ਪੈਟਰੋਲ-ਡੀਜ਼ਲ 'ਤੇ ਸਰਕਾਰ ਲੈਣ ਜਾ ਰਹੀ ਹੈ ਵੱਡਾ ਫੈਸਲਾ, ਡਿਊਟੀ 'ਚ ਵੀ ਹੋਵੇਗਾ ਵਾਧਾ

04/22/2020 11:12:24 AM

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਚ ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਕੱਚੇ ਤੇਲ ਦੀ ਕੀਮਤ 'ਚ ਰਿਕਾਰਡ ਗਿਰਾਵਟ ਆਉਣ ਤੋਂ ਬਾਅਦ ਹੁਣ ਬ੍ਰੈਂਟ ਕਰੂਡ ਦੀ ਕੀਮਤ 'ਚ ਭਾਰੀ ਗਿਰਾਵਟ ਸ਼ੁਰੂ ਹੋ ਗਈ ਹੈ।

ਬੁੱਧਵਾਰ ਨੂੰ ਕਾਰੋਬਾਰ ਦੌਰਾਨ ਬ੍ਰੈਂਟ ਕਰੂਡ ਦੀ ਕੀਮਤ 17.23 ਫੀਸਦੀ ਦੀ ਗਿਰਾਵਟ ਨਾਲ 16 ਡਾਲਰ ਪ੍ਰਤੀ ਬੈਰਲ 'ਤੇ ਜਾ ਪਹੁੰਚੀ। ਕੱਚੇ ਦੀ ਕੀਮਤ 'ਚ ਆਈ ਇਸ ਭਾਰੀ ਗਿਰਾਵਟ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਤੇਲ ਦੀ ਰਣਨੀਤੀ 'ਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ।

PunjabKesari

ਸੂਤਰਾਂ ਅਨੁਸਾਰ, ਭਾਰਤ ਜਿੱਥੇ ਕੱਚੇ ਤੇਲ ਦੇ ਭੰਡਾਰ ਨੂੰ ਵਧਾਏਗਾ, ਉੱਥੇ ਹੀ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਇਕ ਵਾਰ ਫਿਰ ਵਧਾਈ ਜਾ ਸਕਦੀ ਹੈ। ਇਹ ਵਾਧਾ 2 ਰੁਪਏ ਪ੍ਰਤੀ ਲੀਟਰ ਤੱਕ ਹੋ ਸਕਦਾ ਹੈ। 14 ਮਾਰਚ ਨੂੰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਨਾਲ ਸਰਕਾਰੀ ਖਜ਼ਾਨੇ 'ਚ ਤਕਰੀਬਨ 39,000 ਕਰੋੜ ਰੁਪਏ ਦਾ ਵਾਧਾ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਕ ਸਰਕਾਰੀ ਅਧਿਕਾਰੀ ਅਨੁਸਾਰ, ਇਸ ਸੰਬੰਧ 'ਚ ਬੈਠਕਾਂ ਸ਼ੁਰੂ ਹੋ ਗਈਆਂ ਹਨ। ਸਰਕਾਰ ਨੂੰ ਇਸ ਸਮੇਂ ਪੈਸੇ ਦੀ ਜ਼ਰੂਰਤ ਹੈ, ਅਜਿਹੇ 'ਚ ਜਲਦ ਹੀ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ।

PunjabKesari

ਸਸਤੇ ਕੱਚੇ ਤੇਲ ਦਾ ਭਾਰਤ ਨੂੰ ਕਿੰਨਾ ਫਾਇਦਾ-
ਇਸ ਸਮੇਂ ਭਾਰਤ ਕੋਲ 9 ਦਿਨਾਂ ਦੇ ਰਣਨੀਤਕ ਰਿਜ਼ਰਵ ਦੀ ਸਮਰੱਥਾ ਹੈ, ਜਿਸ ਦੀ ਸਟੋਰਜ਼ ਲਈ ਸਿਰਫ ਤਿੰਨ ਭੰਡਾਰ ਸਥਾਨ ਵਿਸ਼ਾਖਾਪਟਨਮ, ਪਡੂਰ ਤੇ ਮੰਗਲੁਰੂ ਹਨ। ਹੁਣ ਕੱਚਾ ਤੇਲ ਸਸਤਾ ਹੋਣ ਵਿਚਕਾਰ ਸਰਕਾਰ ਦਾ ਟੀਚਾ ਹੈ ਕਿ ਤੇਲ ਭੰਡਾਰ ਦੀ ਸਮਰੱਥਾ ਨੂੰ 5.33 ਤੋਂ ਵਧਾ ਕੇ 11.5 ਮਿਲੀਅਨ ਟਨ ਕਰ ਦਿੱਤਾ ਜਾਵੇ। ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਕੋਲ ਇਹ ਸੁਨਹਿਰੀ ਮੌਕਾ ਹੈ ਕਿ ਜਲਦ ਭੰਡਾਰਣ ਦੀ ਸਮਰੱਥਾ ਵਧਾ ਲਈ ਜਾਵੇ। ਇਸ ਵਕਤ ਕੱਚਾ ਤੇਲ ਕਾਫੀ ਸਸਤਾ ਹੈ ਪਰ ਭਾਰਤ ਕੋਲ ਰੱਖਣ ਦੀ ਜਗ੍ਹਾ ਨਹੀਂ ਹੈ ਅਤੇ ਯਾਤਰਾ 'ਤੇ ਲਾਕਡਾਊਨ ਕਾਰਨ ਪੰਪ ਵੀ ਪਹਿਲਾਂ ਹੀ ਤੇਲ ਨਾਲ ਭਰੇ ਪਏ ਹਨ। ਇਸ ਕਾਰਨ ਕੱਚਾ ਤੇਲ ਸਸਤਾ ਹੋਣ ਦਾ ਭਾਰਤ ਨੂੰ ਫਿਲਹਾਲ ਇੰਨਾ ਫਾਇਦਾ ਨਹੀਂ ਹੈ, ਜਿੰਨਾ ਹਾਸਲ ਕਰ ਸਕਦਾ ਸੀ।

