29 ਵਾਂ ਸੰਸਕਰਣ 17–19 ਫਰਵਰੀ ਨੂੰ ਹੋਵੇਗਾ। ਪਹਿਲੀ ਵਾਰ ਇਹ ਕਾਨਫਰੰਸ ਆਨਲਾਈਨ ਆਯੋਜਿਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਮੰਚ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਨੈਸਕਾਮ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਰਣਨੀਤੀ ਅਧਿਕਾਰੀ ਸੰਗੀਤਾ ਗੁਪਤਾ ਨੇ ਦੱਸਿਆ ਕਿ ਮਹਾਮਾਰੀ ਦੇ ਕਾਰਨ ਸੰਨ 2020 ਉਦਯੋਗਾਂ ਅਤੇ ਖੇਤਰਾਂ ਲਈ ਮਾੜਾ ਸਾਲ ਰਿਹਾ। ਉਨ੍ਹਾਂ ਨੇ ਅੱਗੇ ਕਿਹਾ, 'ਹਾਲਾਂਕਿ ਇਸ ਕਾਰਨ ਕਾਰੋਬਾਰ ਵਿਚ ਟੈਕਨੋਲੋਜੀ ਦੀ ਮਹੱਤਤਾ ਬੇਮਿਸਾਲ ਵਧੀ ਹੈ। ਡਿਜੀਟਲ ਟੈਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ ਅਤੇ ਇਸ ਨਵੀਂ ਆਮ ਸਥਿਤੀ ਵਿਚ ਅਸੀਂ ਕਿਵੇਂ ਕੰਮ ਕਰਦੇ ਹਾਂ, ਸੰਚਾਰ ਕਰਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਇਸ ਵਿਚ ਤਕਨਾਲੋਜੀ ਦੀ ਇਕ ਮਹੱਤਵਪੂਰਣ ਭੂਮਿਕਾ ਹੁੰਦੀ ਹੈ।' 

ਗੁਪਤਾ ਨੇ ਕਿਹਾ ਕਿ ਇਸ ਬਦਲਾਅ ਦੇ ਕਾਰਨ ਸੰਗਠਨ ਵਿਸ਼ਵਾਸ ਅਤੇ ਨੈਤਿਕਤਾ, ਗੁਪਤਤਾ , ਸਭਿਆਚਾਰ, ਕੰਮ ਦੇ ਭਵਿੱਖ ਅਤੇ ਜ਼ਿੰਮੇਵਾਰੀ ਨਾਲ ਵਰਤਣ ਵਰਗੇ ਪਹਿਲੂਆਂ ਉੱਤੇ ਮੁੜ ਵਿਚਾਰ ਕਰ ਰਹੇ ਹਨ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਅਰਵਿੰਦ ਕ੍ਰਿਸ਼ਨਾ (ਆਈ.ਬੀ.ਐਮ. ਦੇ ਪ੍ਰਧਾਨ ਅਤੇ ਸੀ.ਈ.ਓ.), ਚੱਕ ਰੌਬਿਨਜ਼ (ਸਿਸਕੋ ਦੇ ਸੀ.ਈ.ਓ. ਤੇ ਪ੍ਰਧਾਨ), ਏਰਿਕ ਐਸ ਯੁਆਨ (ਜੂਮ ਦੇ ਸੰਸਥਾਪਕ ਅਤੇ ਸੀ.ਈ.ਓ.), ਜੂਲੀ ਸਵੀਟ (ਐਕਸੈਂਚਰ ਸੀ.ਈ.ਓ.) ਅਤੇ ਸਟੀਵ ਬ੍ਰਾਊਨ (ਭਵਿੱਖਵਾਦੀ, ਲੇਖਕ ਅਤੇ ਸਪੀਕਰ) ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਇਸ ਸਮਾਗਮ ਵਿਚ 50 ਤੋਂ ਵੱਧ ਸੈਸ਼ਨਾਂ ਵਿਚ 16,000 ਤੋਂ ਵੱਧ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News