ਭਾਰਤ ਨੂੰ ਕੋਵਿਡ-19 ਟੀਕਾ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰੇਗੀ ਫਾਈਜ਼ਰ

Thursday, Dec 03, 2020 - 06:16 PM (IST)

ਭਾਰਤ ਨੂੰ ਕੋਵਿਡ-19 ਟੀਕਾ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰੇਗੀ ਫਾਈਜ਼ਰ

ਨਵੀਂ ਦਿੱਲੀ— ਗਲੋਬਲ ਫਾਰਮਾ ਪ੍ਰਮੁੱਖ ਫਾਈਜ਼ਰ ਭਾਰਤ 'ਚ ਕੋਵਿਡ-19 ਟੀਕਾ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਫਾਈਜ਼ਰ-ਬਾਇਓਨਟੈਕ ਦਾ ਟੀਕਾ ਭਾਰਤ 'ਚ ਉਪਲਬਧ ਕਰਾਉਣ ਦੀ ਸੰਭਾਵਨਾ ਤਲਾਸ਼ਣ ਲਈ ਸਰਕਾਰ ਦੇ ਸੰਪਰਕ 'ਚ ਰਹਿਣ ਲਈ ਵਚਨਬੱਧ ਹੈ। ਗੌਰਤਲਬ ਹੈ ਕਿ ਬ੍ਰਿਟੇਨ 'ਚ ਇਸ ਦੇ ਟੀਕੇ ਨੂੰ ਸੰਕਟਕਾਲੀ ਵਰਤੋਂ ਲਈ ਪ੍ਰਵਾਨਗੀ ਮਿਲ ਗਈ ਹੈ।

ਕੋਵਿਡ-19 ਵਿਰੁੱਧ ਮਹੱਤਵਪੂਰਨ ਲੜਾਈ 'ਚ ਫਾਈਜ਼ਰ-ਬਾਇਓਨਟੈਕ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਬ੍ਰਿਟੇਨ ਵਿਸ਼ਵ ਦਾ ਪਹਿਲਾ ਦੇਸ਼ ਹੈ।

ਫਾਈਜ਼ਰ ਦੇ ਇਕ ਬੁਲਾਰੇ ਨੇ ਕਿਹਾ, ''ਮੌਜੂਦਾ ਸਮੇਂ ਅਸੀਂ ਦੁਨੀਆ ਭਰ ਦੀਆਂ ਕਈ ਸਰਕਾਰਾਂ ਨਾਲ ਗੱਲਬਾਤ 'ਚ ਹਾਂ ਅਤੇ ਭਾਰਤ ਸਰਕਾਰ ਨਾਲ ਸੰਪਰਕ 'ਚ ਰਹਿਣ ਲਈ ਵਚਨਬੱਧ ਹਾਂ ਅਤੇ ਇਸ ਟੀਕੇ ਨੂੰ ਦੇਸ਼ 'ਚ ਉਪਲਬਧ ਕਰਾਉਣ ਦੀ ਸੰਭਾਵਨਾ ਤਲਾਸ਼ ਰਹੇ ਹਾਂ।'' ਉਨ੍ਹਾਂ ਕਿਹਾ ਕਿ ਫਾਈਜ਼ਰ ਹਰੇਕ ਨੂੰ ਟੀਕੇ ਤੱਕ ਪਹੁੰਚ ਉਪਲਬਧ ਕਰਾਉਣਾ ਚਾਹੁੰਦਾ ਹੈ ਅਤੇ ਇਸ ਲਈ ਸਰਕਾਰਾਂ ਨਾਲ ਨਜ਼ਦੀਕੀ ਸੰਪਰਕ 'ਚ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਫਾਈਜ਼ਰ ਇਸ ਟੀਕੇ ਦੀ ਸਪਲਾਈ ਸਬੰਧਤ ਸਰਕਾਰਾਂ ਨਾਲ ਸਮਝੌਤੇ ਤਹਿਤ ਕਰੇਗੀ। ਯੂ. ਕੇ. ਰੈਗੂਲੇਟਰ ਐੱਮ. ਐੱਚ. ਆਰ. ਏ. ਨੇ ਕੋਵਿਡ-19 ਐੱਮ. ਆਰ. ਐੱਨ. ਏ. ਟੀਕੇ ਨੂੰ ਸੰਕਟਕਾਲੀ ਵਰਤੋਂ ਲਈ ਅਸਥਾਈ ਅਧਿਕਾਰ ਦਿੱਤਾ ਹੈ।

ਗੌਰਤਲਬ ਹੈ ਕਿ ਨਵੰਬਰ 'ਚ ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ. ਕੇ. ਪੌਲ, ਜੋ ਕਿ ਕੋਵਿਡ-19 ਨੈਸ਼ਨਲ ਟਾਸਕ ਫੋਰਸ ਦੇ ਮੁਖੀ ਵੀ ਹਨ, ਨੇ ਕਿਹਾ ਸੀ ਕਿ ਫਾਈਜ਼ਰ ਟੀਕੇ ਦੇ ਦੇਸ਼ 'ਚ ਆਉਣ 'ਚ ਕੁਝ ਮਹੀਨੇ ਲੱਗ ਸਕਦੇ ਹਨ ਕਿਉਂਕਿ ਇਸ ਦੀ ਸਭ ਤੋਂ ਵੱਡੀ ਚੁਣੌਤੀ ਇਸ ਨੂੰ ਸਟੋਰ ਕਰਨਾ ਹੈ। ਫਾਈਜ਼ਰ ਟੀਕੇ ਨੂੰ ਸਟੋਰ ਕਰਨ ਲਈ ਮਾਈਨਸ 70 ਡਿਗਰੀ ਦੇ ਤਾਪਮਾਨ ਦੀ ਜ਼ਰੂਰਤ ਹੈ, ਜੋ ਕਿ ਇਕ ਵੱਡੀ ਚੁਣੌਤੀ ਹੈ।


author

Sanjeev

Content Editor

Related News