ਦਿੱਲੀ ''ਚ 85 ਰੁਪਏ ਹੋ ਸਕਦਾ ਹੈ ਪੈਟਰੋਲ, ਕੱਚੇ ਤੇਲ ''ਚ ਉਛਾਲ ਦਾ ਖ਼ਦਸ਼ਾ

01/16/2021 4:47:47 PM

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਮਹਿੰਗਾਈ ਦੀ ਮਾਰ ਹੋਰ ਵੱਧ ਸਕਦੀ ਹੈ। ਇਸ ਦਾ ਕਾਰਨ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਰੁਝਾਨ ਬਣਿਆ ਹੋਇਆ ਹੈ। ਬ੍ਰੈਂਟ ਹੁਣ 56 ਡਾਲਰ 'ਤੇ ਪਹੁੰਚ ਚੁੱਕਾ ਹੈ। ਇਹ ਇਸ ਦਾ 11 ਮਹੀਨਿਆਂ ਦਾ ਉੱਚਾ ਪੱਧਰ ਹੈ।

ਓਪੇਕ ਨੇ ਮਾਰਚ ਵਿਚ ਤੇਲ ਉਤਪਾਦਨ ਵਿਚ ਕਟੌਤੀ ਜਾਰੀ ਰੱਖਣ ਦੀ ਗੱਲ ਆਖ਼ੀ ਹੈ। ਇਸ ਨਾਲ ਕੱਚੇ ਤੇਲ ਦੀ ਕੀਮਤ ਜਲਦ ਹੀ 60 ਡਾਲਰ ਪ੍ਰਤੀ ਬੈਰਲ 'ਤੇ ਪਹੁੰਚਣ ਦੀ ਸੰਭਾਵਨਾ ਹੈ। ਲਿਹਾਜਾ ਦੇਸ਼ ਵਿਚ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋ ਸਕਦਾ ਹੈ।

ਦਿੱਲੀ ਵਿਚ ਪੈਟਰੋਲ ਦੀ ਕੀਮਤ 84.70 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। 1-2 ਦਿਨਾਂ ਵਿਚ ਹੀ ਇਹ 85 ਰੁਪਏ ਪ੍ਰਤੀ ਲਿਟਰ ਹੋ ਸਕਦੀ ਹੈ।

ਜਨਵਰੀ ਵਿਚ ਹੁਣ ਤੱਕ ਪੈਟਰੋਲ ਦੀ ਕੀਮਤ 1 ਰੁਪਏ ਤੱਕ ਵੱਧ ਚੁੱਕੀ ਹੈ, ਜਦੋਂ ਕਿ ਡੀਜ਼ਲ 1 ਰੁਪਏ ਤੋਂ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿਚ ਪੈਟਰੋਲ 84.70 ਰੁਪਏ, ਮੁੰਬਈ ਵਿਚ 91.32 ਰੁਪਏ, ਕੋਲਕਾਤਾ ਵਿਚ 86.15 ਰੁਪਏ ਪ੍ਰਤੀ ਲਿਟਰ ਸੀ। ਸ਼ਨੀਵਾਰ ਨੂੰ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਹੋਈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੋ ਹਾਲਾਤ ਹਨ, ਉਸ ਨਾਲ ਲੱਗ ਰਿਹਾ ਹੈ ਕਿ ਕੱਚਾ ਤੇਲ ਜਲਦ ਹੀ 60 ਡਾਲਰ ਪ੍ਰਤੀ ਲਿਟਰ 'ਤੇ ਪਹੁੰਚ ਜਾਵੇਗਾ। ਵਿਸ਼ਲੇਸ਼ਕ ਐੱਮ. ਕੇ. ਤਨੇਜਾ ਨੇ ਕਿਹਾ ਕਿ ਅਜਿਹੇ ਵਿਚ ਜੇਕਰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘੱਟ ਨਾ ਕੀਤੀ ਗਈ ਤਾਂ ਇਨ੍ਹਾਂ ਦੀ ਕੀਮਤ ਨਵੀਂ ਉਚਾਈਆਂ ਛੂਹ ਸਕਦੀ ਹੈ। ਹਾਲਾਂਕਿ, ਚੀਨ ਵਿਚ ਕੋਰੋਨਾ ਦਾ ਇਕ ਵਾਰ ਫਿਰ ਜ਼ੋਰ ਪੈਣ ਨਾਲ ਉੱਥੇ ਤਾਲਾਬੰਦੀ ਲੱਗਣ ਦਾ ਖ਼ਦਸ਼ਾ ਵੱਧ ਰਿਹਾ ਹੈ। ਬ੍ਰਿਟੇਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਦੇ ਨਵੇਂ ਸਟ੍ਰੇਨ ਕਾਰਨ ਵੀ ਕਈ ਦੇਸ਼ ਯਾਤਰਾ ਪਾਬੰਦੀਆਂ ਕਰ ਰਹੇ ਹਨ, ਜਿਸ ਕਾਰਨ ਫਿਲਹਾਲ ਕੱਚੇ ਤੇਲ ਵਿਚ ਉਤਰਾਅ-ਚੜ੍ਹਾਅ ਚੱਲ ਰਿਹਾ ਹੈ।


Sanjeev

Content Editor

Related News