ਪੈਟਰੋਲ-ਡੀਜ਼ਲ ਹੋ ਸਕਦੈ ਸਸਤਾ, ਕੱਚਾ ਤੇਲ 10 ਫੀਸਦੀ ਡਿੱਗਾ

Sunday, Feb 11, 2018 - 04:03 PM (IST)

ਪੈਟਰੋਲ-ਡੀਜ਼ਲ ਹੋ ਸਕਦੈ ਸਸਤਾ, ਕੱਚਾ ਤੇਲ 10 ਫੀਸਦੀ ਡਿੱਗਾ

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਤੋਂ ਅਗਲੇ ਹਫਤੇ ਵੱਡੀ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਇਸ ਹਫਤੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਸਸਤਾ ਹੋਣ ਦੀ ਵਜ੍ਹਾ ਨਾਲ ਤੇਲ ਮਾਰਕੀਟਿੰਗ ਕੰਪਨੀਆਂ ਦੀ ਲਾਗਤ ਘਟੀ ਹੈ ਅਤੇ ਉਹ ਘਟੀ ਹੋਈ ਲਾਗਤ ਦਾ ਫਾਇਦਾ ਗਾਹਕਾਂ ਤਕ ਪਹੁੰਚਾਉਣ ਲਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰ ਸਕਦੀਆਂ ਹਨ। 

ਹਫਤੇ ਭਰ 'ਚ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ 10 ਫੀਸਦੀ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਬ੍ਰੈਂਟ ਕੱਚਾ ਤੇਲ ਦੀ ਗੱਲ ਕਰੀਏ ਤਾਂ 2 ਫਰਵਰੀ ਨੂੰ ਖਤਮ ਹੋਏ ਹਫਤੇ 'ਚ ਇਸ ਦਾ ਮੁੱਲ 70 ਡਾਲਰ ਦੇ ਉਪਰ ਸੀ ਪਰ 9 ਫਰਵਰੀ ਨੂੰ ਖਤਮ ਹਫਤੇ ਦੌਰਾਨ ਇਸ ਦਾ ਮੁੱਲ 62.79 ਡਾਲਰ ਪ੍ਰਤੀ ਬੈਰਲ ਦਰਜ ਕੀਤਾ ਗਿਆ। ਉੱਥੇ ਹੀ, ਡਬਲਿਊ. ਟੀ. ਆਈ. ਕੱਚਾ ਤੇਲ ਦਾ ਮੁੱਲ 2 ਫਰਵਰੀ ਨੂੰ 66 ਡਾਲਰ ਦੇ ਉਪਰ ਸੀ ਪਰ ਹੁਣ ਇਹ ਘੱਟ ਕੇ 59.20 ਡਾਲਰ 'ਤੇ ਆ ਗਿਆ ਹੈ।

ਕੌਮਾਂਤਰੀ ਬਾਜ਼ਾਰਾਂ 'ਚ ਵੱਖ-ਵੱਖ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਹਫਤੇ ਭਰ 'ਚ ਭਾਰਤੀ ਬਾਸਕਿਟ ਲਈ ਵੀ ਕੱਚਾ ਤੇਲ ਦਾ ਮੁੱਲ 10 ਫੀਸਦੀ ਤਕ ਘੱਟ ਹੋਣ ਦਾ ਅਨੁਮਾਨ ਹੈ। ਜਨਵਰੀ 'ਚ ਭਾਰਤੀ ਬਾਸਕਿਟ ਲਈ ਕੱਚੇ ਤੇਲ ਦਾ ਔਸਤ ਮੁੱਲ 67.06 ਡਾਲਰ ਪ੍ਰਤੀ ਬੈਰਲ ਹੋ ਗਿਆ ਸੀ, ਜੋ ਕਰੀਬ 38 ਮਹੀਨਿਆਂ 'ਚ ਸਭ ਤੋਂ ਜ਼ਿਆਦਾ ਮਾਸਿਕ ਔਸਤ ਮੁੱਲ ਹੈ ਪਰ ਹੁਣ ਇਹ ਮੁੱਲ ਘੱਟ ਕੇ 60-61 ਡਾਲਰ ਪ੍ਰਤੀ ਬੈਰਲ ਦੇ ਨੇੜੇ ਆ ਸਕਦਾ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਕਾਰਨ ਪੈਟਰੋਲ-ਡੀਜ਼ਲ ਸਸਤਾ ਹੋਣ ਦੀ ਉਮੀਦ ਵਧ ਗਈ ਹੈ।


Related News