Oracle ਨੇ 12,000 ਭਾਰਤੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ, ਅਗਲੇ ਮਹੀਨੇ ਹੋ ਸਕਦੀ ਹੈ ਹੋਰ ਛਾਂਟੀ
Wednesday, Apr 01, 2026 - 02:19 AM (IST)
ਨਵੀਂ ਦਿੱਲੀ : ਆਈ.ਟੀ. ਦੇ ਖੇਤਰ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਆਈ.ਟੀ. ਦਿੱਗਜ ਕੰਪਨੀ ਓਰੇਕਲ (Oracle) ਨੇ ਭਾਰਤ ਵਿੱਚ ਵੱਡੇ ਪੱਧਰ 'ਤੇ ਛਾਂਟੀ ਕਰਦਿਆਂ ਲਗਭਗ 12,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਪ੍ਰਭਾਵਿਤ ਕਰਮਚਾਰੀਆਂ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਹੈ ਕਿ ਸੰਗਠਨਾਤਮਕ ਬਦਲਾਅ ਅਤੇ ਸੰਚਾਲਨ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਉਨ੍ਹਾਂ ਦੇ ਅਹੁਦਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਅਗਲੇ ਮਹੀਨੇ ਹੋ ਸਕਦੀ ਹੈ ਹੋਰ ਛਾਂਟੀ
ਭਾਰਤ ਵਿੱਚ ਓਰੇਕਲ ਦੇ ਕੋਲ ਕੁੱਲ 30,000 ਦੇ ਕਰੀਬ ਕਰਮਚਾਰੀ ਸਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਨੂੰ ਹੁਣ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਪ੍ਰਭਾਵਿਤ ਮੁਲਾਜ਼ਮਾਂ ਅਨੁਸਾਰ ਕੰਪਨੀ ਆਉਣ ਵਾਲੇ ਇੱਕ ਮਹੀਨੇ ਦੇ ਅੰਦਰ ਛਾਂਟੀ ਦਾ ਇੱਕ ਹੋਰ ਵੱਡਾ ਦੌਰ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ 'ਤੇ ਓਰੇਕਲ ਹੁਣ ਤੱਕ ਲਗਭਗ 30,000 ਕਰਮਚਾਰੀਆਂ ਨੂੰ ਕੱਢ ਚੁੱਕੀ ਹੈ।
ਕੀ ਹੈ ਕੰਪਨੀ ਦਾ 'ਮੁਆਵਜ਼ਾ ਪੈਕੇਜ'?
ਕੰਪਨੀ ਨੇ ਨੌਕਰੀਓਂ ਕੱਢੇ ਗਏ ਕਰਮਚਾਰੀਆਂ ਲਈ ਇੱਕ ਖਾਸ ਮੁਆਵਜ਼ਾ ਪੈਕੇਜ ਦਾ ਐਲਾਨ ਕੀਤਾ ਹੈ:
- ਇੱਕ ਸਾਲ ਜਾਂ ਇਸ ਤੋਂ ਵੱਧ ਸੇਵਾ ਪੂਰੀ ਕਰਨ ਵਾਲੇ ਮੁਲਾਜ਼ਮਾਂ ਨੂੰ 15 ਦਿਨਾਂ ਦੀ ਤਨਖਾਹ।
- ਸਮਾਪਤੀ ਦੀ ਮਿਤੀ ਤੱਕ ਇੱਕ ਮਹੀਨੇ ਦੀ (ਬਿਨਾਂ ਭੁਗਤਾਨ ਵਾਲੀ) ਤਨਖਾਹ।
- ਛੁੱਟੀਆਂ ਦਾ ਨਕਦੀਕਰਨ ਅਤੇ ਗ੍ਰੈਚੁਟੀ।
- ਇੱਕ ਮਹੀਨੇ ਦੇ ਨੋਟਿਸ ਪੀਰੀਅਡ ਦੀ ਤਨਖਾਹ।
- ਜਿਹੜੇ ਕਰਮਚਾਰੀ ਖੁਦ ਸਵੈ-ਇੱਛਾ ਨਾਲ ਅਸਤੀਫ਼ਾ ਦਿੰਦੇ ਹਨ, ਉਨ੍ਹਾਂ ਨੂੰ ਦੋ ਮਹੀਨਿਆਂ ਦੀ ਵਾਧੂ ਟਾਪ-ਅੱਪ ਤਨਖਾਹ ਦਿੱਤੀ ਜਾਵੇਗੀ।
ਅਮਰੀਕਾ 'ਚ ਬੈਠੇ ਭਾਰਤੀਆਂ 'ਤੇ ਵੀ ਅਸਰ
ਸਿਰਫ਼ ਭਾਰਤ ਹੀ ਨਹੀਂ, ਸਗੋਂ ਅਮਰੀਕਾ ਵਿੱਚ ਕੰਮ ਕਰ ਰਹੇ ਜ਼ਿਆਦਾਤਰ ਭਾਰਤੀ ਕਰਮਚਾਰੀਆਂ 'ਤੇ ਵੀ ਇਸ ਦਾ ਅਸਰ ਪਿਆ ਹੈ। ਇੱਕ ਸਾਬਕਾ ਕਰਮਚਾਰੀ ਨੇ ਦੱਸਿਆ ਕਿ ਉੱਥੋਂ ਦੀ ਸਖ਼ਤ ਕਾਨੂੰਨੀ ਵਿਵਸਥਾ ਕਾਰਨ ਸਥਾਨਕ ਲੋਕਾਂ ਦੀ ਬਜਾਏ ਭਾਰਤੀ ਮੂਲ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ, ਓਰੇਕਲ ਨੇ ਹੁਣ ਤੱਕ ਇਸ ਪੂਰੇ ਮਾਮਲੇ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।
ਟੈੱਕ ਸੈਕਟਰ 'ਚ ਕਿਉਂ ਹੋ ਰਹੀ ਹੈ ਛਾਂਟੀ?
ਆਈ.ਟੀ. ਸੈਕਟਰ ਵਿੱਚ ਇਹ ਛਾਂਟੀ ਗਲੋਬਲ ਲਾਗਤ ਕਟੌਤੀ ਦੀ ਮੁਹਿੰਮ ਦਾ ਹਿੱਸਾ ਮੰਨੀ ਜਾ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਕਾਰਨ ਕੰਪਨੀਆਂ ਆਪਣੇ ਵਰਕਫੋਰਸ ਦਾ ਪੁਨਰਗਠਨ ਕਰ ਰਹੀਆਂ ਹਨ, ਜਿਸ ਕਾਰਨ ਹਜ਼ਾਰਾਂ ਨੌਕਰੀਆਂ ਜਾ ਰਹੀਆਂ ਹਨ। ਅੰਕੜਿਆਂ ਮੁਤਾਬਕ ਸਾਲ 2026 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਗਲੋਬਲ ਟੈੱਕ ਸੈਕਟਰ ਵਿੱਚ 40,000 ਤੋਂ 60,000 ਤੋਂ ਵੱਧ ਨੌਕਰੀਆਂ ਜਾ ਚੁੱਕੀਆਂ ਹਨ।
