IPO ਦੇ ਜ਼ਰੀਏ ਪੇਟੀਐਮ ਦੀ 16,600 ਕਰੋੜ ਰੁਪਏ ਇਕੱਠਾ ਕਰਨ ਦੀ ਯੋਜਨਾ, ਸੇਬੀ ਤੋਂ ਮਿਲੀ ਮਨਜ਼ੂਰੀ
Friday, Oct 22, 2021 - 09:01 PM (IST)
ਨਵੀਂ ਦਿੱਲੀ - ਡਿਜੀਟਲ ਪੇਮੈਂਟ ਅਤੇ ਫਾਈਨੈਂਸ਼ੀਅਲ ਸਰਵਿਸ ਫਰਮ ਪੇਟੀਐਮ ਨੂੰ ਇਨੀਸ਼ੀਅਲ ਪਬਲਿਕ ਆਫਰ (IPO) ਲਈ ਮਾਰਕੀਟ ਰੈਗੁਲੇਟਰ ਸਕਿਓਰਟੀ ਬੋਰਡ ਐਕਸਚੇਂਜ ਆਫ ਇੰਡੀਆ (SEBI) ਦੀ ਮਨਜ਼ੂਰੀ ਮਿਲ ਗਈ ਹੈ। IPO ਦੇ ਜ਼ਰੀਏ ਪੇਟੀਐਮ ਦੀ 16,600 ਕਰੋੜ ਰੁਪਏ ਇਕੱਠਾ ਕਰਨ ਦੀ ਯੋਜਨਾ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਕੰਪਨੀ ਨਵੰਬਰ ਦੇ ਮੱਧ ਤੱਕ ਸੂਚੀਬੱਧ ਹੋ ਸਕਦੀ ਹੈ।
ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO ਲੈ ਕੇ ਆ ਰਿਹਾ ਪੇਟੀਐਮ ਜੇਕਰ ਆਪਣੇ 16,600 ਕਰੋੜ ਰੁਪਏ ਦੇ ਟੀਚੇ ਨੂੰ ਪੂਰਾ ਕਰ ਲੈਂਦਾ ਹੈ, ਤਾਂ ਇਹ 2013 ਵਿੱਚ ਕੋਲ ਇੰਡੀਆ ਲਿਮਟਿਡ ਦੇ ਇਕੱਠੇ ਕੀਤੇ ਗਏ 15,000 ਕਰੋੜ ਰੁਪਏ ਤੋਂ ਅੱਗੇ ਨਿਕਲ ਜਾਵੇਗਾ।
ਤਾਜ਼ਾ ਇਕੁਇਟੀ ਅਤੇ ਵਿਕਰੀ ਲਈ ਪੇਸ਼ਕਸ਼ ਰਾਹੀਂ ਫੰਡ ਜੁਟਾਏਗਾ
ਪੇਟੀਐਮ ਦੀ ਯੋਜਨਾ ਨਵੀਂ ਇਕੁਇਟੀ ਰਾਹੀਂ 8,300 ਕਰੋੜ ਰੁਪਏ ਅਤੇ ਆਫਰ-ਫਾਰ-ਸੇਲ ਰਾਹੀਂ 8,300 ਕਰੋੜ ਰੁਪਏ ਇਕੱਠੇ ਕਰਨ ਦੀ ਹੈ। ਪੇਟੀਐਮ ਦੇ ਫਾਉਂਡਰ ਵਿਜੇ ਸ਼ੇਖਰ ਸ਼ਰਮਾ ਅਤੇ ਅਲੀਬਾਬਾ ਗਰੁੱਪ ਦੀਆਂ ਕੰਪਨੀਆਂ ਪ੍ਰਸਤਾਵਿਤ ਆਫਰ-ਫਾਰ-ਸੇਲ ਵਿੱਚ ਆਪਣੀ ਕੁੱਝ ਹਿੱਸੇਦਾਰੀ ਘਟਾਉਣਗੀਆਂ। ਡਰਾਫਟ ਰੈਡ ਹੈਰਿੰਗ ਪ੍ਰਾਸਪੈਕਟਸ (DRHP) ਵਿੱਚ ਕੰਪਨੀ ਦੇ ਸ਼ੇਅਰ ਦੀ ਕੀਮਤ ਅਤੇ ਕਿਸੇ ਵੀ ਸ਼ੇਅਰਧਾਰਕ ਦੀ ਹਿੱਸੇਦਾਰੀ ਘੱਟ ਕਰਨ ਦੇ ਫ਼ੀਸਦੀ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅਲੀਬਾਬਾ ਦੇ ਐਂਟ ਗਰੁੱਪ ਦੀ 29.71% ਹਿੱਸੇਦਾਰੀ
