ਚੋਣਾਂ ਤੋਂ ਬਾਅਦ ਪੈਟਰੋਲ-ਡੀਜ਼ਲ ਦੇਣਗੇ ਵੱਡਾ ਝਟਕਾ, ਇੰਨੇ ਰੁਪਏ ਹੋ ਸਕਦੈ ਮਹਿੰਗਾ
Thursday, Feb 17, 2022 - 11:24 AM (IST)
ਨਵੀਂ ਦਿੱਲੀ (ਇੰਟ.) – ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਦੇ ਬਾਵਜੂਦ ਦੇਸ਼ ’ਚ ਪੈਟਰੋਲ-ਡੀਜ਼ਲ ਦੇ ਰੇਟ ਨਹੀਂ ਵਧ ਰਹੇ ਹਨ। ਇਸ ਦਾ ਅਸਰ ਤੇਲ ਕੰਪਨੀਆਂ ਦੀ ਕਮਾਈ ’ਤੇ ਪੈ ਰਿਹਾ ਹੈ। 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕੰਪਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਨਹੀਂ ਕਰ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਬਾਅਦ ਤੇਲ ਕੰਪਨੀਆਂ ਪੈਟਰੋਲ-ਡੀਜ਼ਲ ਦੇ ਰੇਟ 5-6 ਰੁਪਏ ਪ੍ਰਤੀ ਲਿਟਰ ਤੱਕ ਵਧਾ ਸਕਦੀਆਂ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਨਾ ਕਰਨ ਕਾਰਨ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜਿਹੇ ’ਚ ਉਨ੍ਹਾਂ ਲਈ ਤੌਰ ’ਤੇ ਮਾਰਜ਼ਨ ਬਣਾਈ ਰੱਖਣ ਦੇ ਲਿਹਾਜ ਨਾਲ ਕੀਮਤਾਂ ’ਚ 5-6 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕਰਨਾ ਜ਼ਰੂਰੀ ਹੋ ਗਿਆ ਹੈ। ਮਾਹਰਾਂ ਮੁਤਾਬਕ ਕੌਮਾਂਤਰੀ ਬਾਜ਼ਾਰ ’ਚ ਜੇ ਕੱਚੇ ਤੇਲ ਦੀਆਂ ਕੀਮਤਾਂ ਉੱਚ ਪੱਧਰ ’ਤੇ ਬਣੀਆਂ ਰਹਿੰਦੀਆਂ ਹਨ ਤਾਂ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ-ਡੀਜ਼ਲ ਦੇ ਰੇਟ ਜ਼ਰੂਰ ਵਧਣਗੇ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਰੁਜ਼ਗਾਰ ਤੇ ਕਾਰੋਬਾਰ ਸੰਕਟ ਮਗਰੋਂ ਹੁਣ 'ਸੋਨਾ' ਨਿਲਾਮ ਹੋਣ ਦੇ ਕੰਢੇ
ਜਾਣੋ ਕੀਮਤਾਂ ’ਤੇ ਕਿਵੇਂ ਹੁੰਦਾ ਹੈ ਅਸਰ
ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਪ੍ਰਬਲ ਸੇਨ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਦਾ ਅਸਰ ਘਰੇਲੂ ਬਾਜ਼ਾਰ ’ਚ ਵੀ ਦਿਖਾਈ ਦਿੰਦਾ ਹੈ। ਕੌਮਾਂਤਰੀ ਬਾਜ਼ਾਰ ’ਚ ਕੱਚਾ ਤੇਲ ਜੇ ਇਕ ਡਾਲਰ ਪ੍ਰਤੀ ਬੈਰਲ ਮਹਿੰਗਾ ਹੁੰਦਾ ਹੈ ਤਾਂ ਘਰੇਲੂ ਬਾਜ਼ਾਰ ’ਚ ਰੇਟ 45.47 ਪੈਸੇ ਪ੍ਰਤੀ ਲਿਟਰ ਤੱਕ ਵਧ ਜਾਂਦੇ ਹਨ ਪਰ ਵਿਦੇਸ਼ੀ ਬਾਜ਼ਾਰਾਂ ’ਚ ਕੱਚੇ ਤੇਲ ’ਚ ਤੇਜ਼ੀ ਦੇ ਬਾਵਜੂਦ ਘਰੇਲੂ ਬਾਜ਼ਾਰ ’ਚ ਦੀਵਾਲੀ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਨਵੰਬਰ ਤੋਂ ਬਾਅਦ ਕੱਚਾ ਤੇਲ 25 ਡਾਲਰ ਪ੍ਰਤੀ ਬੈਰਲ ਤੱਕ ਵਧ ਚੁੱਕਾ ਹੈ।
ਇਹ ਵੀ ਪੜ੍ਹੋ: Spicejet ਨੇ ਦਸੰਬਰ ਤਿਮਾਹੀ 'ਚ 42.45 ਕਰੋੜ ਰੁਪਏ ਦਾ ਮੁਨਾਫਾ ਕਮਾਇਆ
ਲਗਾਤਾਰ ਮਹਿੰਗਾ ਹੋ ਰਿਹਾ ਹੈ ਕਰੂਡ
ਰੂਸ ਅਤੇ ਯੂਕ੍ਰੇਨ ਦਰਮਿਆਨ ਤਨਾਅ ਜਾਰੀ ਰਹਿਣ ਕਾਰਨ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ ਮੰਗਲਵਾਰ ਨੂੰ 94 ਡਾਲਰ ਪ੍ਰਤੀ ਬੈਰਲ ਪਹੁੰਚ ਗਈ। ਸਾਲ 2014 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਰੂਡ ਦੀ ਕੀਮਤ ਇਸ ਪੱਧਰ ’ਤੇ ਪਹੁੰਚੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਰੂਸ ਅਤੇ ਯੂਕ੍ਰੇਨ ਦਰਮਿਆਨ ਤਨਾਅ ਬਣਿਆ ਰਹਿੰਦਾ ਹੈ ਤਾਂ ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਮਿਲੇਗਾ ਜਾਮ ਤੋਂ ਛੁਟਕਾਰਾ, ਫਾਸਟੈਗ ਰਾਹੀਂ ਵੀ ਜਮ੍ਹਾ ਹੋਵੇਗਾ ਗ੍ਰੀਨ ਟੈਕਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।