ਉੱਥੇ ਹੀ, ਚੀਨ ਦੀ ਗੱਲ ਕਰੀਏ ਤਾਂ ਉਸ ਕੋਲ 90 ਮਿਲੀਅਨ ਟਨ ਰਣਨੀਤਕ ਰਿਜ਼ਰਵ ਦੀ ਸਮਰੱਥਾ ਹੈ, ਜਦੋਂ ਵੀ ਕੀਮਤਾਂ ਘੱਟ ਹੁੰਦੀਆਂ ਹਨ ਤਾਂ ਚੀਨ ਇਨ੍ਹਾਂ ਰਿਜ਼ਰਵ ਨੂੰ ਭਰ ਦਿੰਦਾ ਹੈ। ਇਸ ਨਾਲ ਕੌਮਾਂਤਰੀ ਬਾਜ਼ਾਰ 'ਚ ਉਛਾਲ ਹੋਣ 'ਤੇ ਘਰੇਲੂ ਕੀਮਤਾਂ ਨੂੰ ਬੈਲੰਸ ਰੱਖਣ 'ਚ ਮਦਦ ਮਿਲਦੀ ਹੈ।

PunjabKesari

ਡਿਊਟੀ ਵਧਣ ਨਾਲ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ?
ਸਰਕਾਰੀ ਅਧਿਕਾਰੀ ਅਨੁਸਾਰ, ਭਾਰਤ ਬ੍ਰੈਂਟ ਕਰੂਡ ਦੀ ਦਰਾਮਦ ਕਰਦਾ ਹੈ। ਇਸ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਜਾਰੀ ਹੈ ਪਰ ਇਸ ਦੇ ਬਾਵਜੂਦ ਤੇਲ ਕੰਪਨੀਆਂ ਨੇ ਪਿਛਲੇ ਪੰਦਰਵਾੜੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਚ ਕਟੌਤੀ ਨਹੀਂ ਕੀਤੀ। ਪਿਛਲੇ ਦਿਨੀਂ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਜੋ ਕਟੌਤੀ ਕੀਤੀ ਗਈ ਸੀ ਉਹ ਕਰੂਡ ਦੀਆਂ ਡਿੱਗ ਰਹੀਆਂ ਕੀਮਤਾਂ ਦੇ ਅਨੁਪਾਤ 'ਚ ਕਾਫ਼ੀ ਘੱਟ ਸੀ। ਇਹ ਤੇਲ ਨੂੰ ਲੈ ਕੇ ਸਰਕਾਰ ਦੀ ਰਣਨੀਤੀ ਦਾ ਇਕ ਹਿੱਸਾ ਹੈ। ਐਕਸਾਈਜ਼ ਡਿਊਟੀ 'ਚ ਵਾਧੇ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋਇਆ ਕਿਉਂਕਿ ਤੇਲ ਕੰਪਨੀਆਂ ਨੂੰ ਇਸ ਦੀ ਜ਼ਰੂਰਤ ਨਹੀਂ ਪਈ। ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਇਸ ਦੀ ਦਰਾਮਦ ਸਸਤੀ ਹੋਈ ਹੈ। ਉੱਥੇ ਹੀ, ਐਕਸਾਈਜ਼ ਡਿਊਟੀ 'ਚ ਇਕ ਹੋਰ ਵਾਧੇ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਚ ਵਾਧਾ ਨਹੀਂ ਹੋਵੇਗਾ। ਤੇਲ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ਜਿਸ ਹਿਸਾਬ ਨਾਲ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹਨ ਅਤੇ ਡਿੱਗ ਰਹੀਆਂ ਹਨ, ਉਸ ਹਿਸਾਬ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 4 ਤੋਂ 5 ਰੁਪਏ ਦੀ ਕਟੌਤੀ ਦੀ ਗੁੰਜਾਇਸ਼ ਬਣਦੀ ਹੈ। ਜੇਕਰ ਸਰਕਾਰ ਐਕਸਾਈਜ਼ ਡਿਊਟੀ ਵਧਾਉਂਦੀ ਹੈ ਤਾਂ ਇਸ ਦਾ ਤੇਲ ਕੰਪਨੀਆਂ 'ਤੇ ਕੋਈ ਅਸਰ ਨਹੀਂ ਪਵੇਗਾ।

PunjabKesari


Sanjeev

Content Editor

Related News