ਪੇਟੀਐਮ ਦੇ ਸ਼ੇਅਰ ਹੋਲਡਰਾਂ ਵਿੱਚ ਅਲੀਬਾਬਾ ਦਾ ਐਂਟ ਗਰੁੱਪ (29.71%), ਸਾਫਟਬੈਂਕ ਵਿਜਨ ਫੰਡ (19.63%), ਸੈਫ ਪਾਰਟਨਰਾਂ (18.56%) ਅਤੇ ਵਿਜੇ ਸ਼ੇਖਰ ਸ਼ਰਮਾ (14.67%) ਸ਼ਾਮਲ ਹਨ। ਕੰਪਨੀ ਵਿੱਚ ਏ.ਜੀ.ਐੱਚ. ਹੋਲਡਿੰਗ, ਟੀ ਰੋ ਪ੍ਰਾਈਜ਼, ਡਿਸਕਵਰੀ ਕੈਪਿਟਲ ਅਤੇ ਬਰਕਸ਼ਾਇਰ ਹੈਥਵੇ ਦੀ 10% ਤੋਂ ਵੀ ਘੱਟ ਹਿੱਸੇਦਾਰੀ ਹੈ।
ਇਹ ਨਿਵੇਸ਼ਕ ਆਪਣੀ ਹਿੱਸੇਦਾਰੀ ਘੱਟ ਕਰਨਗੇ
ਡਾਕਿਉਮੈਂਟ ਦੇ ਅਨੁਸਾਰ ਹਿੱਸੇਦਾਰੀ ਵੇਚਣ ਵਾਲੇ ਨਿਵੇਸ਼ਕਾਂ ਵਿੱਚ ਐਂਟਫਿਨ (ਨੀਦਰਲੈਂਡਸ) ਹੋਲਡਿੰਗ BV, ਅਲੀਬਾਬਾ ਡਾਟ ਕੌਮ ਸਿੰਗਾਪੁਰ ਈ-ਕਾਮਰਸ ਪ੍ਰਾਈਵੇਟ ਲਿਮਟਿਡ, ਐਲਿਵੇਸ਼ਨ ਕੈਪਿਟਲ V FII ਹੋਲਡਿੰਗਜ਼ ਲਿਮਟਿਡ, ਐਲਿਵੇਸ਼ਨ ਕੈਪਿਟਲ V ਲਿਮਟਿਡ, ਸੈਫ III ਮਾਰੀਸ਼ਸ ਕੰਪਨੀ ਲਿਮਟਿਡ, ਸੈਫ ਪਾਰਟਨਰਜ਼ ਇੰਡੀਆ IV ਲਿਮਟਿਡ, SVF ਪੈਂਥਰ (ਕੇਮੈਨ) ਲਿਮਟਿਡ ਅਤੇ BH ਇੰਟਰਨੈਸ਼ਨਲ ਹੋਲਡਿੰਗਜ਼ ਸ਼ਾਮਲ ਹਨ।
ਆਈ.ਪੀ.ਓ. ਦੇ ਲੀਡ ਬੁੱਕ-ਰਨਿੰਗ ਮੈਨੇਜਰ
ਡਰਾਫਟ ਪ੍ਰਾਸਪੈਕਟਸ ਦੇ ਅਨੁਸਾਰ ਪੇਟੀਐਮ IPO ਦੇ ਲੀਡ ਬੁੱਕ-ਰਨਿੰਗ ਮੈਨੇਜਰ ਜੇ.ਪੀ. ਮਾਰਗਨ ਚੇਸ, ਮਾਰਗਨ ਸਟੇਨਲੀ, ICICI ਸਕਿਓਰਟੀਜ਼, ਗੋਲਡਮੈਨ ਸੈਕਸ, ਐਕਸਿਸ ਕੈਪਿਟਲ, ਸਿਟੀ ਅਤੇ HDFC ਬੈਂਕ ਹਨ।
ਪੇਮੈਂਟ ਇਕੋਸਿਸਟਮ ਨੂੰ ਮਜਬੂਤ ਕੀਤਾ ਜਾਵੇਗਾ
ਪੇਟੀਐਮ ਦੀ ਮੂਲ ਕੰਪਨੀ ਵਨ 97 ਕਮਿਊਨਿਕੇਸ਼ਨ ਲਿਮਟਿਡ ਨੇ ਕਿਹਾ ਕਿ ਆਈ.ਪੀ.ਓ. ਦੀ ਕਮਾਈ ਇਸ ਦੇ ਭੁਗਤਾਨ ਵਾਤਾਵਰਣ ਨੂੰ ਮਜ਼ਬੂਤਕਰਨ ਅਤੇ ਨਵੇਂ ਕਾਰੋਬਾਰੀ ਉੱਦਮਾਂ ਲਈ ਵਰਤੀ ਜਾਏਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।