ਜੀ. ਐੱਸ. ਟੀ. ''ਤੇ ਲੋਕ ਸਭਾ ''ਚ ਅੱਜ ਹੋਵੇਗੀ ਚਰਚਾ

03/29/2017 11:46:31 AM

ਨਵੀਂ ਦਿੱਲੀ— ਬੁੱਧਵਾਰ ਨੂੰ ਲੋਕ ਸਭਾ ''ਚ ਜੀ. ਐੱਸ. ਟੀ. ਨਾਲ ਜੁੜੇ ਚਾਰ ਬਿੱਲਾਂ ''ਤੇ ਚਰਚਾ ਹੋਵੇਗੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਚਾਰ ਬਿੱਲ ਸੋਮਵਾਰ ਨੂੰ ਸੰਸਦ ਦੇ ਇਸ ਹੇਠਲੇ ਸਦਨ ''ਚ ਪੇਸ਼ ਕੀਤੇ ਸਨ। ਖਬਰਾਂ ਮੁਤਾਬਕ, ਲੋਕ ਸਭਾ ਸਪੀਕਰ ਨੇ ਟੈਕਸ ਸੁਧਾਰ ਬਿੱਲ ''ਤੇ ਚਰਚਾ ਲਈ 7 ਘੰਟੇ ਦਿੱਤੇ ਹਨ। ਵਿੱਤ ਮੰਤਰੀ ਨੇ ਕੇਂਦਰੀ, ਕੇਂਦਰ ਸ਼ਾਸਤ, ਏਕੀਕ੍ਰਿਤ ਅਤੇ ਮੁਆਵਜ਼ਾ ਜੀ. ਐੱਸ. ਟੀ. ਬਿੱਲਾਂ ਨੂੰ ਇਕੱਠੇ ਸਦਨ ਦੇ ਪਟਲ ''ਤੇ ਰੱਖਿਆ ਹੈ। 

ਉੱਥੇ ਹੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ''ਚ ਹੋਈ ਪਾਰਟੀ ਸਾਂਸਦਾਂ ਦੀ ਮੀਟਿੰਗ ''ਚ ਤੈਅ ਕੀਤਾ ਗਿਆ ਹੈ ਕਿ ਜੀ. ਐੱਸ. ਟੀ. ਬਿੱਲ ''ਤੇ ਲੋਕ ਸਭਾ ''ਚ ਸੋਧ ਪ੍ਰਸਤਾਵ ਲਿਆਇਆ ਜਾਵੇ। ਹਾਲਾਂਕਿ ਕਾਂਗਰਸ ਪੂਰੀ ਤਰ੍ਹਾਂ ਨਾਲ ਜੀ. ਐੱਸ. ਟੀ. ਦਾ ਵਿਰੋਧ ਨਹੀਂ ਕਰੇਗੀ ਪਰ ਸਾਂਸਦ ਚਰਚਾ ਦੌਰਾਨ ਕੁਝ ਪ੍ਰਸਤਾਵਾਂ ਨੂੰ ਲੈ ਕੇ ਪਾਰਟੀ ਦੀ ਚਿੰਤਾ ਪ੍ਰਗਟ ਕਰਨਗੇ। ਦਰਅਸਲ, ਲੋਕ ਸਭਾ ''ਚ ਪਾਸ ਹੋਣ ਤੋਂ ਬਾਅਦ ਜੀ. ਐੱਸ. ਟੀ. ਬਿੱਲ ਰਾਜ ਸਭਾ ''ਚ ਆ ਕੇ ਧਨ ਬਿੱਲ ਦਾ ਰੂਪ ਧਾਰਨ ਕਰ ਲਵੇਗਾ ਅਤੇ ਇੱਥੇ ਵਿਰੋਧੀ ਧਿਰ ਦੀ ਭੂਮਿਕਾ ਸੀਮਤ ਹੋ ਜਾਵੇਗੀ। 

ਇਨ੍ਹਾਂ ਬਿੱਲਾਂ ''ਚ ਵਧ ਤੋਂ ਵਧ 40 ਫੀਸਦੀ ਜੀ. ਐੱਸ. ਟੀ. ਦਰ (20 ਫੀਸਦੀ ਕੇਂਦਰੀ ਜੀ. ਐੱਸ. ਟੀ. ਅਤੇ 20 ਫੀਸਦੀ ਸੂਬਾ ਜੀ. ਐੱਸ. ਟੀ) ਤੋਂ ਇਲਾਵਾ ਟੈਕਸ ਚੋਰੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਦਾ ਵੀ ਪ੍ਰਬੰਧ ਹੈ। 5 ਕਰੋੜ ਤੋਂ ਉੱਪਰ ਦੀ ਟੈਕਸ ਚੋਰੀ ਗੈਰ ਜ਼ਮਾਨਤੀ ਹੋਵੇਗੀ, ਇਸ ''ਚ 5 ਸਾਲ ਤਕ ਜੇਲ ਦਾ ਪ੍ਰਬੰਧ ਹੈ। ਟੈਕਸ ਭੁਗਤਾਨ ਦੀ ਦੇਰੀ ''ਤੇ ਵਧ ਤੋਂ ਵਧ 18 ਫੀਸਦੀ ਤਕ ਵਿਆਜ ਦੇਣਾ ਪੈ ਸਕਦਾ ਹੈ।


Related News