ਓਰੀਐਂਟ ਇਲੈਕਟ੍ਰਿਕ ਦੀ ਸਮਾਰਟ ਬਲੱਬ, ਟਿਊਬਲਾਈਟ ਪੇਸ਼ ਕਰਨ ਦੀ ਯੋਜਨਾ

09/15/2019 4:08:48 PM

ਨਵੀਂ ਦਿੱਲੀ—ਸੀ. ਕੇ. ਬਿਡਲਾ ਦੀ ਕੰਪਨੀ ਓਰੀਐਂਟ ਇਲੈਕਟ੍ਰਿਕ ਦੀ ਉਪਭੋਗਤਾ ਅਤੇ ਵਪਾਰਕ ਪੱਧਰ 'ਤੇ ਵਰਤੋਂ ਹੋਣ ਵਾਲੇ ਬਲੱਬ ਅਤੇ ਟਿਊਬਲਾਈਟ (ਲਾਈਟਿੰਗ) ਨੂੰ ਸਮਾਰਟ ਬਣਾਉਣ ਦੀ ਯੋਜਨਾ ਹੈ। ਕੰਪਨੀ ਇਸ ਦੇ ਤਹਿਤ ਇੰਟਰਨੈੱਟ ਆਫ ਥਿੰਗਸ (ਆਈ.ਓ.ਟੀ.) 'ਤੇ ਆਧਾਰਿਤ ਉਤਪਾਦ ਪੇਸ਼ ਕਰੇਗੀ। ਕੰਪਨੀ ਫਿਲਹਾਲ ਇਸ ਤਕਨਾਲੋਜੀ 'ਤੇ ਆਧਾਰਿਤ ਪੱਖੇ, ਕੂਲਰ ਅਤੇ ਵਾਟਰ ਹੀਟਰ ਵਰਗੇ ਉਪਕਰਣ ਬਣਾ ਰਹੀ ਹੈ। ਓਰੀਐਂਟ ਇਲੈਕਟ੍ਰਿਕ ਨੇ ਉਪਕਰਣ ਬਣਾਉਣ ਵਾਲੀ ਇਟਲੀ ਦੀ ਡੀ ਲੋਂਗੀ ਗਰੁੱਪ ਦੇ ਨਾਲ ਹਿੱਸੇਦਾਰੀ ਕੀਤੀ ਹੈ। ਕੰਪਨੀ ਦੇ ਮਹਿੰਗੇ ਬ੍ਰਾਂਡ ਡੀ ਲੋਂਗੀ, ਨੀਵੁਡ ਅਤੇ ਵਰੁਣ ਨੂੰ ਮਹਾਨਗਰਾਂ ਦੇ ਇਲਾਵਾ ਮੱਧ ਸ਼ਹਿਰਾਂ 'ਚ ਪੇਸ਼ ਕਰਨ ਦੀ ਯੋਜਨਾ ਹੈ। ਓਰੀਐਂਟ ਇਲੈਕਟ੍ਰਿਕ ਦੇ ਮੁੱਖ ਕਾਰਜਪਾਲਕ ਅਧਿਕਾਰੀ ਰਾਕੇਸ਼ ਖੰਨਾ ਨੇ ਕਿਹਾ ਕਿ ਅਸੀਂ ਛੇਤੀ ਹੀ ਉਪਭੋਗਤਾ ਅਤੇ ਵਪਾਰਕ ਪੱਧਰ 'ਤੇ ਟਿਊਬਲਾਈਟ, ਬਲੱਬ ਵਰਗੇ ਪ੍ਰਕਾਸ਼ ਵਾਲੇ ਉਤਪਾਦਾਂ ਨੂੰ ਸਮਾਰਟ ਬਣਾਵਾਂਗੇ। ਅਸੀਂ ਆਉਣ ਵਾਲੇ ਸਮੇਂ 'ਚ ਮੌਜੂਦਾ ਉਤਪਾਦਾਂ ਦਾ ਦਾਇਰਾ ਵਧਾਵਾਂਗੇ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਸਾਡਾ ਇਰਾਦਾ ਮੌਜੂਦਾ ਉਤਪਾਦਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਹੈ। ਇਸ ਦਾ ਕਾਰਨ ਆਈ.ਓ.ਟੀ. ਆਧਾਰਿਤ ਉਤਪਾਦਾਂ ਦੇ ਮਾਮਲੇ 'ਚ ਪੂਰਾ ਮੌਕਾ ਅਤੇ ਸੰਭਾਵਨਾ ਦਾ ਹੋਣਾ ਹੈ। ਖੰਨਾ ਨੇ ਕਿਹਾ ਕਿ ਕੰਪਨੀ ਉਪਭੋਗਤਾ ਕੇਂਦਰਿਤ ਸਮਾਰਟ ਉਤਪਾਦ ਬਣਾਉਣ ਲਈ ਸਥਾਪਿਤ ਕੰਪਨੀਆਂ ਅਤੇ ਨਵੇਂ ਸਟਾਰਟਅਪ ਦੇ ਨਾਲ ਕੰਮ ਕਰ ਰਹੀ ਹੈ। ਵਿੱਤੀ ਸਾਲ 2018-19 'ਚ ਓਰੀਐਂਟਲ ਇਲੈਕਟ੍ਰਿਕ ਨੂੰ 1,864 ਕਰੋੜ ਰੁਪਏ ਦੀ ਆਮਦਨ ਹੋਈ।


Aarti dhillon

Content Editor

Related News